ਲੁਧਿਆਣਾ ਪੁਲਿਸ ਵੱਲੋਂ 2 ਕਿੱਲੋ ਹੈਰੋਇਨ ਬਰਾਮਦ

Ludhiana, Police, Seized Heiroin, Smuggling, STF

ਰਿਮਾਂਡ ‘ਤੇ ਚੱਲ ਰਹੇ ਜਸਵੰਤ ਸਿੰਘ ਦੀ ਨਿਸ਼ਾਨਦੇਹੀ ‘ਤੇ ਹੋਈ ਬਰਾਮਦਗੀ

ਰਘਬੀਰ ਸਿੰਘ, ਲੁਧਿਆਣਾ : ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ 6 ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਹੇ ਕਥਿੱਤ ਦੋਸ਼ੀ ਜਸਵੰਤ ਸਿੰਘ ਉਰਫ ਬਿੱਲਾ ਪੁੱਤਰ ਮੇਹਰ ਚੰਦ ਵਾਸੀ ਪਿੰਡ ਘਰਿੰਡਾ ਜ਼ਿਲਾ ਅੰਮ੍ਰਿਸਤਸਰ ਵੱਲੋਂ ਪੁੱਛ ਗਿੱਛ ਦੌਰਾਨ ਕੀਤੇ ਖੁਲਾਸੇ ਤੇ ਉਸ ਦੇ ਸਾਥੀ ਗੁਰਨਾਮ ਸਿੰਘ ਉਰਫ ਬੱਬੂ ਦੇ ਘਰ ਅੱਗਰਵਾਲ ਕਲੋਨੀ ਥਾਣਾ ਮਹੇਸ਼ ਨਗਰ ਅੰਬਾਲਾ ਸਿਟੀ ਵਿੱਚ ਛੁਪਾ ਕੇ ਰੱਖੀ 2 ਕਿੱਲੋ ਹੈਰੋਇਨ ਬ੍ਰਾਮਦ ਕੀਤੀ ਹੈ। ਗੁਰਨਾਮ ਸਿੰਘ ਨੂੰ ਪੁਲਿਸ ਨੇ 11 ਜੁਲਾਈ ਨੂੰ ਉਸ ਦੇ ਦੋ ਹੋਰ ਸਾਥੀਆਂ ਸਮੇਤ 4 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ।

ਐਸਟੀਐਫ ਦੇ ਇੰਚਾਰਜ਼ ਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ 11 ਜੁਲਾਈ 2017 ਨੂੰ 4 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਦੋ ਸਾਥੀਆਂ ਸਮੇਤ ਗੁਰਨਾਮ ਸਿੰਘ ਨੇ ਪੁੱਛ ਗਿੱਛ ਦੌਰਾਨ ਜਸਵੰਤ ਸਿੰਘ ਉਰਫ ਬਿੱਲਾ ਬਾਰੇ ਖੁਲਾਸਾ ਕੀਤਾ ਸੀ। ਪੁਲਿਸ ਨੇ ਗੁਰਨਾਮ ਸਿੰਘ ਦੀ ਨਿਸ਼ਾਨ- ਦੇਹੀ ਤੇ 23 ਜੁਲਾਈ 2017 ਨੂੰ ਜਸਵੰਤ ਸਿੰਘ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਜਸਵੰਤ ਸਿੰਘ ਨੂੰ 24 ਜੁਲਾਈ ਨੂੰ ਸ਼੍ਰੀ ਰਜਿੰਦਰ ਸਿੰਘ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਉਨਾਂ ਦੱਸਿਆ ਕਿ ਜਸਵੰਤ ਸਿੰਘ 20-22 ਸਾਲਾਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਰਿਹਾ ਹੈ।

ਉਸ ਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਹੈਰੋਇਨ ਤਸਕਰੀ ਦੇ ਚੱਲ ਰਹੇ ਹਨ। ਪਹਿਲਾ ਮੁਕੱਦਮਾ ਉਸ ਦੇ ਖਿਲਾਫ 44 ਕਿੱਲੋ ਹੈਰੋਇਨ ਤਸਕਰੀ ਦਾ ਥਾਣਾ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਵਿਖੇ ਦਰਜ਼ ਹੋਇਆ ਸੀ। ਇਸ ਤੋਂ ਬਾਦ ਉਸ ਦੇ ਖਿਲਾਫ 85 ਕਿੱਲੋ ਹੈਰੋਇਨ ਦੇ ਦੋ ਹੋਰ ਮੁਕੱਦਮੇ ਦਰਜ਼ ਹਨ। ਇਹਨਾਂ ਮੁਕੱਦਮਿਆਂ ਵਿੱਚ ਉਹ 16 ਸਾਲ ਜੇਲ ਕੱਟ ਕੇ ਕਰੀਬ 3 ਸਾਲ ਪਹਿਲਾਂ ਹੀ ਬਾਹਰ ਆਇਆ ਸੀ।

ਬਾਹਰ ਆ ਕੇ ਉਸ ਨੇ ਮੁੜ ਤੋਂ ਇਹ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਸ ਦੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਜਿਹਨਾਂ ਨਾਲ ਉਹ ਫੋਨ ਤੇ ਗੱਲ ਕਰਕੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਗੁਰਨਾਮ ਸਿੰਘ ਉਰਫ ਬੱਬੂ ਨੂੰ ਸਪਲਾਈ ਕਰਦਾ ਸੀ।

LEAVE A REPLY

Please enter your comment!
Please enter your name here