ਬਰਨਾਲਾ ਰੈਲੀ ਦੌਰਾਨ ਪਾਰਟੀ ਦੇ ਦਲਿਤ ਆਗੂਆਂ ਦਾ ਕੀਤਾ ਵਿਸ਼ੇਸ਼ ਜ਼ਿਕਰ
ਪਹਿਲੀ ਵਾਰ ਭਗਵੰਤ ਮਾਨ ਨੂੰ ਬਣਾਇਆ ਪਾਰਟੀ ਦਾ ਅਗਵਾਈਕਾਰ
ਪਟਿਆਲਾ | ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਰੈਲੀ ਕਰਕੇ ਲੋਕ ਸਭਾ ਚੋਣਾਂ ਦੇ ਕੀਤੇ ਸੰਖਨਾਦ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਿੱਥੇ ਇਸ ਰੈਲੀ ਵਿੱਚ ਦਲਿਤ ਕਾਰਡ ਨੂੰ ਉਭਾਰਿਆ ਗਿਆ ਹੈ, ਉੱਥੇ ਆਪ ਦੀ ਕਮਾਂਡ ਸਿੱਧਾ ਭਗਵੰਤ ਮਾਨ ਹਵਾਲੇ ਕਰ ਦਿੱਤੀ ਗਈ ਹੈ। ਇੱਧਰ ਆਮ ਪਾਰਟੀ Àੁੱਪਰ ਵਿਰੋਧੀ ਧਿਰਾਂ ਵੱਲੋਂ ਦੂਹਰੇ ਮਾਪਦੰਡ ਵਰਤਨ ਦੀ ਗੱਲ ਆਖੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮਾਲਵਾ ਖਿੱਤੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਕੀਤੀ ਰੈਲੀ ਨੇ ਪੰਜਾਬ ਦੀ ਸਿਆਸਤ ਨੂੰ ਲੋਕ ਸਭਾ ਚੋਣਾ ਦਾ ਤੜਕਾ ਲਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਸ ਰੈਲੀ ਦੌਰਾਨ ਦਲਿਤ ਕਾਰਡ ਉੱਪਰ ਜਿਆਦਾ ਜ਼ੋਰ ਦਿੱਤਾ ਗਿਆ ਹੈ, ਜਿਸ ਤੋਂ ਜਾਪ ਰਿਹਾ ਹੈ ਕਿ ਉਹ ਪੰਜਾਬ ਅੰਦਰ ਦਲਿਤ ਵੋਟ ਬੈਂਕ ਉੱਪਰ ਅੱਖ ਰੱਖੀ ਬੈਠੇ ਹਨ। ਪੰਜਾਬ ਅੰਦਰ ਲਗਭਗ 34 ਫੀਸਦੀ ਦਲਿਤ ਵੋਟ ਬੈਂਕ ਹੈ, ਜਿਸ ਰਾਹੀਂ ਉਹ ਪੰਜਾਬ ਦੀਆਂ ਲੋਕ ਸਭਾ ਸੀਟਾਂ ਉੱਪਰ ਆਪਣੇ ਉਮੀਦਵਾਰਾਂ ਦੀ ਜਿੱਤ ਤਲਾਸ਼ ਰਹੇ ਹਨ। ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਇਹ ਵੀ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਵਿਸ਼ੇਸ਼ ਅਹੁਦਿਆਂ ‘ਤੇ ਦਲਿਤ ਵਿਧਾਇਕਾਂ ਨੂੰ ਬਿਠਾਇਆ ਗਿਆ ਹੈ। ਉਨ੍ਹਾਂ ਇਸ ਰੈਲੀ ਦੌਰਾਨ ਖਾਸ ਕਰਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ ਬਾਬਾ ਸਾਹਿਬ ਭੀਮ ਰਾਓ ਅੰਬਡੇਕਰ ਦੇ ਪਦ ਚਿੰਨ੍ਹਾਂ ‘ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਅਬੰਡੇਕਰ ਵੀ ਵਕੀਲ ਸਨ ਜਦਕਿ ਚੀਮਾ ਵੀ ਵਕੀਲ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ, ਆਪ ਦੇ ਕੋਰ ਕਮੇਟੀ ਦੇ ਚੇਅਰਮੈਂਨ ਪ੍ਰਿੰਸੀਪਲ ਬੁੱਧ ਸਿੰਘ ਦਾ ਨਾਂਅ ਲਿਆ। ਨਾਲ ਹੀ ਉਨ੍ਹਾਂ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਰਾਜ ਦਾ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ‘ਆਪ’ ਦੀ ਉਚੇਰੀ ਪੰਜ ਮੈਂਬਰੀ ਕਮੇਟੀ ਵਿੱਚ ਲਿਆ ਗਿਆ ਹੈ। ਕੇਜਰੀਵਾਲ ਵੱਲੋਂ ਕੈਪਟਨ ਸਰਕਾਰ ਉੱਪਰ ਦਲਿਤ ਵਰਗ ਨੂੰ ਅੱਖੋਂ ਪਰੋਖੇ ਕਰਨ ਦਾ ਵੀ ਦੋਸ਼ ਲਾਇਆ। ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ਵੀ ਪਿਛਲੀਆ ਵਿਧਾਨ ਸਭਾ ਚੋਣਾ ਮੌਕੇ ਦਲਿਤ ਪੱਤਾ ਖੇਡਿਆ ਗਿਆ ਸੀ, ਅਤੇ ਉਸ ਮੌਕੇ ਵਿਰੋਧੀ ਧਿਰ ਦਾ ਆਗੂ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਲਗਾਇਆ ਗਿਆ ਸੀ। ਕੇਜਰੀਵਾਲ ਵੀ ਕਾਂਗਰਸ ਦੇ ਰਾਹ ‘ਤੇ ਚੱਲ ਕੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਨਿਗ੍ਹਾ ਟਿਕਾਈ ਬੈਠੇ ਹਨ। ਉਂਜ ਕੇਜਰੀਵਾਲ ਵੱਲੋਂ ਪਹਿਲੀ ਵਾਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪਾਰਟੀ ਦਾ ਅਗਵਾਈਕਾਰ ਆਗੂ ਐਲਾਨਿਆ ਗਿਆ ਹੈ ਅਤੇ ਲੋਕ ਸਭਾ ਚੋਣਾ ‘ਚ ਭਗਵੰਤ ਮਾਨ ਦੇ ਟੋਟਕਿਆ ਰਾਹੀਂ ਵੋਟ ਬੈਂਕ ਨੂੰ ਪਾਰਟੀ ਵੱਲ ਖਿੱਚਣ ਦੀ ਜੁਗਤ ਘੜੀ ਗਈ ਹੈ। ਦੱਸਣਯੋਗ ਹੈ ਕਿ ਦੁਆਬਾ ਖ਼ੇਤਰ ਸਮੇਤ ਮਾਝਾ ਅੰਦਰ ਵੀ ਕੇਜਰੀਵਾਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਰੈਲੀ ਕੀਤੀ ਜਾਵੇਗੀ। ਦੁਆਬਾ ਖੇਤਰ ਅੰਦਰ ਵੀ ਦਲਿਤ ਭਾਈਚਾਰਾ ਜਿਆਦਾ ਭਾਰੂ ਹੈ।
ਇੱਧਰ ਕੇਜਰੀਵਾਲ ਦੀ ਰੈਲੀ ਨੂੰ ਵਿਰੋਧੀ ਧਿਰਾਂ ਵੱਲੋਂ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਲੀ ਆਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਕਰਦਾ ਹੈ ਜਦਕਿ ਉਸ ਵੱਲੋਂ ਸਾਰਾ ਜ਼ੋਰ ਦਿੱਲੀ ਦੇ ਆਪਣੇ ਕੰਮਾਂ ਉੱਪਰ ਦਿੱਤਾ ਗਿਆ। ਵਿਰੋਧੀਆਂ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ਅੰਦਰ ਹੋਰ ਸਟੈਂਡ ਰੱਖਦੇ ਹਨ, ਹਰਿਆਣਾ ਅੰਦਰ ਹੋਰ ਜਦਕਿ ਦਿੱਲੀ ਅੰਦਰ ਅਲੱਗ ਡਫਲੀ ਵਜਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਕੇਜਰੀਵਾਲ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ, ਕਿਉਂਕਿ ਇਸ ਵੱਲੋਂ ਪਹਿਲਾਂ ਹੀ ਪੰਜਾਬ ਅੰਦਰ ਆਪ ਨੂੰ ਮਜ਼ਬੂਤ ਕਰਨ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।