ਕੌਮੀ ਖੇਡ ਦਿਹਾੜੇ ’ਤੇ ਵਿਸ਼ੇਸ਼ | Major Dhyan Chand
Major Dhyan Chand: 29 ਅਗਸਤ ਨੂੰ, ਹਰ ਸਾਲ ਭਾਰਤ ਵਿੱਚ ‘ਕੌਮੀ ਖੇਡ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੁੰਦਾ ਹੈ। ਇਨ੍ਹਾਂ ਨੂੰ ‘ਦ ਵਿਜ਼ਰਡ’ ਜਾਂ ‘ਦ ਮੈਜਿਸ਼ੀਅਨ’ ਦੇ ਉਪਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਹਿਲੀ ਵਾਰ ਕੌਮੀ ਖੇਡ ਦਿਵਸ ਭਾਰਤ ਵਿੱਚ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ (ਹੁਣ ਪਰਿਆਗਰਾਜ) ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ਸਮੇਸ਼ਵਰ ਸਿੰਘ, ਜੋ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸੂਬੇਦਾਰ ਸਨ, ਜੋ ਹਾਕੀ ਦੇ ਖਿਡਾਰੀ ਸਨ।
ਇਹ ਖਬਰ ਵੀ ਪੜ੍ਹੋ : Welfare: ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣਿਆਂ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਹਟਾਇਆ
ਮਾਤਾ ਦਾ ਨਾਂਅ ਸ਼ਾਰਧਾ ਸਿੰਘ ਸੀ ਅਤੇ ਇਨ੍ਹਾਂ ਦੇ ਭਰਾ ਮੂਲ ਸਿੰਘ ਤੇ ਰੂਪ ਸਿੰਘ ਸਨ। ਰੂਪ ਸਿੰਘ ਵੀ ਹਾਕੀ ਦੇ ਵਧੀਆ ਖਿਡਾਰੀ ਸਨ। ਇਨ੍ਹਾਂ ਨੂੰ ਹਾਕੀ ਦੀ ਖੇਡ ਵਿਰਸੇ ਵਿੱਚੋਂ ਮਿਲੀ ਸੀ। 1922 ਵਿੱਚ ਧਿਆਨ ਸਿੰਘ 16 ਸਾਲ ਦੀ ਉਮਰ ਵਿੱਚ 14ਵੀਂ ਪੰਜਾਬ ਰੈਜੀਮੈਂਟ ਵਿੱਚ 1922 ਸਿਪਾਹੀ ਭਰਤੀ ਹੋ ਗਏ। ਫਿਰ ਇਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ ਤਾਂ ਇਹ ਹਾਕੀ ਦੇ ਦੀਵਾਨੇ ਹੋ ਗਏ। ਸੂਬੇਦਾਰ ਭੋਲੇ ਤਿਵਾੜੀ ਨੇ ਇਨ੍ਹਾਂ ਨੂੰ ਹਾਕੀ ਦੇ ਮੁੱਢਲੇ ਗੁਰ ਸਿਖਾਏ। ਪੰਕਜ ਗੁਪਤਾ, ਧਿਆਨ ਸਿੰਘ ਦੇ ਪਹਿਲੇ ਕੋਚ ਬਣੇ। ਇੱਕ ਦਿਨ ਕੋਚ ਪੰਕਜ ਗੁਪਤਾ ਨੇ ਧਿਆਨ ਸਿੰਘ ਨੂੰ ਚੰਨ ਚਾਨਣੀ ਰਾਤ ਵਿੱਚ ਹਾਕੀ ਖੇਡਣ ਦਾ ਅਭਿਆਸ ਕਰਦੇ ਹੋਏ ਦੇਖ ਕੇ ਕਿਹਾ ਸੀ ਕਿ ਇਹ ਇੱਕ ਦਿਨ ਪੂਰੀ ਦੁਨੀਆਂ ਵਿੱਚ ਚੰਨ ਵਾਂਗ ਚਮਕੇਗਾ। ਉਸਦੇ ਸਾਥੀ ਵੀ ਉਸ ਨੂੰ ਧਿਆਨ ਚੰਦ ਕਹਿਣ ਲੱਗੇ। Major Dhyan Chand
ਇਸ ਤਰ੍ਹਾਂ ਉਸਦਾ ਨਾਂਅ ਧਿਆਨ ਸਿੰਘ ਤੋਂ ਧਿਆਨ ਚੰਦ ਪੈ ਗਿਆ। 13 ਮਈ 1926 ਨੂੰ ਧਿਆਨ ਚੰਦ ਨੇ ਨਿਊਜ਼ੀਲੈਂਡ ਵਿਖੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇੱਕ ਮੈਚ ਵਿੱਚ ਭਾਰਤੀ ਟੀਮ ਨੇ 20 ਗੋਲ ਕੀਤੇ, 10 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ। ਇਸ ਟੂਰਨਾਮੈਂਟ ਵਿੱਚ ਭਾਰਤ ਨੇ 21 ਮੈਚ ਖੇਡੇ ਜਿਸ ਵਿਚ ਭਾਰਤ ਜੇਤੂ ਰਿਹਾ। ਇਨ੍ਹਾਂ ਮੈਚਾਂ ਵਿੱਚ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ 192 ਗੋਲ ਕੀਤੇ, ਜਿਸ ਵਿੱਚ 100 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ। ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡ ਵਿਰੁੱਧ ਸੀ। ਉਸ ਵਿੱਚ ਧਿਆਨ ਚੰਦ ਨੇ 2 ਗੋਲ ਕੀਤੇ ਤੇ ਭਾਰਤ 3-0 ਗੋਲਾਂ ਨਾਲ ਗੋਲਡ ਮੈਡਲ ਜਿੱਤ ਗਿਆ। Major Dhyan Chand
ਨੀਦਰਲੈਂਡ ਦੇ ਅਧਿਕਾਰੀਆਂ ਨੇ ਧਿਆਨ ਚੰਦ ਦੀ ਹਾਕੀ ਦੀ ਪੂਰੀ ਪਰਖ ਕੀਤੀ ਕਿ ਇਸ ਵਿੱਚ ਚੁੰਬਕ ਤਾਂ ਨਹੀਂ ਪਾਇਆ ਹੋਇਆ! ਇਸ ਜਿੱਤ ਤੋਂ ਬਾਅਦ ਧਿਆਨ ਚੰਦ ਨੂੰ ਫ਼ੌਜ ਵਿੱਚ ਲਾਂਸ ਨਾਇਕ ਬਣਾ ਦਿੱਤਾ ਗਿਆ। 1927 ਵਿੱਚ ਲੰਡਨ ਵਿਖੇ ਹੋਏ ਮੈਚ ਵਿੱਚ ਭਾਰਤੀ ਟੀਮ ਨੇ 10 ਮੈਚਾਂ ਵਿੱਚ 72 ਗੋਲ ਕੀਤੇ ਇਸ ਮੈਚ ਧਿਆਨ ਚੰਦ ਨੇ 36 ਗੋਲ ਕੀਤੇ। ਧਿਆਨ ਚੰਦ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੋ ਗਈ। ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਨੇ ਧਿਆਨ ਚੰਦ ਨੂੰ ਮੈਚ ਖੇਡਦੇ ਹੋਏ ਦੇਖਿਆ ਤਾਂ ਉਸ ਤੋਂ ਬਾਅਦ ਉਸ ਨੇ ਧਿਆਨ ਚੰਦ ਨੂੰ ਕਿਹਾ, ਕਿ ਮੈਂ ਤੈਨੂੰ ਵਧੀਆ ਖਿਡਾਰੀ ਤਾਂ ਮੰਨਾਂਗੀ ਜੇਕਰ ਤੂੰ ਮੇਰੀ ਇਸ ਛਤਰੀ ਦੀ ਸਟਿੱਕ ਨਾਲ਼ ਮੈਚ ਖੇਡ ਕੇ ਦਿਖਾਵੇਂ।
ਧਿਆਨ ਚੰਦ ਨੇ ਮਹਾਰਾਣੀ ਦਾ ਚੈਲੇਂਜ ਕਬੂਲ ਕੀਤਾ ਅਤੇ ਛਤਰੀ ਦੀ ਸਟਿੱਕ ਨਾਲ ਮੈਚ ਖੇਡਦਿਆਂ ਉਨ੍ਹਾਂ ਨੇ ਦੋ ਗੋਲ ਕੀਤੇ। ਮਹਾਰਾਣੀ ਐਲੀਜ਼ਾਬੇਥ ਧਿਆਨ ਚੰਦ ਦੀ ਹਾਕੀ ਖੇਡਣ ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੋਈ। ਇੰਗਲੈਂਡ ਦੇ ਮੀਡੀਆ ਨੇ ਧਿਆਨ ਚੰਦ ਨੂੰ ‘ਹਾਕੀ ਦਾ ਜਾਦੂਗਰ’ ਕਹਿਣਾ ਸ਼ੁਰੂ ਕੀਤਾ। 1932 ਦੀਆਂ ਲਾਂਸ ਏਂਜਲਸ, ਅਮਰੀਕਾ ਦੀਆਂ ਓਲੰਪਿਕ ਖੇਡਾਂ ਵਿੱਚ ਕੇਵਲ ਤਿੰਨ ਟੀਮਾਂ ਭਾਰਤ, ਜਾਪਾਨ ਤੇ ਮੇਜ਼ਬਾਨ ਅਮਰੀਕਾ ਨੇ ਭਾਗ ਲਿਆ। ਉਸ ਸਮੇਂ ਦੁਨੀਆਂ ਵਿੱਚ ਆਰਥਿਕ ਮੰਦੀ ਦਾ ਦੌਰ ਸੀ। ਭਾਰਤ ਦੀ ਟੀਮ ਨੇ ਜਪਾਨ ਨੂੰ 11-1 ਤੇ ਅਮਰੀਕਾ ਨੂੰ 24-1 ਗੋਲਾਂ ਨਾਲ਼ ਹਰਾਇਆ ਸੀ। 24 ਗੋਲਾਂ ਵਿਚੋਂ 10 ਗੋਲ ਰੂਪ ਸਿੰਘ ਨੇ ਤੇ 8 ਗੋਲ ਧਿਆਨ ਚੰਦ ਨੇ ਕੀਤੇ ਸਨ। ਭਾਰਤ ਦੇ ਕੁੱਲ 35 ਗੋਲਾਂ ’ਚੋਂ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ ਨੇ 25 ਗੋਲ ਕੀਤੇ।
ਖੇਡਾਂ ਤੋਂ ਵਾਪਸੀ ਉਪਰੰਤ ਫ਼ੌਜ ਵੱਲੋਂ ਧਿਆਨ ਚੰਦ ਨੂੰ ਲਾਂਸ ਨਾਇਕ ਤੋਂ ਨਾਇਕ ਬਣਾ ਦਿੱਤਾ ਗਿਆ। 1936 ਬਰਲਿਨ, ਜਰਮਨੀ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਅਭਿਆਸ ਮੈਚ ਵਿੱਚ ਜਰਮਨ ਨੇ ਭਾਰਤੀ ਹਾਕੀ ਟੀਮ ਨੂੰ ਹਰਾ ਦਿੱਤਾ ਸੀ। ਜਰਮਨ ਹਾਕੀ ਟੀਮ ਦੇ ਹੌਂਸਲੇ ਬੁਲੰਦ ਹੋ ਗਏ ਸਨ। ਜਰਮਨੀ ਦੇ ਸ਼ਾਸਕ ਹਿਟਲਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਹਾਕੀ ਦਾ ਮੈਚ ਦੇਖਣ ਲਈ ਸਾਰੇ ਲੋਕਾਂ ਦਾ ਸਟੇਡੀਅਮ ਵਿੱਚ ਪਹੁੰਚਣਾ ਲਾਜ਼ਮੀ ਹੈ। ਉਹ ਜਰਮਨ ਟੀਮ ਨੂੰ ਜਿੱਤਦਾ ਹੋਏ ਵੇਖਣਾ ਚਾਹੁੰਦਾ ਸੀ। 14 ਅਗਸਤ 1936 ਨੂੰ ਸਟੇਡੀਅਮ ਦੇ ਗਰਾਊਂਡ ਵਿੱਚ ਮੀਂਹ ਪੈਣ ਕਾਰਨ ਪਾਣੀ ਭਰ ਗਿਆ। Major Dhyan Chand
15 ਅਗਸਤ 1936 ਨੂੰ ਹਾਕੀ ਦੇ ਗਰਾਊਂਡ ਵਿੱਚ ਜਰਮਨ ਅਤੇ ਭਾਰਤੀ ਟੀਮ ਦਾ ਮੁਕਾਬਲਾ ਹੋਣਾ ਸੀ ਮੇਜਰ ਧਿਆਨ ਚੰਦ ਨੇ ਆਪਣੀ ਹਾਕੀ ਦੀ ਟੀਮ ਨੂੰ ਹੌਂਸਲਾ ਦਿੱਤਾ ਉਹ ਹਾਫ ਟਾਈਮ ਤੋਂ ਬਾਅਦ ਆਪਣੇ ਬੂਟ ਉਤਾਰ ਨੰਗੇ ਪੈਰ ਮੈਚ ਖੇਡਿਆ। ਫਾਈਨਲ ਮੈਚ ਵਿੱਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਗੋਲਡ ਮੈਡਲਾਂ ਦਾ ਹੈਟ੍ਰਿਕ ਮਾਰਿਆ। ਧਿਆਨ ਚੰਦ ਨੇ ਫਾਈਨਲ ਮੈਚ ਵਿੱਚ 3 ਗੋਲ ਕੀਤੇ। ਜਿਸ ਦੀ ਬਦੌਲਤ ਭਾਰਤੀ ਹਾਕੀ ਟੀਮ ਜਰਮਨ ਦੀ ਟੀਮ ਤੋਂ ਜਿੱਤ ਗਈ। ਜਰਮਨ ਦੀ ਟੀਮ ਨੂੰ ਹਾਰਦਾ ਹੋਏ ਵੇਖਦਿਆਂ ਹਿਟਲਰ ਮੈਚ ਛੱਡ ਕੇ ਚਲਾ ਗਿਆ ਸੀ। ਹਿਟਲਰ ਨੇ ਖੁਦ ਧਿਆਨ ਚੰਦ ਨੂੰ ਜਰਮਨ ਫੌਜ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਭਾਰਤ ਵਿੱਚ ਹੀ ਰਹਿਣਾ ਪਸੰਦ ਕੀਤਾ। Major Dhyan Chand
ਧਿਆਨ ਚੰਦ ਦੀ ਹਾਕੀ ਸਟਿੱਕ ਨੂੰ ਅਕਸਰ ‘ਜਾਦੂਈ’ ਕਿਹਾ ਜਾਂਦਾ ਸੀ, ਅਤੇ ਇੱਕ ਵਾਰ ਉਨ੍ਹਾਂ ਦੀ ਸਟਿੱਕ ਨੂੰ ਜਰਮਨੀ ਵਿੱਚ ਜਾਂਚ ਲਈ ਤੋੜਿਆ ਗਿਆ ਸੀ, ਕਿਉਂਕਿ ਲੋਕ ਸੋਚਦੇ ਸਨ ਕਿ ਇਸ ਵਿੱਚ ਕੋਈ ਜਾਦੂ ਹੈ। ਧਿਆਨ ਚੰਦ ਤਿੰਨਾਂ ਓਲੰਪਿਕਸ ਵਿੱਚ 12 ਮੈਚ ਖੇਡਿਆ ਉਸਨੇ 33 ਗੋਲ ਕਰ ਕੇ ਦੁਨੀਆਂ ਭਰ ਵਿੱਚ ਹਾਕੀ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਭਾਰਤ ਨੂੰ ਸੰਨ 1928, 1932 ਅਤੇ 1936 ਦੀਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਕੈਰੀਅਰ ਦੇ 185 ਮੈਚਾਂ ਵਿੱਚ 570 ਤੋਂ ਵੱਧ ਗੋਲ਼ ਕੀਤੇ। ਉਨ੍ਹਾਂ ਨੇ 1926 ਤੋਂ 1949 ਤੱਕ ਅੰਤਰਰਾਸ਼ਟਰੀ ਹਾਕੀ ਖੇਡੀ।
ਉਹ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦੇ ਨਾਇਕ ਸਨ। ਉਨ੍ਹਾਂ ਦੀ ਸਵੈਜੀਵਨੀ ਦਾ ਨਾਂਅ ਵੀ ‘ਗੋਲ’ ਹੈ ਜੋ ਅੰਗਰੇਜ਼ੀ ਤੇ ਹਿੰਦੀ ’ਚ ਛਪੀ ਹੈ।29 ਅਗਸਤ, 1956 ਨੂੰ ਧਿਆਨ ਚੰਦ ਫ਼ੌਜ ਤੋਂ ਸੇਵਾਮੁਕਤ ਹੋ ਗਏ ਤੇ ਉਸੇ ਸਾਲ ਹੀ ਭਾਰਤ ਸਰਕਾਰ ਨੇ ਮੇਜਰ ਧਿਆਨ ਚੰਦ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਤ ਕਰ ਦਿੱਤਾ। ਸੇਵਾ-ਮੁਕਤੀ ਮਗਰੋਂ ਉਨ੍ਹਾਂ ਨੇ ਬਤੌਰ ਕੋਚ ਪਹਿਲਾਂ ਰਾਜਸਥਾਨ ਵਿੱਚ ਤੇ ਫਿਰ ਨੇਤਾ ਜੀ ਸ਼ੁਭਾਸ ਇੰਸਟੀਚਿਊਟ ਆਫ਼ ਸਪੋਰਟਸ (ਐਨਆਈਐੱਸ ਪਟਿਆਲਾ) ਵਿਖੇ ਸੇਵਾ ਨਿਭਾਈ। ਉਮਰ ਦੇ ਆਖ਼ਰੀ ਦਿਨ ਉਨ੍ਹਾਂ ਨੇ ਤੰਗੀ-ਤੁਰਸ਼ੀ ਵਿੱਚ ਕੱਟੇ। ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋ ਗਿਆ ਸੀ। Major Dhyan Chand
ਉਹ 3 ਦਸੰਬਰ 1979 ਨੂੰ ਏਮਜ਼ ਦਿੱਲੀ ਵਿੱਚ 74 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਫ਼ਾਨੀ ਹੋ ਗਏ। ਉਨ੍ਹਾਂ ਦੇ ਸਨਮਾਨ ਵਿੱਚ, ਦਿੱਲੀ ਵਿੱਚ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਖੇਡ ਰਤਨ ਪੁਰਸਕਾਰ ਦੇਸ਼ ਵਿਚ ਧਿਆਨ ਚੰਦ ਦੇ ਨਾਂਅ ’ਤੇ ਦਿੱਤਾ ਜਾਂਦਾ ਹੈ। ਪਹਿਲਾਂ ਇਸ ਦਾ ਨਾਂਅ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਸੀ। ਇਨ੍ਹਾਂ ਦਾ ਬੁੱਤ ਗਵਾਲੀਅਰ ਦੀ ਇੱਕ ਪਹਾੜੀ ’ਤੇ ਸਥਾਪਿਤ ਕੀਤਾ ਗਿਆ ਤੇ 1980 ਵਿੱਚ ਧਿਆਨ ਚੰਦ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ। Major Dhyan Chand
ਮੇਜਰ ਧਿਆਨ ਚੰਦ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਇਸ ਦਿਨ ਚੇਤੇ ਕੀਤਾ ਜਾਂਦਾ ਹੈ ਅਤੇ ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਕਰਨ ਵਾਲੇ ਚੋਟੀ ਦੇ ਭਾਰਤੀ ਖਿਡਾਰੀਆਂ ਨੂੰ ‘ਖੇਡ ਰਤਨ’ ਤੇ ‘ਅਰਜਨ ਐਵਾਰਡ’ ਅਤੇ ਖਿਡਾਰੀਆਂ ਦਾ ਸਫ਼ਲ ਮਾਰਗ ਦਰਸ਼ਨ ਕਰਨ ਵਾਲੇ ਕੋਚਾਂ ਨੂੰ ‘ਦ੍ਰੋਣਾਚਾਰੀਆ ਐਵਾਰਡ’ ਅਤੇ ਕੌਮੀ ਪੱਧਰ ਦੇ ਸਨਮਾਨ ਵੀ ਮਾਣਯੋਗ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਖੇਡ ਸੰਸਥਾਵਾਂ, ਖੇਡ ਪ੍ਰੇਮੀਆਂ ਵੱਲੋਂ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ‘ਕੌਮੀ ਖੇਡ ਦਿਹਾੜੇ’ ਵਜੋਂ ਬੜੇ ਧੂਮ-ਧਾਮ ਅਤੇ ਉਤਸ਼ਾਹ ਨਾਲ਼ ਮਨਾਇਆ ਜਾਂਦਾ ਹੈ।
ਮੋ. 81460-00612
ਕੁਲਦੀਪ ਸਿੰਘ ਫਤਿਹ ਮਾਜਰੀ