Malerkotla Police: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੱਗੇ–ਸ਼ਹਿਰ ’ਚ ਭਰੋਸਾ ਜਗਾਉਂਦਾ ਫਲੈਗ ਮਾਰਚ ਕੱਢਿਆ
- ਸ਼ੱਕੀ ਹਲਚਲ ਦੀ ਤੁਰੰਤ ਸੂਚਨਾ ਲਈ ਹੈਲਪਲਾਈਨ 112 ’ਤੇ ਸੰਪਰਕ ਕਰਨ ਦੀ ਅਪੀਲ
ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਸ਼ਾਂਤੀਪੂਰਨ ਅਤੇ ਸੁਰੱਖਿਅਤ ਮਾਹੌਲ ਵਿੱਚ ਕਰਵਾਉਣ ਲਈ ਮਾਲੇਰਕੋਟਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਿਹਾਂ ਹਨ। ਚੋਣ ਪ੍ਰਕਿਰਿਆ ਨੂੰ ਕਿਸੇ ਵੀ ਕਿਸਮ ਦੀ ਰੁਕਾਵਟ ਤੋਂ ਬਚਾਉਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਕੋਈ ਵੀ ਹੁੱਲੜਬਾਜ਼ੀ, ਬਦਅਮਨੀ ਜਾਂ ਕਾਨੂੰਨ-ਵਿਰੁੱਧ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼ਰਾਰਤੀ ਤੱਤਾਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read Also : ਕੋਟਕਪੂਰਾ ਪੁਲਿਸ ਵੱਲੋਂ ਖੋਹ ਦੀ ਵਾਰਦਾਤ ਦਾ ਚੰਦ ਘੰਟਿਆਂ ’ਚ ਖੁਲਾਸਾ
ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ’ਚ 257 ਪੋਲਿੰਗ ਬੂਥ ਪੋਲਿੰਗ ਸਟੇਸ਼ਨ ਸਥਾਪਿਤ ਹੋਏ ਹਨ, ਜਿੱਥੇ ਪੁਲਿਸ ਟੁਕੜੀਆਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਚੋਣ ਦਿਨ ਦੌਰਾਨ ਪੂਰੀ ਚੌਕਸੀ ਤੇ ਕੜੀ ਮਾਨੀਟਰਿੰਗ ਸਿਸਟਮ ਲਾਗੂ ਰਹੇਗਾ। ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸ਼ੱਕੀ ਹਲਚਲ, ਕੋਈ ਵੀ ਤਣਾਅਪੂਰਨ ਸਥਿਤੀ ਜਾਂ ਐਮਰਜੈਂਸੀ ਦੇ ਮੌਕੇ ’ਤੇ ਹੈਲਪਲਾਈਨ 112 ’ਤੇ ਤੁਰੰਤ ਸੰਪਰਕ ਕੀਤਾ ਜਾਵੇ।
ਪ੍ਰੈਸ ਕਾਨਫਰੰਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਸ਼ਾਂਤੀ ਤੇ ਸੁਰੱਖਿਆ ਦਾ ਸੁਨੇਹਾ ਦੇਣ ਲਈ ਵਿਸ਼ੇਸ ਫਲੈਗ ਮਾਰਚ ਕੱਢਿਆ। ਇਹ ਫਲੈਗ ਮਾਰਚ ਮਾਰਚ ਡਾ. ਜਾਕਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਜੈਨ ਸਵੀਟਸ ਅਤੇ ਕਾਲਜ ਰੋਡ ਤੋਂ ਹੁੰਦਾ ਹੋਇਆ ਅੱਗੇ ਵਧਿਆ। ਇਸ ਮੌਕੇ ਐੱਸ.ਪੀ (ਐੱਚ) ਗੁਰਸ਼ਰਨਜੀਤ ਸਿੰਘ, ਐੱਸ.ਪੀ (ਡੀ) ਸਤਪਾਲ ਸ਼ਰਮਾ ਸਮੇਤ ਪੁਲਿਸ ਵਿਭਾਗ ਦੇ ਕਈ ਸੀਨੀਅਰ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਜਵਾਨ ਮੌਜ਼ੂਦ ਸਨ।
















