ਲੋਹ ਲੰਗਰ/ਮਹੰਤਾਂ ਦੀ ਜ਼ਮੀਨ ’ਚ ਕਲੋਨੀ ਕੱਟ ਕੇ 200 ਪਰਿਵਾਰਾਂ ਨੂੰ ਪਲਾਟ ਵੇਚਣ ਦਾ ਦੋਸ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੋਹ ਲੰਗਰ/ਮਹੰਤਾਂ ਦੀ ਜ਼ਮੀਨ ਵੇਚਣ ਦੇ ਦੋਸ਼ਾਂ ਹੇਠ ਇੱਕ ਕਲੋਨਾਈਜਰ ਤੇ ਸਾਬਕਾ ਕੌਂਸਲਰ ਸਣੇ ਕੁੱਲ 14 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ ਇੱਕ ਸਾਲ ਦੀ ਪੜਤਾਲ ਉਪਰੰਤ ਦਰਜ਼ ਕੀਤੇ ਗਏ ਮਾਮਲੇ ਵਿੱਚ ਕੁੱਝ ਵਿਅਕਤੀਆਂ ਦੇ ਨਾਂਅ ਸ਼ਾਮਲ ਨਾ ਕਰਨ ’ਤੇ ਸ਼ਿਕਾਇਤਕਰਤਾ ਨੇ ਪੁਲਿਸ ਤੋਂ ਇਲਾਵਾ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਹਨ। (Ludhiana News)
ਸ਼ਿਕਾਇਤਕਰਤਾ ਨੇ ਪੁਲਿਸ ਦੀ ਕਾਰਵਾਈ ਅਤੇ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ | Ludhiana News
ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਕੁਲਦੀਪ ਕੁਮਾਰ ਤਿਵਾੜੀ ਦੇ ਨਾਲ ਕ੍ਰਿਸ਼ਨਾ ਕੁਮਾਰ ਯਾਦਵ, ਰਾਕੇਸ ਸਿੰਘ, ਚੰਦਰ ਏਸ, ਚੰਦਰ ਭਾਨ ਆਦਿ ਵਾਸੀਆਨ ਨਿਊ ਮਨਦੀਪ ਕਲੋਨੀ ਲੋਹਾਰਾ ਨੇ ਦੱਸਿਆ ਕਿ ਸੰਨ 2019 ਵਿੱਚ ਅਵਤਾਰ ਸਿੰਘ ਤੇ ਸਾਬਕਾ ਕੌਂਸਲਰ ਨਿਰਮਲ ਸਿੰਘ ਵਗੈਰਾ ਦੁਆਰਾ 16 ਕਿੱਲੇ ਦੀ ਕਲੋਨੀ ਵਿੱਚ 50 ਤੋਂ 200 ਗਜ ਦੇ ਪਲਾਟ ਕੱਟੇ ਗਏ ਸਨ। ਉਨ੍ਹਾਂ ਨੂੰ ਪਲਾਟਾਂ ਦੀ ਜ਼ਰੂਰਤ ਸੀ ਇਸ ਲਈ ਉਨ੍ਹਾਂ ਨੇ ਆਪਣੀ ਲੋੜ ਅਨੁਸਾਰ ਪਲਾਟ ਖ੍ਰੀਦ ਕਰ ਲਏ। ਜਿੰਨ੍ਹਾਂ ਦੀ ਰਜਿਸਟਰੀਆਂ ਤੇ ਕਬਜ਼ਾ ਵੀ ਉਨ੍ਹਾਂ ਕੋਲ ਹੈ। (Ludhiana News)
ਬੀਤੇ ਵਰ੍ਹੇ 17 ਮਈ ਨੂੰ ਕਾਰਪੋਰੇਸ਼ਨ ਅਧਿਕਾਰੀਆਂ ਤੇ ਤਹਿਸੀਲਦਾਰ ਵੱਲੋਂ ਸਬੰਧਿਤ ਕਲੋਨੀ ਵਿੱਚ ਲਗਾਏ ਗਏ ਬੋਰਡ ਨੂੰ ਪੜ੍ਹਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਿਸ ਵਿੱਚ ਲਿਖਿਆ ਸੀ ਕਿ ਇਹ ਜ਼ਗ੍ਹਾ ਲੋਹ ਲੰਗਰ/ ਮਹੰਤਾਂ ਦੀ ਜ਼ਮੀਨ ਹੈ, ਇਸ ਦੀ ਖ੍ਰੀਦ- ਵੇਚ ਨਹੀਂ ਹੋ ਸਕਦੀ। ਕੁਲਦੀਪ ਤਿਵਾੜੀ ਨੇ ਦੱਸਿਆ ਕਿ ਆਪਣੇ ਨਾਲ ਹੋਈ ਜ਼ਾਅਲਸਾਜੀ ਤੇ ਧੋਖਾਧੜੀ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਸਮੂਹਿਕ ਰੂਪ ਵਿੱਚ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ ਪਰ ਇੱਕ ਸਾਲ ਦੀ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਦਰਜ਼ ਕੀਤੀ ਗਈ ਐੱਫ.ਆਈ.ਆਰ. ਵਿੱਚੋਂ ਉਨ੍ਹਾਂ ਪਾਸੋਂ ਪਲਾਟਾਂ ਦੀ ਸਮੁੱਚੀ ਰਕਮ ਹਾਸਲ਼ ਕਰਨ ਵਾਲੇ ਵਿਅਕਤੀ ਦਾ ਨਾਂਅ ਬਾਹਰ ਰੱਖਿਆ ਗਿਆ।
Ludhiana News
ਜਦਕਿ ਉਨ੍ਹਾਂ ਲੋਕਾਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ, ਜਿੰਨਾਂ ਨੂੰ ਉਹ ਜਾਣਦੇ ਤੱਕ ਵੀ ਨਹੀਂ। ਉਨ੍ਹਾਂ ਨੇ ਸਿਰਫ਼ ਤਿੰਨ ਲੋਕਾਂ ਦੇ ਨਾਂਅ ਦਿੱਤੇ ਸਨ। ਕੁਲਦੀਪ ਤਿਵਾੜੀ ਨੇ ਆਖਿਆ ਕਿ ਜੇਕਰ ਉਨ੍ਹਾਂ ਵੱਲੋਂ ਖ੍ਰੀਦ ਕੀਤੀ ਗਈ ਜਗ੍ਹਾ ਲੋਹ ਲੰਗਰ/ਮਹੰਤਾਂ ਦੀ ਹੈ ਤਾਂ ਉਸ ਸਮੇਂ ਕਾਰਪੋਰੇਸ਼ਨ ਦੇ ਅਧਿਕਾਰੀ ਕਿੱਥੇ ਸਨ, ਜਦੋਂ ਇਹ ਕਲੋਨੀ ਕੱਟੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਸ ਕਲੋਨੀ ਅੰਦਰ 200 ਪਰਿਵਾਰ ਵਸਦੇ ਹਨ। ਜਿੰਨਾਂ ਦੇ ਭਵਿੱਖ ’ਤੇ ਕਾਨੂੰਨੀ ਪ੍ਰਕਿਰਿਆ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਉਨ੍ਹਾਂ ਪੁਲਿਸ ਉੱਚ ਅਫ਼ਸਰਾਂ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਜੋ ਉਨ੍ਹਾਂ ਵੱਲੋਂ ਮਿਹਨਤ ਦੀ ਕਮਾਈ ਕਰਕੇ ਬਣਾਏ ਗਏ ਆਸ਼ਿਆਨੇ ਜਿਉਂ ਦੀ ਤਿਉਂ ਬਣੇ ਰਹਿਣ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇਹ ਜਗ੍ਹਾ ਲੋਹ ਲੰਗਰ ਦੀ ਹੈ ਤਾਂ ਉਨ੍ਹਾਂ ਵੱਲੋਂ ਖ੍ਰੀਦ ਕੀਤੇ ਗਏ ਪਲਾਟ ਦੀਆਂ ਰਜਿਸਟਰੀਆਂ ਕਿਵੇਂ ਹੋਈਆਂ, ਕਿਵੇਂ ਇੰਤਕਾਲ ਆਦਿ ਚੜ੍ਹ ਗਏ।
ਕੁਲਦੀਪ ਕੁਮਾਰ ਤਿਵਾੜੀ ਦੀ ਅਗਵਾਈ ’ਚ ਸਮੂਹ ਕਲੋਨੀ ਵਾਸੀਆਂ ਵੱਲੋਂ 19 ਮਈ 2023 ਨੂੰ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕਲੋਨਾਈਜਰ ਅਵਤਾਰ ਸਿੰਘ, ਸਾਬਕਾ ਕੌਂਸਲਰ ਨਿਰਮਲ ਸਿੰਘ ਐਸ.ਐਸ.(ਸੀਨੀਅਰ ਅਕਾਲੀ ਆਗੂ), ਇਕਬਾਲ ਸਿੰਘ, ਗੁਲਜਿੰਦਰ ਸਿੰਘ, ਗੁਰਨਾਮ ਸਿੰਘ, ਦਲਜੀਤ ਸਿੰਘ ਝੱਜ, ਜਸਮਿੰਦਰ ਸਿੰਘ, ਜਸਵੀਰ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਜੀਤ ਸਿੰਘ, ਭੁਪਿੰਦਰ ਸਿੰਘ, ਪ੍ਰਵੀਨ ਕੁਮਾਰ ਗੁਪਤਾ ਤੇ ਵਰਿੰਦਰ ਕੁਮਾਰ ਉਹਰੀ ਖਿਲਾਫ਼ ਆਈਪੀਸੀ ਦੀ ਧਾਰਾ 420, 465, 467, 468, 471, 120 ਬੀ ਤੇ ਪਾਪਰਾ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਜਾਂਚ ਜਾਰੀ ਹੈ
ਤਫ਼ਤੀਸੀ ਅਫ਼ਸਰ ਗੁਰਦੀਪ ਸਿੰਘ ਨੇ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਕੁਲਦੀਪ ਕੁਮਾਰ ਤਿਵਾੜੀ ਦੀ ਅਗਵਾਈ ’ਚ ਸਮੂਹ ਕਲੋਨੀ ਵਾਸੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕੁੱਲ 14 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਪਰ ਹਾਲੇ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਸ਼ਿਕਾਇਤਕਰਤਾ ਮੁਤਾਬਕ ਕੁੱਝ ਵਿਅਕਤੀਆਂ ਦੇ ਨਾਂਅ ਐੱਫਆਈਆਰ ’ਚ ਸ਼ਾਮਲ ਨਾ ਕੀਤੇ ਜਾਣ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।