
Zero Electricity Bill: ਜਲੰਧਰ। ਮੁਫ਼ਤ ਬਿਜਲੀ ਸਕੀਮ ਦੌਰਾਨ ਪੰਜਾਬ ’ਚ ਜ਼ੀਰੋ ਬਿੱਲ ਆ ਰਹੇ ਹਨ। ਅਜਿਹੇ ’ਚ ਅਜੇ ਵੀ ਲੋਕ ਘੱਟ ਯੂਨਿਟਾਂ ਦੇ ਚੱਕਰ ਵਿੱਚ ਕੁੰਡੀ ਲਾਉਣ ਵਾਲਾ ਜੁਗਾੜ ਲਾ ਰਹੇ ਹਨ। ਕੁੰਡੀ ਨਾਲ ਸਿੱਧੀ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਵਿਭਾਗ ਨੇ ਤਿਆਰੀ ਖਿੱਚ ਲਈ ਹੈ।
ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਬਿਜਲੀ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ 8.39 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ, ਜਦਕਿ ਕਾਨੂੰਨੀ ਕਾਰਵਾਈ ਨੂੰ ਵੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਅਤੇ ਆਸ-ਪਾਸ ਦੇ ਸਰਕਲਾਂ ਵਿਚ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਦਿਆਂ 4 ਵੱਡੇ ਕੇਸ ਫੜੇ ਗਏ ਹਨ। Zero Electricity Bill
Read Also : CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ
ਕੈਂਟ ਡਿਵੀਜ਼ਨ ਦੇ ਕਰੋਲ ਬਾਗ ਇਲਾਕੇ ਵਿਚ ਇਕ ਸੈਲੂਨ ਵੱਲੋਂ ਕੀਤੀ ਗਈ ਬਿਜਲੀ ਚੋਰੀ ਦੇ ਮਾਮਲੇ ਵਿਚ 3.74 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਕਤ ਵਿਅਕਤੀ ਵੱਲੋਂ ਐੱਲ. ਟੀ. ਲਾਈਨ ਤੋਂ 12 ਮੀਟਰ ਕੇਬਲ ਜੋੜ ਕੇ ਸਿੱਧੀ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸੇ ਸੈਲੂਨ ਵਾਲੀ ਬਿਲਡਿੰਗ ਦੇ ਇਕ ਕਮਰੇ ਵਿਚ ਬਿਜਲੀ ਕੁਨੈਕਸ਼ਨ ਮੌਜੂਦ ਸੀ, ਜਿੱਥੇ ਘਰੇਲੂ ਵਰਤੋਂ ਲਈ ਸਿੱਧੀ ਤਾਰ ਜੋੜ ਕੇ ਏ. ਸੀ. ਚਲਾਇਆ ਜਾ ਰਿਹਾ ਸੀ, ਜਿਸ ਲਈ ਵੱਖਰਾ ਜ਼ੁਰਮਾਨਾ ਕੀਤਾ ਗਿਆ ਹੈ।
Zero Electricity Bill
ਇਸੇ ਤਰ੍ਹਾਂ ਮਲਕੋ ਗੇਟ ਲਾਂਬੜਾ ਇਲਾਕੇ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਬਿਜਲੀ ਦੀ ਸਪਲਾਈ ਲਈ ਐੱਲਟੀ ਲਾਈਨ ਤੋਂ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਮੌਕੇ ’ਤੇ ਹੀ ਚੋਰੀ ਵਿਚ ਵਰਤੀ ਜਾ ਰਹੀ ਤਾਰ ਅਤੇ ਹੋਰ ਸਾਮਾਨ ਜ਼ਬਤ ਕਰਦੇ ਹੋਏ 1.73 ਲੱਖ ਦਾ ਜੁਰਮਾਨਾ ਠੋਕਿਆ ਗਿਆ। ਇਕ ਹੋਰ ਕੇਸ ਵਿਚ ਘਰੇਲੂ ਖ਼ਪਤਕਾਰ ਦੇ ਬਿਜਲੀ ਮੀਟਰ ਦੀ ਟਰਮੀਨਲ ਸੀਲ ਟੁੱਟੀ ਹੋਈ ਮਿਲੀ।
ਜਾਂਚ ਵਿਚ ਸਾਹਮਣੇ ਆਇਆ ਕਿ ਮੀਟਰ ਨਾਲ ਆਉਣ-ਜਾਣ ਵਾਲੀਆਂ ਤਾਰਾਂ ਨੂੰ ਐਲੂਮੀਨੀਅਮ ਤਾਰ ਦੀ ਮੱਦਦ ਨਾਲ ਸਿੱਧਾ ਜੋੜ ਕੇ ਮੀਟਰ ਨੂੰ ਬਾਈਪਾਸ ਕੀਤਾ ਗਿਆ ਸੀ, ਜਿਸ ਨਾਲ ਖਪਤਕਾਰ ਵੱਲੋਂ ਬਿਨਾਂ ਮੀਟਰ ਦੇ ਬਿਜਲੀ ਵਰਤੀ ਜਾ ਰਹੀ ਸੀ। ਇਸ ’ਤੇ 4.05 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਇਨ੍ਹਾਂ ਸਾਰੇ ਮਾਮਲਿਆਂ ਵਿਚ ਬਿਜਲੀ ਵਿਚ ਵਰਤੀਆਂ ਜਾ ਰਹੀਆਂ ਤਾਰਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਕੁੱਲ੍ਹ 8.39 ਲੱਖ ਦਾ ਜ਼ੁਰਮਾਨਾ ਲਾਇਆ ਗਿਆ।