ਜਾਣੋ, ਜੰਮੂ ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ ਬਾਰੇ, ਉਨ੍ਹਾਂ ਦੇ ਪਡ਼ਦਾਦੇ ਨੇ ਮਾਤਰ 75 ਲੱਖ ਰੁਪਏ ‘ਚ ਖਰੀਦਿਆ ਸੀ ਜੰਮੂ-ਕਸ਼ਮੀਰ

Maharaja Hari Singh

ਜੰਮੂ-ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ 

ਜੰਮੂ-ਕਸ਼ਮੀਰ। ਅੱਜ-ਕੱਲ ਜੰਮੂ ਕਸ਼ਮੀਰ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰ ਪਾਸੇ ਜੰਮੂ ਕਸ਼ਮੀਰ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਜੰਮੂ-ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ (Maharaja Hari Singh) ਬਾਰੇ ਜਿਨ੍ਹਾਂ ਨੇ ਜੰਮੂ ਕਸ਼ਮੀਰ ਲਈ ਬਹੁਤ ਸਾਰੇ ਸ਼ਲਾਘਾਯੋਗ ਕੰਮ ਕੀਤੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਕਸ਼ਮੀਰ ਦਾ ਰਾਜਾ ਬਣਨ ਸਬੰਧੀ।

ਗੁਲਾਬ ਸਿੰਘ ਅਤੇ ਰਣਬੀਰ ਸਿੰਘ ਤੋਂ ਬਾਅਦ ਜੰਮੂ-ਕਸ਼ਮੀਰ ਦੀ ਗੱਦੀ ‘ਤੇ ਬੈਠੇ ਮਹਾਰਾਜਾ ਪ੍ਰਤਾਪ ਸਿੰਘ ਦਾ ਭਤੀਜਾ ਸੀ ਅਤੇ ਉਸਦਾ ਚਾਚਾ ਨਹੀਂ ਚਾਹੁੰਦਾ ਸੀ ਕਿ ਉਸਨੂੰ ਉਸਦਾ ਉੱਤਰਾਧਿਕਾਰੀ ਬਣਾਇਆ ਜਾਵੇ, ਪਰ ਅੰਗਰੇਜ਼ਾਂ ਨੇ ਉਸਦੇ ਭਰਾ ਅਮਰ ਸਿੰਘ ਦੀ ਮੌਤ ਤੋਂ ਬਾਅਦ ਹਰੀ ਸਿੰਘ ਨੂੰ ਸ਼ਾਸਕ ਦੇ ਰੂਪ ’ਚ ਤਿਆਰ ਕੀਤਾ ਸੀ। ਜੰਮੂ-ਕਸ਼ਮੀਰ ਦਾ ਆਖਰੀ ਰਾਜਾ ਹਰੀ ਸਿੰਘ ਕਈ ਤਰੀਕਿਆਂ ਨਾਲ ਦੂਜੇ ਰਾਜਿਆਂ ਨਾਲੋਂ ਵੱਖਰਾ ਸੀ। ਉਨ੍ਹਾਂ ਦੀ ਤਾਜਪੋਸ਼ੀ ਵੀ ਬੜੀ ਧੂਮ-ਧਾਮ ਨਾਲ ਹੋਈ। ਇਸ ਦੀ ਫਿਲਮ ਬਣਾਉਣ ਲਈ ਫਿਲਮ ਸਿਨੇਮੈਟੋਗ੍ਰਾਫਰ ਕਾਉਲਿੰਗ ਨੂੰ ਅਮਰੀਕਾ ਤੋਂ ਬੁਲਾਇਆ ਗਿਆ ਸੀ। ਗੱਦੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਜਨਮ ਅਤੇ ਮਾਤਾ ਪਿਤਾ ਤੇ ਪਡ਼੍ਹਾਈ ( Maharaja Hari Singh)

ਜੰਮੂ ਅਤੇ ਕਸ਼ਮੀਰ ਦੀ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰੀ ਸਿੰਘ, ਦਾ ਜਨਮ 23 ਸਤੰਬਰ 1895 ਨੂੰ ਜੰਮੂ ਵਿੱਚ ਹੋਇਆ ਸੀ। ਮਹਾਰਾਜਾ ਹਰੀ ਸਿੰਘ ਦੇ ਪਿਤਾ ਦਾ ਨਾਂਅ ਅਮਰ ਸਿੰਘ ਅਤੇ ਮਾਤਾ ਦਾ ਨਾਂਅ ਭੋਟਿਆਲੀ ਛਿੱਬ ਸੀ। ਹਰੀ ਸਿੰਘ ਦੀ ਪਡ਼੍ਹਾਈ ਮੇਓ ਕਾਲਜ, ਅਜਮੇਰ ਅਤੇ ਫਿਰ ਮਿਲਟਰੀ ਸਿੱਖਿਆ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਆਪਣੇ ਚਾਚੇ ਦੀ ਮੌਤ ਤੋਂ ਬਾਅਦ, ਹਰੀ ਸਿੰਘ 23 ਸਤੰਬਰ 1923 ਨੂੰ ਜੰਮੂ ਅਤੇ ਕਸ਼ਮੀਰ ਦਾ ਨਵਾਂ ਮਹਾਰਾਜਾ ਬਣਿਆ।

ਮਹਾਰਾਜਾ ਹਰੀ ਸਿੰਘ ਦੇ ਪੜਦਾਦਾ ਮਹਾਰਾਜਾ ਗੁਲਾਬ ਸਿੰਘ ਨੇ ਜੰਮੂ-ਕਸ਼ਮੀਰ ਨੂੰ 75 ਲੱਖ ਰੁਪਏ ‘ਚ ਖਰੀਦਿਆ ਸੀ

ਜੰਮੂ-ਕਸ਼ਮੀਰ 75 ਲੱਖ ਰੁਪਏ ‘ਚ ਖਰੀਦਿਆ ਗਿਆ ਸੀ ਮਹਾਰਾਜਾ ਹਰੀ ਸਿੰਘ ਦੇ ਪੜਦਾਦਾ ਮਹਾਰਾਜਾ ਗੁਲਾਬ ਸਿੰਘ ਨੇ ਜੰਮੂ-ਕਸ਼ਮੀਰ ਰਾਜ ਅੰਗਰੇਜ਼ਾਂ ਤੋਂ 75 ਲੱਖ ਰੁਪਏ ‘ਚ ਖਰੀਦਿਆ ਸੀ। ਜਿਸ ਤੋਂ ਬਾਅਦ ਮਹਾਰਾਜਾ ਹਰੀ ਸਿੰਘ 23 ਸਤੰਬਰ 1925 ਨੂੰ ਗੱਦੀ ‘ਤੇ ਬਿਰਾਜਮਾਨ ਹੋਏ। ਆਜ਼ਾਦੀ ਦੇ ਸਮੇਂ ਤੱਕ, ਉਹ ਚਾਰ ਦੇਸ਼ਾਂ ਨਾਲ ਅੰਤਰਰਾਸ਼ਟਰੀ ਸਰਹੱਦਾਂ ਵਾਲੇ ਭਾਰਤ ਦੇ ਸਭ ਤੋਂ ਵੱਡੇ ਰਾਜ ਦੇ ਸ਼ਾਸਕ ਵੀ ਸਨ। ਆਪਣੇ ਰਾਜ ਨੂੰ ਧਰਤੀ ਉੱਤੇ ਸਵਰਗ ਬਣਾ ਕੇ ਰੱਖਣ ਲਈ ਮਹਾਰਾਜਾ ਗੁਲਾਬ ਸਿੰਘ ਨੇ ਜੰਮੂ-ਕਸ਼ਮੀਰ ਨੂੰ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪਾਕਿਸਤਾਨ ਕਰਨਾ ਚਾਹੁੰਦਾ ਸੀ ਕਸ਼ਮੀਰ ’ਤੇ ਕਬਜ਼ਾ ਪਰ ਮਹਾਰਾਜਾ ਹਰੀ ਸਿੰਘ ਨੇ ਉਸਦੇ ਇਰਾਦੇ ਕੀਤੇ ਨਾਕਾਮ

15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਦੇ ਨਾਲ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਵੀ ਆਜ਼ਾਦ ਹੋ ਗਏ। ਹੁਣ ਹਰੀ ਸਿੰਘ ਨੂੰ ਅੰਗਰੇਜ਼ਾਂ ਨਾਲ ਨਹੀਂ ਸਗੋਂ ਭਾਰਤ ਅਤੇ ਪਾਕਿਸਤਾਨ ਨਾਲ ਨਜਿੱਠਣਾ ਸੀ। ਉਨ੍ਹਾਂ ਨੇ ਇਸ ਰਾਸਤਾ ਕੱਢਿਆ ‘ਸਟੈਂਡਸਟਿਲ ਐਗਰੀਮੈਂਟ’ ਦਾ, ਭਾਵ ਜੋ ਜੈਸਾ ਹੈ, ਵੈਸੇ ਬਣਿਆ ਰਹੇ। ਜਿਨਾਹ ਲਈ ਮੁਸਲਿਮ ਬਹੁ-ਗਿਣਤੀ ਵਾਲੇ ਕਸ਼ਮੀਰ ਦਾ ਪਾਕਿਸਤਾਨ ਨਾਲ ਰਲੇਵਾਂ ਵੱਕਾਰ ਦਾ ਸਵਾਲ ਸੀ। ‘ਸਟੈਂਡ ਸਟਿਲ’ ਸਮਝੌਤੇ ਦਾ ਫਾਇਦਾ ਉਠਾਉਂਦੇ ਹੋਏ, ਪਹਿਲਾਂ ਨਾਕਾਬੰਦੀ ਕੀਤੀ ਗਈ ਅਤੇ ਫਿਰ ਕਬਾਇਲੀਆਂ ਦੀ ਆੜ ਵਿਚ ਪਾਕਿਸਤਾਨੀ ਫੌਜ ਭੇਜੀ ਗਈ, ਜਿਸ ਦਾ ਉਦੇਸ਼ ਕਸ਼ਮੀਰ ‘ਤੇ ਕਬਜ਼ਾ ਕਰਨਾ ਸੀ। ਫੌਜੀ ਸਿਖਲਾਈ ਪ੍ਰਾਪਤ ਮਹਾਰਾਜਾ ਜੰਗ ਤੋਂ ਪਿੱਛੇ ਨਹੀਂ ਹਟੇ ਪਰ ਉਹ ਛੇਤੀ ਹੀ ਸਮਝ ਗਏ ਕਿ ਕਸ਼ਮੀਰ ਦੀ ਸੀਮਤ ਫੌਜ ਨਾਲ ਪਾਕਿਸਤਾਨ ਦਾ ਟਾਕਰਾ ਲੈਣਾ ਸੰਭਵ ਨਹੀਂ ਸੀ। ਹੁਣ ਉਨ੍ਹਾਂ ਕੋਲ ਦੋ ਹੀ ਰਸਤੇ ਬਚੇ ਸਨ- ਭਾਰਤ ਤੋਂ ਮੱਦਦ ਮੰਗੇ ਜਾਂ ਪਾਕਿਸਤਾਨ ਅੱਗੇ ਆਤਮ ਸਮਰਪਣ ਕਰਨਾ।

ਭਾਰਤ ਰਲੇਵੇਂ ਤੋਂ ਬਿਨਾਂ ਸਹਾਇਤਾ ਭੇਜਣ ਲਈ ਤਿਆਰ ਨਹੀਂ ਸੀ, ਇਸ ਲਈ 26 ਅਕਤੂਬਰ 1947 ਨੂੰ, ਆਜ਼ਾਦੀ ਦੇ ਦੋ ਮਹੀਨਿਆਂ ਬਾਅਦ, ਮਹਾਰਾਜਾ ਹਰੀ ਸਿੰਘ ਨੇ ਆਖਰਕਾਰ ਭਾਰਤ ਨਾਲ ਰਲੇਵੇਂ ਦੇ ਸਮਝੌਤੇ ‘ਤੇ ਦਸਤਖਤ ਕੀਤੇ ਅਤੇ ਉਨ੍ਹਾਂ ਦਾ ਆਜ਼ਾਦ ਡੋਗਰਿਸਤਾਨ ਦਾ ਸੁਪਨਾ ਹਮੇਸ਼ਾ ਲਈ ਖਤਮ ਹੋ ਗਿਆ।

Maharaja Hari Singh

ਔਰਤਾਂ ’ਤੇ ਹੋ ਰਹੇ ਜ਼ੁਲਮ ਖਿਲਾਫ ਚੁੱਕੀ ਆਵਾਜ਼

ਜਦੋਂ ਉਹ ਮਹਾਰਾਜਾ ਬਣੇ, ਤਾਂ ਕਸ਼ਮੀਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਆਮ ਤੌਰ ‘ਤੇ ਅਗਵਾ ਕਰਕੇ ਕੋਲਕਾਤਾ ਅਤੇ ਚੇਨਈ ਲਿਜਾਇਆ ਜਾਂਦਾ ਸੀ, ਜਿੱਥੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ। ਮਹਾਰਾਜੇ ਨੇ ਇਸ ਦੇ ਖਿਲਾਫ ਨਾ ਸਿਰਫ ਸਖਤ ਕਾਨੂੰਨ ਬਣਾਇਆ ਸਗੋਂ ਅਜਿਹਾ ਹੋਣ ਤੋਂ ਰੋਕਣ ਲਈ ਬ੍ਰਿਟਿਸ਼ ਸਰਕਾਰ ਦੀ ਮੱਦਦ ਵੀ ਲਈ। ਕਸ਼ਮੀਰ ਵਿੱਚ ਅਜਿਹਾ ਕਰਨ ਵਾਲਿਆਂ ਦੀ ਸਜ਼ਾ 3 ਸਾਲ ਤੋਂ ਵਧਾ ਕੇ 7 ਸਾਲ ਕਰ ਦਿੱਤੀ ਗਈ ਹੈ। ਉਨਾਂ ਨੇ ਬਾਲ ਵਿਆਹ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਵੇਸ਼ਵਾਪੂਣੇ ਨੂੰ ਵੀ ਖ਼ਤਮ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਵਿਧਵਾ ਔਰਤਾਂ ਲਈ ਮੁਡ਼ ਵਿਆਹ ਕਰਵਾਉਣ ਦੀ ਇਜ਼ਾਜਤ ਦਿੱਤੀ ਗਈ।

ਕਿਸਾਨਾਂ ਲਈ ਕੀਤਾ ਵੱਡਾ ਕੰਮ

ਜੰਮੂ-ਕਸ਼ਮੀਰ ਵਿੱਚ ਖੇਤੀਬਾੜੀ ਰਾਹਤ ਕਾਨੂੰਨ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਸ਼ਾਹੂਕਾਰਾਂ ਅਤੇ ਕਿਸਾਨਾਂ ਨੂੰ ਵਿਆਜ਼ ’ਤੇ ਪੈਸਾ ਦੇਣ ਵਾਲਿਆਂ ਦੇ ਅੱਤਿਆਚਾਰਾਂ ਤੋਂ ਕਿਸਾਨਾਂ ਨੂੰ ਨਿਆਂਇਕ ਆਧਾਰ ‘ਤੇ ਰਾਹਤ ਦਿੱਤੀ ਗਈ। ਨਾਲ ਹੀ ਵਾਹੀਯੋਗ ਜ਼ਮੀਨ ਦਾ ਤਬਾਦਲਾ ਕਰਕੇ, ਇਸ ਦੀ ਗੈਰ-ਖੇਤੀ ਮੰਤਵਾਂ ਲਈ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੰਚਾਇਤੀ ਪ੍ਰਣਾਲੀ ਦੀ ਸ਼ੁਰੂਆਤ

ਮਹਾਰਾਜਾ ਹਰੀ ਸਿੰਘ ( Maharaja Hari Singh) ਨੇ ਪਿੰਡਾਂ ਨੂੰ ਅਧਿਕਾਰ ਭਰਪੂਰ ਬਣਾਉਣ ਲਈ ਪੰਚਾਇਤੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ, ਤਾਂ ਜੋ ਪਿੰਡ ਸਿਰਫ਼ ਸਥਾਨਕ ਪੱਧਰ ‘ਤੇ ਆਪਣੀਆਂ ਸਮੱਸਿਆਵਾਂ ਅਤੇ ਆਪਸੀ ਝਗੜਿਆਂ ਦਾ ਨਿਪਟਾਰਾ ਕਰ ਸਕਣ ਅਤੇ ਸਰਕਾਰ ਤੋਂ ਪੰਚਾਇਤ ਰਾਹੀਂ ਵਿਕਾਸ ਕਾਰਜ ਵੀ ਕਰਵਾਏ ਜਾ ਸਕਣ।

1949 ’ਚ ਪਾਸ ਕੀਤੀ ਗਈ ਸੀ ਧਾਰਾ 370 (Maharaja Hari Singh)

ਸਾਲ 1948 ਵਿੱਚ, ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ‘ਤੇ ਪੇਸ਼ ਕੀਤੇ ਵ੍ਹਾਈਟ ਪੇਪਰ ਵਿੱਚ ਲਿਖਿਆ ਸੀ ਕਿ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨਾ ਪੂਰੀ ਤਰ੍ਹਾਂ ਅਸਥਾਈ ਅਤੇ ਥੋੜ੍ਹੇ ਸਮੇਂ ਲਈ ਹੈ। ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਨੂੰ 17 ਮਈ 1949 ਨੂੰ ਵੱਲਭ ਭਾਈ ਪਟੇਲ ਅਤੇ ਐੱਨ. ਗੋਪਾਲਸਵਾਮੀ ਆਇੰਗਰ ਦੀ ਸਹਿਮਤੀ ਨਾਲ ਲਿਖੇ ਪੱਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਚਿੱਠੀ ਵਿੱਚ ਇਹੀ ਗੱਲ ਦੁਹਰਾਈ ਸੀ ਅਤੇ ਰਲੇਵੇਂ ਦੇ ਸਮੇਂ ਜੰਮੂ-ਕਸ਼ਮੀਰ ਸਰਕਾਰ ਨੇ ਜੋ ਖਰਡ਼ਾ ਤਿਆਰ ਕੀਤਾ ਸੀ। ਇਸ ‘ਤੇ ਸਹਿਮਤੀ ਬਣਾਉਣ ਲਈ ਪੰਜ ਮਹੀਨੇ ਗੱਲਬਾਤ ਚੱਲਦੀ ਰਹੀ।

ਇਸ ਤੋਂ ਬਾਅਦ 27 ਮਈ 1949 ਨੂੰ ਧਾਰਾ 306 ਏ ਪਾਸ ਕੀਤੀ ਗਈ, ਜਿਸ ਨੂੰ ਬਾਅਦ ਵਿੱਚ 370 ਵਜੋਂ ਜਾਣਿਆ ਗਿਆ। ਸੰਵਿਧਾਨ ਵਿੱਚ ਇਸ ਧਾਰਾ ਨੂੰ ਅਸਥਾਈ ਦੱਸਿਆ ਗਿਆ ਹੈ, ਭਾਵ ਇਹ ਕੁਝ ਸਾਲਾਂ ਬਾਅਦ ਖਤਮ ਹੋ ਜਾਣੀ ਸੀ, ਪਰ ਬਾਅਦ ਦੀਆਂ ਸਰਕਾਰਾਂ ਨੇ ਇਸਨੂੰ ਖਤਮ ਨਹੀਂ ਕੀਤਾ ਅਤੇ ਇਹ ਧਾਰਾ ਇਸ ਤਰ੍ਹਾਂ ਚੱਲਦੀ ਰਹੀ, ਸਗੋਂ 1954 ਵਿੱਚ ਤਤਕਾਲੀ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਦੇ ਹੁਕਮ ਨਾਲ ਧਾਰਾ 35ਏ ਨੂੰ ਧਾਰਾ 370 ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਇਸ ਦੇ ਤਹਿਤ ਜੰਮੂ-ਕਸ਼ਮੀਰ ਨੂੰ ਆਪਣਾ ਵੱਖਰਾ ਸੰਵਿਧਾਨ ਬਣਾਉਣ ਅਤੇ ਕੁਝ ਧਾਰਾਵਾਂ ਨੂੰ ਛੱਡ ਕੇ ਭਾਰਤੀ ਸੰਵਿਧਾਨ ਨੂੰ ਲਾਗੂ ਨਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਜੰਮੂ ’ਚ ਸਥਾਪਿਤ ਹੈ ਮਹਾਰਾਜਾ ਹਰੀ ਸਿੰਘ ( Maharaja Hari Singh) ਦੀ ਮੂਰਤੀ

1949 ਵਿੱਚ ਸ਼ੇਖ ਅਬਦੁੱਲਾ ਨਾਲ ਆਪਸੀ ਮੱਤਭੇਦ ਕਾਰਨ ਹਰੀ ਸਿੰਘ ਨੂੰ ਰਾਜ ਤੋਂ ਦੂਰ ਹੋਣਾ ਪਿਆ ਸੀ, ਰਲੇਵੇਂ ’ਤੇ ਦਸਤਖਤ ਕਰਨ ਤੋਂ ਬਾਅਦ ਉਨਾਂ ਨੂੰ ਗੁੰਮਨਾਮੀ ਦੀ ਜਿੰਦਗੀ ਜਿਉਣੀ ਪਈ ਅਤੇ 1961 ਵਿੱਚ 66 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਜੰਮੂ ਵਿੱਚ ਮਹਾਰਾਜਾ ਹਰੀ ਸਿੰਘ ਦੀ ਇੱਕ ਵੀ ਮੂਰਤੀ ਨਹੀਂ ਸੀ। ਅਪ੍ਰੈਲ 2012 ਵਿੱਚ, ਡਾ: ਕਰਨ ਸਿੰਘ, ਉਸਦੇ ਪੁੱਤਰ ਅਜਾਤਸ਼ਤਰੂ ਅਤੇ ਗੁਲਾਮ ਨਬੀ ਆਜ਼ਾਦ ਨੇ ਮੂਰਤੀ ਸਥਾਪਿਤ ਕਰਵਾਈ।

LEAVE A REPLY

Please enter your comment!
Please enter your name here