ਲਵਪ੍ਰੀਤ ਖੁਦਕੁਸ਼ੀ ਮਾਮਲਾ: ਵਿਸਰਾ ਰਿਪੋਰਟ ’ਚ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋਣ ਦਾ ਹੋਇਆ ਖੁਲਾਸਾ
ਪੁਲਿਸ ਨੇ ਮਿ੍ਰਤਕ ਦੀ ਪਤਨੀ ਖਿਲਾਫ਼ ਦਰਜ਼ ਮਾਮਲੇ ’ਚ 306 ਦਾ ਕੀਤਾ ਵਾਧਾ
(ਜਸਵੀਰ ਸਿੰਘ ਗਹਿਲ) ਧਨੌਲਾ/ ਬਰਨਾਲਾ। ਜ਼ਿਲੇ੍ਹ ਦੇ ਕੋਠੇ ਗੋਬਿੰਦਪੁਰਾ ਦੇ ਬਹੁ ਚਰਚਿਤ ਮਾਮਲੇ ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਵਿਸਰਾ ਰਿਪੋਰਟ ਦੇ ਅਧਾਰ ’ਤੇ ਦਰਜ਼ ਮਾਮਲੇ ਵਿੱਚ ਖੁੱਡੀ ਵਾਸੀ ਬੇਅੰਤ ਕੌਰ ਖਿਲਾਫ਼ 306 ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿੱਚ ਪੁਲਿਸ ਵੱਲੋਂ ਮਿ੍ਰਤਕ ਲਵਪ੍ਰੀਤ ਸਿੰਘ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ’ਤੇ ਮਿ੍ਰਤਕ ਦੀ ਵਿਦੇਸ਼ ਰਹਿ ਰਹੀ ਪਤਨੀ ਬੇਅੰਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਖੁੱਡੀ ਕਲਾਂ ਖਿਲਾਫ਼ ਪੁਲਿਸ ਕੇਸ ਪਹਿਲਾਂ ਹੀ ਦਰਜ਼ ਕਰ ਲਿਆ ਸੀ।
ਦੱਸ ਦਈਏ ਕਿ ਮਿ੍ਰਤਕ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚਾ ਹਰਵਿੰਦਰ ਸਿੰਘ ਵਲੋਂ ਮਾਮਲੇ ਨੂੰ ਕਿਸਾਨ ਯੂਨੀਅਨਾਂ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਜ਼ਰੀਏ ਉਜਾਗਰ ਕਰਨ ਪਿੱਛੋਂ ਮਹਿਲਾ ਕਮਿਸਨ ਪੰਜਾਬ ਦੀ ਚੇਅਰਪਰਸਨ ਮਨੀਸਾ ਗੁਲਾਟੀ ਨੇ ਕੋਠੇ ਗੋਬਿੰਦਪੁਰਾ ਪੁੱਜ ਕੇ ਮਿ੍ਰਤਕ ਲਵਪ੍ਰੀਤ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਸੀ ਕਿ ਮਾਮਲੇ ’ਚ ਦੋਸੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰੰਤੂ ਮਾਮਲੇ ਵਿੱਚ ਢੁਕਵੀਂ ਕਾਰਵਾਈ ਨਾ ਹੁੰਦੀ ਦੇਖ ਕੇ ਪਰਿਵਾਰ ਨੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ 21 ਜੁਲਾਈ ਅਤੇ ਫੇਰ 29 ਜੁਲਾਈ ਨੂੰ ਸੰਗਰੂਰ- ਬਰਨਾਲਾ ਮੁੱਖ ਮਾਰਗ ਜਾਮ ਕਰ ਕੇ ਰੋਸ ਮੁਜਾਹਰਾ ਕੀਤਾ ਸੀ।
ਜਿਸ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਡੀ.ਐੱਸ.ਪੀ. ਲਖਵੀਰ ਸਿੰਘ ਟਿਵਾਣਾ ਤੇ ਡੀ.ਐਸ.ਪੀ. ਬਿ੍ਜ ਮੋਹਨ ਸਮੇਤ ਸਬੰਧਿਤ ਥਾਣੇ ਦੇ ਅਧਿਕਾਰੀਆਂ ਨੇ ਮੁਜਾਹਰਾਕਾਰੀਆਂ ਸਮੇਤ ਹਾਜਰੀਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵਿਸਰਾ ਰਿਪੋਰਟ ਆਉਣ ’ਤੇ ਇਨਸਾਫ ਦਾ ਭਰੋਸਾ ਦਿਵਾਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਵਿਸਰਾ ਰਿਪੋਰਟ ਵਿੱਚ ਲਵਪ੍ਰੀਤ ਸਿੰਘ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋਣ ਦਾ ਖੁਲਾਸਾ ਹੋਇਆ ਹੈ, ਜਿਸ ਦੇ ਅਧਾਰ ’ਤੇ ਬੇਅੰਤ ਕੌਰ ਖਿਲਾਫ਼ ਦਰਜ ਮਾਮਲੇ ਵਿੱਚ 306 ਦਾ ਵਾਧਾ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ