Maharaja Duleep Singh: ਮਹਾਰਾਜਾ ਦਲੀਪ ਸਿੰਘ ਦੀ ਸ਼ਾਨਦਾਰ ਯਾਦਗਾਰ ‘ਬੱਸੀਆਂ ਕੋਠੀ’ ਹੋਈ ਅਣਦੇਖੀ ਦਾ ਸ਼ਿਕਾਰ

Maharaja Duleep Singh
Maharaja Duleep Singh: ਮਹਾਰਾਜਾ ਦਲੀਪ ਸਿੰਘ ਦੀ ਸ਼ਾਨਦਾਰ ਯਾਦਗਾਰ ‘ਬੱਸੀਆਂ ਕੋਠੀ’ ਹੋਈ ਅਣਦੇਖੀ ਦਾ ਸ਼ਿਕਾਰ

Maharaja Duleep Singh: ਦਰਵਾਜ਼ਿਆਂ ਨੂੰ ਲੱਗੀ ਸਿਓਂਕ, ਪਲਾਸਟਰ ਰਿਹਾ ਉੱਖੜ, ਰੰਗ ਪਿਆ ਫਿੱਕਾ ਤੇ ਕੰਧਾਂ ’ਚ ਪੈ ਰਹੀਆਂ ਤਰੇੜਾਂ

Maharaja Duleep Singh: ਰਾਏਕੋਟ (ਆਰ. ਜੀ. ਰਾਏਕੋਟੀ)। ਰਾਏਕੋਟ ਨੇੜੇ ਜਗਰਾਓਂ ਰੋਡ ’ਤੇ ਸਥਿਤ 200 ਸਾਲ ਪੁਰਾਣੀ ਇਤਿਹਾਸਕ ‘ਬੱਸੀਆਂ ਕੋਠੀ’ ਨੂੰ 2015 ’ਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ’ਚ ਤਬਦੀਲ ਕੀਤਾ ਗਿਆ ਸੀ ਪ੍ਰੰਤੂ ਅੱਜ ਇਹ ਸਰਕਾਰ ਦੀ ਅਣਦੇਖੀ ਕਾਰਨ ਆਪਣੀ ਦਿੱਖ ਗੁਆ ਰਹੀ ਹੈ।

ਸੰਨ 1800 ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ’ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ। ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜਨ ਦਾ ਇਹ ਅਸਲਾ ਸਪਲਾਈ ਡਿੱਪੂ ਵੀ ਰਿਹਾ। ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜ਼ 11 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਬਾਹਰ ਲਿਜਾ ਰਹੇ ਸਨ ਤਾਂ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ’ਚ ਆਖਰੀ ਰਾਤ ਇਸੇ ਕੋਠੀ ’ਚ ਕੱਟੀ ਸੀ।

Maharaja Duleep Singh

ਪੰਜਾਬ ’ਚ ਇੱਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਇਸ ਇਮਾਰਤ ਨੂੰ ਪੰਜਾਬ ਪੁਲਿਸ ਨੇ ਰੱਜ ਕੇ ‘ਤਸੀਹੇ ਕੇਂਦਰ’ ਵਜੋਂ ਵੀ ਵਰਤਿਆ। ਇਸੇ ਲਈ ਇਸ ਨੂੰ ਸਰਾਪੀ ਕੋਠੀ ਵੀ ਕਿਹਾ ਜਾਂਦਾ ਰਿਹਾ। ਬਾਅਦ ’ਚ ਨਹਿਰੀ ਰੈਸਟ ਹਾਊਸ ਬਣ ਕੇ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ। ਇਲਾਕਾ ਨਿਵਾਸੀਆਂ ਦੀ ਮੰਗ ’ਤੇ ਬੱਸੀਆਂ ਕੋਠੀ ਨੂੰ 2015 ’ਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ’ਚ ਤਬਦੀਲ ਕੀਤਾ ਗਿਆ ਸੀ। ਪ੍ਰੰਤੂ 2015 ਤੋਂ ਬਾਅਦ ਇਸ ਨੂੰ ਕਿਸੇ ਨੇ ਦੁਬਾਰਾ ਰੰਗ-ਰੋਗਨ ਤੱਕ ਨਹੀਂ ਕਰਵਾਇਆ।

Maharaja Duleep Singh

ਮਿਊਜ਼ੀਅਮ ਦੇ ਲੱਗੇ ਕਈ ਦਰਵਾਜਿਆਂ ਨੂੰ ਸਿਉਂਕ ਲੱਗ ਚੁੱਕੀ ਹੈ ਅਤੇ ਕਈ ਦਰਵਾਜੇ ਖਰਾਬ ਹੋ ਚੁੱਕੇ ਹਨ। ਮਿਊਜ਼ੀਅਮ ਦੇ ਹਾਲ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ’ਤੇ ਪੇਂਟ ਤੇ ਪਲਾਸਟਰ ਟੁੱਟ ਰਿਹਾ ਹੈ। ਸਿੱਖ ਰਾਜ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪ੍ਰਤੀਕ੍ਰਿਤੀਆਂ ਨੂੰ ਉਜਾਗਰ ਕਰਨ ਲਈ ਲਗਾਈਆਂ ਗਈਆਂ ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ। ਮੁੜ ਖੰਡਰ ਹੋ ਰਹੀ ਸਿੱਖਾਂ ਦੇ ਆਖਰੀ ਬਾਦਸ਼ਾਹ ਦੀ ਯਾਦਗਾਰ ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ। ਇਸ ਕੋਠੀ ਦੇ ਪੁਰਾਣੇ ਢਾਂਚੇ ਨੂੰ ਬਰਕਰਾਰ ਰੱਖਦੇ ਹੋਏ, ਇਸ ਦੀ ਨਵ ਉਸਾਰੀ ਕਰਕੇ ਇਸ ਨੂੰ ਸੁੰਦਰ ਦਿਖ ਪ੍ਰਦਾਨ ਕੀਤੀ ਗਈ ਸੀ। Histroy of Punjab

Read Also : ਹੜ੍ਹਾਂ ਦੀ ਮਾਰ ਵਾਲੇ ਜ਼ਿਲ੍ਹਿਆਂ ’ਚ ਹੋਇਆ ‘ਅਜ਼ੂਬਾ ਜਾਂ ਘਪਲਾ’

ਯਾਦਗਾਰ ਬਣੀ ਇਸ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਇੱਕ ਵੱਡੀ ਤਲਵਾਰ, ਇੱਕ ਸਾਹੀ ਕੁਰਸੀ, ਇੱਕ ਪਹਿਰਾਵਾ ਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕ੍ਰਿਤੀਆਂ ਰੱਖੀਆਂ ਗਈਆਂ ਹਨ। ਪ੍ਰੰਤੂ ਸਰਕਾਰ ਦੀ ਅਣਗਹਿਲੀ ਇਹ ਪ੍ਰਤੀ ਕ੍ਰਿਤੀਆਂ ਖਰਾਬ ਹੋ ਰਹੀਆਂ ਹਨ, ਤਸਵੀਰਾਂ ਫਿਕੀਆਂ ਪੈ ਗਈਆਂ ਹਨ। ਕੋਠੀ ਵਿਚ ਲੱਗੇ 1.5 ਏਕੜ ਦੇ ਬਾਗ, 2 ਏਕੜ ਦੇ ਲਾਅਨ, ਤੇ 1.5 ਏਕੜ ’ਚ ਲਗਾਏ ਜੰਗਲ ਨੂੰ ਪਾਣੀ ਦੇਣ ਲਈ ਡੇਢ ਦੀ ਮੋਟਰ ਲੱਗੀ ਹੋਣ ਕਰਕੇ ਪਾਣੀ ਪੂਰਾ ਨਹੀਂ ਹੋ ਰਿਹਾ, ਜਿਸ ਕਾਰਨ ਹਰਿਆਲੀ ਗਾਇਬ ਹੋ ਰਹੀ ਹੈ।

ਤਕਰੀਬਨ ਤਿੰਨ ਸਾਲ ਪਹਿਲਾਂ ਕੋਠੀ ’ਚ ਹੋਏ ਇਕ ਸਮਾਗਮ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਦੀ ਦਿੱਖ ਸਵਾਰਨ ਲਈ 20 ਲੱਖ ਰੁਪਏ ਦੇਣ ਐਲਾਨ ਕੀਤਾ ਗਿਆ ਸੀ, ਇਸ ਤੋਂ ਇਲਾਵਾ ਸਰਕਾਰ ਵੱਲੋਂ 5 ਲੱਖ ਦੀ ਗ੍ਰਾਂਟ ਭੇਜੀ ਹੈ, ਜੋ ਪਿੰਡ ਬੱਸੀਆਂ ਦੀ ਪੰਚਾਇਤ ਵੱਲੋਂ ਲਗਾਈ ਜਾਣੀ ਹੈ।

ਕੀ ਕਹਿਣਾ ਹੈ ਐੱਸਡੀਐੱਮ ਰਾਏਕੋਟ ਦਾ

ਇਸ ਸਬੰਧੀ ਐੱਸਡੀਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਕੀ ਹਨ, ਜਿਸ ਦੀ ਪ੍ਰਪੋਜਲ ਬਣਾ ਕੇ ਭੇਜੀ ਜਾ ਚੁੱਕੀ ਹੈ।

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਗੇਟ ਜਲਦੀ ਬਣਾਇਆ ਜਾਵੇਗਾ : ਸਰਪੰਚ ਕਲੇਰ

ਇਸ ਸਬੰਧੀ ਜਦੋਂ ਪਿੰਡ ਬੱਸੀਆਂ ਦੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਰਕਾਰ ਵੱਲੋਂ 5 ਲੱਖ ਦੀ ਗ੍ਰਾਂਟ ਮਿਲ ਗਈ ਹੈ, ਜਲਦੀ ਹੀ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਨੂੰ ਜਾਂਦੀ ਸੜਕ ’ਤੇ ਸ਼ਾਨਦਾਰ ਗੇਟ ਬਣਾਇਆ ਜਾਵੇਗਾ।

20 ਲੱਖ ਦੀ ਗ੍ਰਾਂਟ ਲਾਈਟਾਂ ਅਤੇ ਹੋਰ ਕੰਮਾਂ ’ਤੇ ਖਰਚੀ ਜਾ ਚੁੱਕੀ: ਜੇਈ

ਜੇਈ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਮਹਾਰਾਜਾ ਦਲੀਪ ਸਿੰਘ ਕੋਠੀ ਬੱਸੀਆਂ ਦੀ ਦਿੱਖ ਸੰਵਾਰਨ ਲਈ 20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ, ਉਹ ਗ੍ਰਾਂਟ ਦਾ ਪੈਸਾ ਜਿਸ ਵਿੱਚੋਂ ਕਾਫੀ ਪੈਸਾ ਲਾਈਟਾਂ ਤੇ ਸਜਾਵਟ ਦੇ ਕੰਮਾਂ ਵਿੱਚ ਲੱਗ ਗਿਆ ਹੈ।

ਮੁਲਾਜ਼ਮਾਂ ਨੂੰ 5 ਮਹੀਨੇ ਤੋਂ ਨਹੀਂ ਮਿਲੀ ਤਨਖਾਹ | Histroy of Punjab

ਤਨਖਾਹ ਮਿਲਣ ਸਬੰਧੀ ਗੋਬਿੰਦ ਸਿੰਘ ਸੰਦੌੜ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਸਬੰਧੀ ਉਨਾਂ ਨੇ ਐੱਸਡੀਐੱਮ ਰਾਏਕੋਟ ਨੂੰ ਵੀ ਜਾਣੂੰ ਕਰਵਾਇਆ ਹੈ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਹੈ।