ਚੋਣ ਤੰਤਰ ਦੀ ਵੱਡੀ ਕਮਜ਼ੋਰੀ

Electoral System

ਲੋਕ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਹੈ। ਇਸ ਵਾਰ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਪਾਰਟੀਆਂ ਨੂੰ ਸਭ ਤੋਂ ਵੱਧ ਜ਼ੋਰ ਉਮੀਦਵਾਰ ਲੱਭਣ ’ਤੇ ਲਾਉਣਾ ਪੈ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਧੜਾਧੜ ਸ਼ਾਮਲ ਕਰਕੇ ਟਿਕਟਾਂ ਵੀ ਨਾਲ ਦੀ ਨਾਲ ਫੜਾ ਦਿੱਤੀਆਂ ਗਈਆਂ ਹਨ। ਆਮ ਬੰਦਾ ਵੀ ਇਹ ਗੱਲ ਬੜੀ ਅਸਾਨੀ ਨਾਲ ਕਹਿ ਦਿੰਦਾ ਹੈ ਕਿ ਜਿਸ ਆਗੂ ਨੇ ਪਾਰਟੀ ਬਦਲੀ ਹੈ ਉਸ ਦੀ ਟਿਕਟ ਵੀ ਪੱਕੀ ਹੈ। ਮੀਡੀਆ ਟਿਕਟ ਮਿਲਣ ਦੇ ਆਸਾਰ ਲਿਖਦਾ ਹੈ ਅਤੇ ਅਗਲੇ ਦਿਨ ਹਕੀਕਤ ’ਚ ਟਿਕਟ ਮਿਲ ਵੀ ਜਾਂਦੀ ਹੈ।

ਇਸੇ ਤਰ੍ਹਾਂ ਪਾਰਟੀਆਂ ਟਿਕਟਾਂ ਵੀ ਇੱਕ-ਦੂਜੇ ਨੂੰ ਵੇਖ-ਵੇਖ ਕੇ ਅਤੇ ਸੋਚ-ਸੋਚ ਕੇ ਦੇ ਰਹੀਆਂ ਹਨ। ਜੇਕਰ ਦਮਦਾਰ ਲੀਡਰ ਹੋਵੇ ਤਾਂ ਉਡੀਕ ਕਰਨ ਦੀ ਜ਼ਰੂਰਤ ਹੀ ਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਵੱਖ-ਵੱਖ ਪਾਰਟੀਆਂ ਕੋਲ ਸੈਂਕੜੇ ਛੋਟੇ -ਵੱਡੇ ਲੀਡਰ ਹਨ ਪਰ ਕਾਬਲ ਇੱਕ ਉਮੀਦਵਾਰ ਨਹੀਂ ਹੈ। ਅਸਲ ’ਚ ਪਾਰਟੀਆਂ ਮੁਤਾਬਿਕ ਆਗੂ ਦੀ ਯੋਗਤਾ ਸਿਰਫ਼ ਜਿੱਤਣਾ ਹੀ ਹੈ। ਜਿੱਤਣ ਦੀ ਹੋੜ ’ਚ ਸਿਧਾਂਤ ਨਜ਼ਰਅੰਦਾਜ਼ ਹੋ ਜਾਂਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਾਜਨੀਤੀ ’ਚ ਕਮੀ ਹੈ।

Electoral System

ਜਿੱਤ-ਹਾਰ ਰਾਜਨੀਤੀ ਦਾ ਅੰਗ ਹੋਣਾ ਚਾਹੀਦਾ ਹੈ, ਉਦੇਸ਼ ਨਹੀਂ। ਰਾਜਨੀਤੀ ਮੁੱਖ ਤੌਰ ’ਤੇ ਜਿੱਤ-ਹਾਰ ਤੋਂ ਉੱਪਰ ਹੁੰਦੀ ਹੈ।ਪਾਰਟੀਆਂ ਨੂੰ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਆਪਣੇ ਹੀ ਆਗੂਆਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਬੜੀ ਚੰਗੀ ਗੱਲ ਹੈ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਪਰ ਲੋਕਤੰਤਰ ਦੇ ਸਿਧਾਂਤ ਵੀ ਵਧਣੇ-ਫੁੱਲਣੇ ਜ਼ਰੂਰੀ ਹਨ। ਅਸਲ ’ਚ ਲੋਕਤੰਤਰ ਨੂੰ ਸਿਰਫ਼ ਚੋਣਤੰਤਰ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਚੋਣਾਂ ਲੋਕਤੰਤਰ ਦਾ ਸਾਧਨ ਹਨ, ਉਦੇਸ਼ ਨਹੀਂ।

ਅਸੂਲਾਂ ਨੂੰ ਛੱਡ ਕੇ ਚੋਣ ਜਿੱਤਣ ਦੀ ਸਮਰੱਥਾ ਲੋਕਤੰਤਰ ਦੀ ਚਾਦਰ ਨੂੰ ਦਾਗੀ ਕਰਦੀ ਹੈ। ਲੋਕਤੰਤਰ ਅਸੂਲ ਨਾਲ ਹੀ ਕਾਇਮ ਰਹਿ ਸਕਦਾ ਹੈ। ਰਾਜਨੀਤਕ ਆਦਰਸ਼ਾਂ ਦੀ ਸਥਾਪਨਾ ਪਾਰਟੀਆਂ ਦਾ ਬੁਨਿਆਦ ਹੋਣੀ ਚਾਹੀਦੀ ਹੈ। ਹੋਣਾ ਤਾਂ ਇਹ ਵੀ ਚਾਹੀਦਾ ਹੈ ਕਿ ਪਾਰਟੀਆਂ ਆਪਣੇ ਗੁਣਵਾਨ ਆਗੂਆਂ ਨੂੰ ਵੀ ਟਿਕਟ ਦੇਣ ਲਈ ਪਾਰਟੀ ਵਰਕਰਾਂ ਦੀ ਰਾਇ ਲੈਣ। ਉਮੀਦਵਾਰ ਪਾਰਟੀ ਦਾ ਸਨਮਾਨ ਤੇ ਵੱਕਾਰ ਬਣੇ। ਉਮੀਦਵਾਰੀ ਦਾ ਤਾਜ਼ ਗੁਣਵਾਣ ਸਿਰ ਹੀ ਹੋਵੇ।

Also Read : ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨ ਲਾਈਨਾਂ ’ਤੇ ਡਟੇ, ਰੇਲ ਗੱਡੀਆਂ ਦਾ ਕੀਤਾ ਚੱਕਾ ਜਾਮ