ਵਧੀਆ ਟੀਚਾ, ਉਦੇਸ਼ ਰੱਖ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਓ
ਜ਼ਿੰਦਗੀ ਇੱਕ ਕਲਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜਿਉਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇੱਕ ਇੱਛਾ ਰੱਖੋ। ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ ਸਕਦੇ ਹਨ ।ਕਈ ਲੋਕ ਸੋਚਦੇ ਹਨ ਕਿ ਮੈਂ ਵੱਡੀ ਗੱਡੀ ਲੈ ਲਈ ਜਾਂ ਮੈਂ ਬਹੁਤ ਜ਼ਿਆਦਾ ਜ਼ਮੀਨ ਖਰੀਦ ਲਈ ਜਾਂ ਮੈਂ ਚਾਰ ਪੰਜ ਕੋਠੀਆਂ ਬਣਾ ਲਈਆਂ ਜਾ ਮੇਰੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਪ੍ਰਾਪਰਟੀ ਹੈ । ਉਹ ਇਸੇ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਸਮਝਦੇ ਹਨ ਪਰ ਇਹ ਕਦੇ ਵੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋ ਸਕਦਾ ।ਜ਼ਿੰਦਗੀ ਵਿੱਚ ਹਰ ਇਨਸਾਨ ਦਾ ਉਦੇਸ਼ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਉਸ ਦਾ ਬਹੁਤ ਹੀ ਵਧੀਆ ਤੇ ਉੱਚਾ ਟੀਚਾ ਹੋਵੇ। ਹਰ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਦਿਨ ਨੂੰ ਵਧੀਆ ਜੀਓ ।
ਜ਼ਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ । ਕਦੇ ਵੀ ਉਦਾਸ ਨਾ ਹੋਵੋ। ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗਲਤੀ ਸੀ ਜਿਹੜੀ ਸਾਨੂੰ ਆਪਣੇ ਟੀਚੇ ’ਤੇ ਨਹੀਂ ਪਹੁੰਚਾ ਸਕੀ ।ਫਿਰ ਸੰਘਰਸ਼ ਕਰੋ। ਫਿਰ ਸਫ਼ਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀ। ਮਿਹਨਤ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਹਰ ਇੱਕ ਕੰਮ ਵਿੱਚ ਅਸਫ਼ਲਤਾ ਜ਼ਰੂਰ ਮਿਲਦੀ ਹੈ ਕਦੇ ਵੀ ਨਾ ਘਬਰਾਓ ।
ਅਸਫਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਜ਼ਿੰਦਗੀ ਵਿੱਚ ਚਾਹੇ ਕੋਈ ਵੀ ਸੁਫ਼ਨਾ ਹੋਵੇ ਜਿਵੇਂ ਸਿਵਲ ਅਧਿਕਾਰੀ ਬਣਨਾ, ਪਾਇਲਟ ਜਾਂ ਆਰਮੀ ’ਚ ਜਾਣਾ ਪਹਿਲੀ ਵਾਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਚੋਣ ਹੋ ਜਾਵੇ। ਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂ। ਗਲਤੀਆਂ ਨੂੰ ਦੇਖੋ ਦੁਬਾਰਾ ਤਿਆਰੀ ਕਰੋ। ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ। ਦਰੱਖਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੱਤਝੜ ਵਿੱਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ ।ਅਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ।
ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ । ਕਿੰਨੀਆਂ ਹੀ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਹਨ। ਅਬਰਾਹਿਮ ਲੰਿਕਨ ,ਐਡੀਸ਼ਨ ਜਿਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੌਸ਼ਨ ਕੀਤਾ। ਹਾਲ ਹੀ ਵਿੱਚ ਬਾਰ੍ਹਾਂ ਸਾਲ ਦੀ ਕਾਮਿਆਂ ਜਿਸ ਨੇ ਦੱਖਣੀ ਅਮਰੀਕਾ ਦੀ ਚੋਟੀ ਸਰ ਕੀਤੀ ,ਦੁਨੀਆਂ ਵਿੱਚ ਉਸ ਨੇ ਆਪਣਾ ਨਾਮ ਕਮਾਇਆ। ਕੇਰਲਾ ਦੀ ਇੱਕ ਸੌ ਪੰਜ ਸਾਲਾਂ ਦੀ ਭਾਗੀਰਥੀ ਅੰਮਾਂ ਨੇ ਦਰਜਾ ਚਾਰ ਦਾ ਪੇਪਰ ਪਾਸ ਕਰਕੇ ਨੌਕਰੀ ਹਾਸਲ ਕੀਤੀ ।ਭਾਗੀਰਥੀ ਅੰਮਾ ਦਾ ਜੀਵਨ ਬਹੁਤ ਹੀ ਗਰੀਬੀ ਵਿੱਚ ਬੀਤਿਆ ਸੀ।ਉਸ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ ਇਹੋ ਜਿਹੀਆਂ ਉਦਾਹਰਨਾਂ ਹੀ ਸਾਨੂੰ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋ।
ਲੋਕਾਂ ਨੂੰ ਆਪਣਾ ਕੰਮ ਕਰਨ ਦਿਓ। ਤੁਸੀਂ ਆਪਣੀ ਮਿਹਨਤ ਕਰਦੇ ਰਹੋ। ਸਫਲ ਹੋਏ ਵਿਅਕਤੀਆਂ ਦੀ ਜੀਵਨੀ ਪੜ੍ਹੋ ਕਿ ਉਨ੍ਹਾਂ ਨੇ ਸਫਲਤਾ ਕਿਵੇਂ ਹਾਸਲ ਕੀਤੀ ।ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ।ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ।ਹਮੇਸ਼ਾ ਰੱਬ ਦਾ ਸ਼ੁਕਰ ਕਰੋ ਜਿੱਥੇ ਹੋ ਸਕੇ ਜਾਂ ਮੌਕਾ ਮਿਲੇ ਆਪਣੇ ਗੁਣਾਂ ਨੂੰ ਦੂਜਿਆਂ ਸਾਹਮਣੇ ਰੱਖੋ । ਆਪਣੀ ਕਾਬਲੀਅਤ ਨੂੰ ਪੇਸ਼ ਕਰੋ।ਜਦੋਂ ਤੁਸੀਂ ਟੀਚੇ ’ਤੇ ਪੁੱਜ ਜਾਂਦੇ ਹੋ ਉਹੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ ।
ਕਦੇ ਵੀ ਝੂਠ ਦਾ ਸਹਾਰਾ ਨਾ ਲਵੋ ।ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਵੇਗਾ ।ਆਪਣੇ ਮਨਚਾਹੇ ਟੀਚੇ ਤੱਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ ।ਕਾਰਾਂ ਕੋਠੀਆਂ ਬੰਗਲੇ ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ੰਿਦਗੀ ਵਿੱਚ ਆਪਣਾ ਉਦੇਸ਼ ਹਾਸਲ ਕਰ ਲਿਆ, ਉਹੀ ਤਰੱਕੀ ਹੈ ।ਜਦ ਵੀ ਮਾੜਾ ਸਮਾਂ ਆਉਂਦਾ ਡੋਲੋ ਨਾ ।ਕਈ ਵਾਰ ਕਹਿੰਦੇ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਲੋਕਾਂ ਦਾ ਕੰਮ ਭੌਂਕਣਾ ਹੈ।ਤੁਸੀਂ ਆਪਣਾ ਕੰਮ ਕਰਦੇ ਰਹੋ ।ਤਾਂ ਹੀ ਤੁਸੀਂ ਵਧੀਆ ਟੀਚਾ ਹਾਸਿਲ ਕਰਦੇ ਰਹੋਗੇ ।ਇਹੀ ਜ਼ਿੰਦਗੀ ਦਾ ਨਿਚੋੜ ਹੈ, ਤਾਂ ਹੀ ਜ਼ੰਿਦਗੀ ਖ਼ੂਬਸੂਰਤ ਬਣ ਸਕਦੀ ਹੈ ।
ਸੰਜੀਵ ਸਿੰਘ ਸੈਣੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.