ਗਲੀ ’ਚ ਖੇਡਦੇ ਸਮੇਂ ਫਾਰਚੂਨਰ ਗੱਡੀ ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਦੀ ਦਰਦਨਾਕ ਮੌਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਆਪਣੇ ਘਰ ਲਾਗੇ ਗਲੀ ’ਚ ਖੇਡਦੇ ਸਮੇਂ ਇੱਕ ਡੇਢ ਸਾਲਾ ਮਾਸੂਮ ਦੀ ਫਾਰਚੂਨਰ ਗੱਡੀ ਹੇਠਾਂ ਲਤੜੇ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਗੱਡੀ ਏਸੀਪੀ ਦੀ ਹੈ, ਜਿਸ ਦਾ ਚਾਲਕ ਖੁਦ ਹੀ ਬੱਚੇ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਜਿੱਥੇ ਬੱਚੇ ਸਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮਿ੍ਰਤਕ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨਾਂ ਦਾ ਡੇਢ ਸਾਲਾ ਬੱਚਾ ਅਨੁਰਾਜ਼ ਵਿਕਾਸ ਨਗਰ ਦੀ ਗਲੀ ਨੰਬਰ 3 ’ਚ ਖੇਡ ਰਿਹਾ ਸੀ, ਜਿੱਥੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੀ ਰਹਿੰਦਾ ਹੈ। ਅੱਜ ਸਵੇਰ ਸਮੇਂ ਪੁਲਿਸ ਅਧਿਕਾਰੀ ਦੇ ਡਰਾਇਵਰ ਨੇ ਕੋਠੀ ’ਚੋਂ ਫਾਰਚੂਨਰ ਗੱਡੀ ਨੂੰ ਬਿਨ੍ਹਾਂ ਇੱਧਰ ਉਧਰ ਦੇਖੇ ਬਾਹਰ ਕੱਢਦੇ ਸਮੇਂ ਉਨਾਂ ਦੇ ਗਲੀ ’ਚ ਖੇਡ ਰਹੇ ਉਸਦੇ ਭਤੀਜੇ ਅਨੁਰਾਜ਼ ਨੂੰ ਗੱਡੀ ਹੇਠਾਂ ਲਤੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।
Ludhiana News
ਧਰਮੇਸ਼ ਮੁਤਾਬਕ ਗੱਡੀ ਦੇ ਡਰਾਇਵਰ ਨੇ ਕੋਠੀ ਦਾ ਗੇਟ ਖੋਲਣ ਤੋਂ ਬਾਅਦ ਤੁਰੰਤ ਗੱਡੀ ਬਾਹਰ ਕੱਢੀ ਜਿਸ ਕਾਰਨ ਉੁਸ ਦਾ ਭਤੀਜ਼ਾ ਅਨੁਰਾਜ਼ ਗੱਡੀ ਹੇਠਾਂ ਆ ਗਿਆ ਤੇ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਹਸਪਤਾਲ ’ਚ ਦਮ ਤੋੜ ਗਿਆ। ਉਨਾਂ ਦੱਸਿਆ ਕਿ ਅਨੁਰਾਜ਼ ਗੱਡੀ ਦੇ ਅਗਲੇ ਟਾਇਰ ਹੇਠਾਂ ਆਇਆ, ਜਿਸ ਨੂੰ ਜਖ਼ਮੀ ਹੋਏ ਨੂੰ ਖੁਦ ਡਰਾਇਵਰ ਬਿਨਾਂ ਕਿਸੇ ਨੂੰ ਦੱਸੇ ਗੱਡੀ ਦੀ ਡਿੱਗੀ ’ਚ ਰੱਖ ਕੇ ਹਸਪਤਾਲ ਲੈ ਕੇ ਪਹੁੰਚ ਗਿਆ।
ਜਿੱਥੇ ਡਾਕਟਰਾਂ ਨੇ ਅਨੁਰਾਜ਼ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਮੌਜੂਦ ਲੋਕਾਂ ਵੱਲੋਂ ਪੁੱਛੇ ਜਾਣ ’ਤੇ ਡਰਾਇਵਰ ਦਾ ਕਹਿਣਾ ਸੀ ਕਿ ਗੱਡੀ ਹੇਠਾਂ ਆ ਕੇ ਬਿੱਲੀ ਮਰ ਗਈ ਹੈ। ਪਰ ਜਿਉਂ ਹੀ ਉਨਾਂ ਨੂੰ ਹਸਪਤਾਲ ’ਚੋਂ ਫੋਨ ਆਇਆ ਕਿ ਉਨਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਤਾਂ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਧਰਮੇਸ਼ ਮੁਤਾਬਕ ਉਕਤ ਘਟਨਾਂ ਦਾ ਪਤਾ ਉਸਨੂੰ ਹਸਪਤਾਲ ਪਹੁੰਚਣ ’ਤੇ ਲੱਗਾ, ਜਿਸ ਨੂੰ ਲੈ ਕੇ ਪੂਰੇ ਪਰਿਵਾਰ ਦੇ ਮਨਾਂ ’ਚ ਭਾਰੀ ਰੋਸ ਹੈ।
ਉਨਾਂ ਰੋਸ ਜਤਾਇਆ ਕਿ ਪੁੱਛਣ ’ਤੇ ਉਨਾਂ ਨੂੰ ਪਤਾ ਲੱਗਾ ਕਿ ਸਬੰਧਿਤ ਡਰਾਇਵਰ ਥਾਣੇ ’ਚ ਹੈ, ਜਿਸ ਦੇ ਅਧਿਕਾਰੀ ਨੇ ਉਨਾਂ ਨਾਲ ਦੁੱਖ ਦਾ ਇਜ਼ਹਾਰ ਤੱਕ ਵੀ ਨਹੀਂ ਕੀਤਾ। ਘਟਨਾਂ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਿਸ ਗੱਡੀ ਨਾਲ ਹਾਦਸਾ ਵਾਪਰਿਆ ਉਹ ਫਾਰਚੂਨਰ ਗੱਡੀ ਸੀ, ਜਦਕਿ ਪੁਲਿਸ ਹੁਣ ਕੋਈ ਹੋਰ ਗੱਡੀ ਦਿਖਾ ਰਹੀ ਹੈ।