ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਨਅੱਤੀ ਸ਼ਹਿਰ ਲੁਧਿਆਣਾ (Ludhiana News) ਦੇ ਅੰਬੇਦਕਰ ਨਗਰ ਗਿਆਸਪੁਰਾ ਵਿਖੇ ਗੁਆਂਢੀਆਂ ਨਾਲ ਹੋਈ ਮਾਮੂਲੀ ਬਹਿਸ ’ਚ ਔਰਤ ਦੀ ਜਾਨ ਚਲੀ ਗਈ। ਪੁਲਿਸ ਨੇ ਮਿ੍ਰਤਕਾ ਦੇ ਪਤੀ ਦੀ ਸ਼ਿਕਾਇਤ ’ਤੇ 6 ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਲਨ ਸਾਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਾਨਤੀ ਦੇਵੀ ਅਤੇ ਦੋ ਬੱਚਿਆਂ ਸਮੇਤ ਪਿਛਲੇ ਕਈ ਸਾਲਾਂ ਤੋਂ ਗਿਆਸਪੁਰਾ ਦੇ ਅੰਬੇਦਕਰ ਨਗਰ ’ਚ ਰਹਿ ਰਿਹਾ ਹੈ।
ਜਿੱਥੇ ਉਨਾਂ ਦੇ ਗੁਆਂਢੀ ਅਕਸਰ ਹੀ ਉਨਾਂ ਦੇ ਬੂਹੇ ਅੱਗੇ ਪਾਣੀ ਡੋਲ ਦਿੰਦੇ ਸਨ। ਇਸ ਸਬੰਧ ’ਚ ਉਨਾਂ ਦੀ ਕਈ ਵਾਰ ਆਪਣੇ ਗੁਆਂਢੀ ਨਾਲ ਬਹਿਸ ਵੀ ਹੋਈ ਸੀ ਪਰ 8 ਅਗਸਤ ਨੂੰ ਉਨਾਂ ਦੀ ਆਪਣੇ ਗੁਆਂਢੀ ਅਜੈ ਗੁਪਤਾ ਨਾਲ ਉਕਤ ਮਸਲੇ ਨੂੰ ਲੈ ਕੇ ਗਾਲੀ ਗਲੋਚ ਹੋਇਆ ਜੋ ਅੱਜ ਉਸ ਸਮੇਂ ਖੂਨੀ ਰੂਪ ਧਾਰ ਗਿਆ ਜਦੋਂ ਅਜੈ ਗੁਪਤਾ, ਕਿਸ਼ੋਰ, ਪੰਕਜ਼, ਕਿਰਨ, ਰਮਾਵਤੀ ਤੇ ਇੱਕ ਅਣਪਛਾਤੇ ਵਿਅਕਤੀ ਨੇ ਉਨਾਂ ਦੋਵਾਂ (ਪਤੀ- ਪਤਨੀ) ਉੱਪਰ ਡੰਡਿਆਂ ਨਾਲ ਹਮਲਾ ਕਰ ਦਿੱਤਾ। (Ludhiana News)
ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ : ਮਹਿਲਾ ਕ੍ਰਿਕਟ ਦੀ ਸੁਪਰ ਸਟਾਰ ਹਰਮਨਪ੍ਰੀਤ ਕੌਰ
ਇਸ ਹਮਲੇ ’ਚ ਉਸਦੀ ਪਤਨੀ ਮਾਨਤੀ ਦੇਵੀ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਜਿਸ ਕਰਕੇ ਉਸ ਨੇ ਮਾਨਤੀ ਦੇਵੀ ਨੂੰ ਇਲਾਜ਼ ਲਈ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ। ਜਿੱਥੋਂ ਉਸਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਅੱਗੇ ਪੀਜੀਆਈ ਚੰਡੀਗੜ ਨੂੰ ਰੈਫ਼ਰ ਕਰ ਦਿੱਤਾ। ਜਿੱਥੇ ਇਲਾਜ਼ ਦੌਰਾਨ ਮਾਨਤੀ ਦੇਵੀ (40) ਜਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਿ੍ਰਤਕਾ ਦੇ ਪਤੀ ਲਲਨ ਸਾਹ ਦੀ ਸ਼ਿਕਾਇਤ ’ਤੇ ਅਜੈ ਗੁਪਤਾ, ਕਿਸ਼ੋਰ, ਪੰਕਜ਼, ਕਿਰਨ, ਰਮਾਵਤੀ ਵਾਸੀਆਨ ਗਿਆਸਪੁਰਾ ਅਤੇ ਇੱਕ ਨਾਮਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਐਸਆਈ ਜਸਪਾਲ ਦਾ ਕਹਿਣਾ ਹੈ ਕਿ ਉਕਤ ਮਾਮਲੇ ’ਚ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।