Smriti Mandhana: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਮੇਜ਼ਬਾਨ ਟੀਮ ਦੀ 2-1 ਨਾਲ ਜਿੱਤ ਲਈ। ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਤੀਜੇ ਟੀ-20 ਮੈਚ ’ਚ ਮਹਿਮਾਨ ਟੀਮ ਨੂੰ 60 ਦੌੜਾਂ ਨਾਲ ਹਰਾ ਕੇ ਸੀਰੀਜ਼ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਹਿਲਾ ਮੈਚ 49 ਦੌੜਾਂ ਨਾਲ ਜਿੱਤਿਆ ਸੀ ਜਦਕਿ ਵੈਸਟਇੰਡੀਜ਼ ਦੀ ਟੀਮ ਨੇ ਦੂਜਾ ਮੈਚ 9 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਡਰਾਅ ਕਰ ਲਈ ਸੀ। ਹੁਣ ਦੋਵੇਂ ਟੀਮਾਂ ਵਨਡੇ ਸੀਰੀਜ਼ ’ਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ 22 ਦਸੰਬਰ ਤੋਂ ਸ਼ੁਰੂ ਹੋਵੇਗਾ।
ਇਹ ਖਬਰ ਵੀ ਪੜ੍ਹੋ : Canada News: ਕੈਨੇਡਾ ’ਚ ਪੀਆਰ ਸਬੰਧੀ ਟਰੂਡੋ ਸਰਕਾਰ ਸਖਤ, ਐਕਸਪ੍ਰੈਸ ਐਂਟਰੀ ਲਈ ਬਣਾਏ ਇਹ ਨਿਯਮ
ਭਾਰਤ ਦੀ ਕਾਰਜਕਾਰੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਰੋਧੀ ਟੀਮ ਖਿਲਾਫ ਧਮਾਕੇਦਾਰ ਪਾਰੀ ਖੇਡਦੇ ਹੋਏ ਕਈ ਰਿਕਾਰਡ ਬਣਾਏ। ਇਸ 28 ਸਾਲਾ ਬੱਲੇਬਾਜ਼ ਨੇ 47 ਗੇਂਦਾਂ ’ਚ 13 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟਰਾਈਕ ਰੇਟ 163.82 ਰਿਹਾ। ਮੰਧਾਨਾ ਦੇ ਲਗਾਤਾਰ ਤੀਜੇ ਅਰਧ ਸੈਂਕੜੇ ਤੇ ਟੀ-20 ’ਚ ਰਿਚਾ ਘੋਸ਼ ਦੇ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਤੀਜੇ ਟੀ-20 ’ਚ ਆਪਣਾ ਸਰਵੋਤਮ ਸਕੋਰ ਬਣਾਇਆ। ਭਾਰਤ ਨੇ ਯੂਏਈ ਖਿਲਾਫ਼ ਬਣਾਏ ਪੰਜ ਵਿਕਟਾਂ ’ਤੇ 201 ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡਦਿਆਂ ਚਾਰ ਵਿਕਟਾਂ ’ਤੇ 217 ਦੌੜਾਂ ਬਣਾਈਆਂ। Smriti Mandhana
ਇਸ ਸੀਰੀਜ਼ ’ਚ ਮੰਧਾਨਾ ਨੂੰ ਲਗਾਤਾਰ ਤਿੰਨ ਮੈਚਾਂ ’ਚ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਲਈ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਦਿੱਤਾ ਗਿਆ। ਉਨ੍ਹਾਂ ਨੇ ਕੁੱਲ 193 ਦੌੜਾਂ ਬਣਾਈਆਂ। ਇਸ ਸੀਰੀਜ਼ ’ਚ ਮੰਧਾਨਾ ਨੇ ਕੁੱਲ ਛੇ ਰਿਕਾਰਡ ਬਣਾਏ। ਆਓ ਜਾਣਦੇ ਹਾਂ…
- 193 ਦੌੜਾਂ : ਸਮ੍ਰਿਤੀ ਮੰਧਾਨਾ ਨੇ ਇੱਕ ਦੁਵੱਲੀ ਟੀ-20 ਲੜੀ ’ਚ ਇੱਕ ਭਾਰਤੀ ਮਹਿਲਾ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਉਸ ਨੇ ਤਿੰਨ ਮੈਚਾਂ ’ਚ 159.50 ਦੀ ਸਟਰਾਈਕ ਰੇਟ ਨਾਲ 193 ਦੌੜਾਂ ਬਣਾਈਆਂ। ਇਸ ਦੇ ਨਾਲ ਸਲਾਮੀ ਬੱਲੇਬਾਜ਼ ਨੇ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ। ਮਿਤਾਲੀ ਨੇ ਫਰਵਰੀ 2018 ’ਚ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ’ਚ 192 ਦੌੜਾਂ ਬਣਾਈਆਂ ਸਨ।
- 763 : ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਮਹਿਲਾ ਟੀ-20 ਅੰਤਰਰਾਸ਼ਟਰੀ ’ਚ ਇੱਕ ਕੈਲੰਡਰ ਸਾਲ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਬਣ ਗਈ ਹੈ। ਉਨ੍ਹਾਂ ਨੇ ਇਸ ਸਾਲ ਖੇਡੇ ਗਏ 23 ਮੈਚਾਂ ’ਚ 763 ਦੌੜਾਂ ਬਣਾਈਆਂ ਤੇ ਇਤਿਹਾਸ ਰਚਿਆ। ਇਸ ਦੇ ਨਾਲ ਮੰਧਾਨਾ ਨੇ ਇਸ ਸਾਲ 21 ਮੈਚਾਂ ’ਚ 720 ਦੌੜਾਂ ਬਣਾਉਣ ਵਾਲੀ ਸ਼੍ਰੀਲੰਕਾ ਦੇ ਕਪਤਾਨ ਚਮਰੀ ਅਟਾਪਟਾਬ ਦਾ ਰਿਕਾਰਡ ਤੋੜਿਆ।
- ਵੈਸਟਇੰਡੀਜ਼ ਖਿਲਾਫ਼ 8 ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ : ਸਮ੍ਰਿਤੀ ਮੰਧਾਨਾ ਨੇ ਇੱਕ ਕੈਲੰਡਰ ਸਾਲ ’ਚ ਖੇਡੇ ਗਏ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਸਭ ਤੋਂ ਜ਼ਿਆਦਾ 50+ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਉਸ ਨੇ ਵੈਸਟਇੰਡੀਜ਼ ਖਿਲਾਫ ਅੱਠਵੀਂ ਵਾਰ 77 ਦੌੜਾਂ ਦੀ ਪਾਰੀ ਖੇਡੀ। ਇਸ ਮਾਮਲੇ ਵਿੱਚ ਮੰਧਾਨਾ ਨੇ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 2018 ’ਚ ਸੱਤ ਵਾਰ 50+ ਦੌੜਾਂ ਬਣਾਈਆਂ ਸਨ।
- 30 : ਮੰਧਾਨਾ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲੀ ਬੱਲੇਬਾਜ਼ ਵੀ ਬਣ ਗਈ ਹੈ। ਇਸ ਮਾਮਲੇ ’ਚ ਉਸ ਨੇ ਸੂਜ਼ੀ ਬੇਟਸ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਟੀ-20 ਮੈਚਾਂ ’ਚ 50 ਜਾਂ ਇਸ ਤੋਂ ਵੱਧ ਦੇ 29 ਸਕੋਰ ਬਣਾਏ ਹਨ।
- 77 : ਸਮ੍ਰਿਤੀ ਮੰਧਾਨਾ ਨੇ ਵੈਸਟਇੰਡੀਜ਼ ਦੇ ਖਿਲਾਫ ਮਹਿਲਾ ਟੀ-20 ਅੰਤਰਰਾਸ਼ਟਰੀ ’ਚ ਇੱਕ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਉਸਨੇ ਆਪਣੇ ਨਾਬਾਦ 74 ਦੇ ਆਪਣੇ ਸਕੋਰ ਨੂੰ ਪਾਰ ਕੀਤਾ ਜੋ ਉਸ ਨੇ ਜਨਵਰੀ 2023 ’ਚ ਈਸਟ ਲੰਡਨ ’ਚ ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਬਣਾਇਆ ਸੀ।
- 104 : ਸਮ੍ਰਿਤੀ ਮੰਧਾਨਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਇੱਕ ਕੈਲੰਡਰ ਸਾਲ ’ਚ 100 ਜਾਂ ਇਸ ਤੋਂ ਵੱਧ ਚੌਕੇ ਲਗਾਉਣ ਵਾਲੀ ਪਹਿਲੀ ਮਹਿਲਾ ਬੱਲੇਬਾਜ਼ ਬਣੀ। ਹੁਣ ਉਸ ਦੇ ਕੋਲ ਇੱਕ ਕੈਲੰਡਰ ਸਾਲ ’ਚ 104 ਛੱਕੇ ਮਾਰਨ ਦਾ ਰਿਕਾਰਡ ਹੈ। ਇਸ ਮਾਮਲੇ ’ਚ ਉਸ ਨੇ ਹੇਲੀ ਮੈਥਿਊਜ਼ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਪਿਛਲੇ ਸਾਲ 14 ਮੈਚਾਂ ’ਚ 99 ਚੌਕੇ ਜੜੇ ਸਨ।