ਬਠਿੰਡਾ (ਸੁਖਜੀਤ ਮਾਨ)। ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਸੰਸਦੀ ਚੋਣਾਂ ਦੇ ਪ੍ਰਚਾਰ ਨੇ ਸਿਆਸੀ ਪਾਰਾ ਵੀ ਚੜ੍ਹਾ ਦਿੱਤਾ ਹੈ। ਪੰਜਾਬ ਦੇ ਅਹਿਮ ਹਲਕਿਆਂ ’ਚੋਂ ਇੱਕ ਮੰਨੇ ਜਾਂਦੇ ਹਲਕਾ ਬਠਿੰਡਾ ’ਚ ਉਮੀਦਵਾਰਾਂ ਨੇ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਮੁੱਖ ਸਿਆਸੀ ਧਿਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ-ਦੂਜੇ ਨੂੰ ਸਿਆਸੀ ਠਿੱਬੀ ਲਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਪ੍ਰਚਾਰ ਦੌਰਾਨ ਲੋਕ ਮਸਲੇ ਹੇਠਾਂ ਰਹਿ ਗਏ ਤੇ ਨਿੱਜੀ ਹਮਲੇ ਜੋਰ-ਸ਼ੋਰ ਨਾਲ ਹੋ ਰਹੇ ਹਨ। (Lok Sabha Election 2024)
ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਰਸਿਮਰਤ ਕੌਰ ਬਾਦਲ, ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਮੁਕਤ ਆਈਏਐੱਸ ਪਰਮਪਾਲ ਕੌਰ, ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਮੈਦਾਨ ’ਚ ਹਨ। ਇਨ੍ਹਾਂ ਪ੍ਰਮੁੱਖ ਪਾਰਟੀਆਂ ’ਚੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਆਪਣੀ ਆਈਏਐੱਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਚੋਣ ਲੜ ਰਹੇ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ’ਚੋਂ ਕਾਂਗਰਸ ’ਚ ਆਏ ਹਨ। (Lok Sabha Election 2024)
ਹਲਕੇ ਦੇ ਸਾਰੇ ਉਮੀਦਵਾਰਾਂ ’ਚੋਂ ਸਿੱਧੂ ਨੇ ਜ਼ਿਆਦਾ ਵਾਰ ਦਲ ਬਦਲੀ ਕੀਤੀ ਹੈ। ਇਨ੍ਹਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਮਾਇਤ ਪ੍ਰਾਪਤ ਉਮੀਦਵਾਰ ਲੱਖਾ ਸਿੰਘ ਸਿਧਾਣਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਪੰਜਾਬ ਸੋਸ਼ਲਿਸਟ ਗਠਜੋੜ ਦੇ ਸਾਂਝੇ ਉਮੀਦਵਾਰ ਭਗਵੰਤ ਸਿੰਘ ਸਮਾਓਂ, ਬਹੁਜਨ ਸਮਾਜ ਪਾਰਟੀ ਵੱਲੋਂ ਲਖਬੀਰ ਸਿੰਘ ਨਿੱਕਾ ਚੋਣ ਮੈਦਾਨ ’ਚ ਹਨ। (Lok Sabha Election 2024)
ਲੋਕ ਸਭਾ ਹਲਕੇ ’ਚ ਹਨ 9 ਵਿਧਾਨ ਸਭਾ ਹਲਕੇ | Lok Sabha Election 2024
ਲੋਕ ਸਭਾ ਹਲਕਾ ਬਠਿੰਡਾ ’ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਲੰਬੀ, ਜ਼ਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਮੰਡੀ, ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਮੌੜ ਮੰਡੀ। ਜ਼ਿਲ੍ਹਾ ਮਾਨਸਾ ’ਚੋਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਧਾਨ ਸਭਾ ਹਲਕਾ ਹਨ।
ਆਪ ਉਮੀਦਵਾਰ ਦੀ ਤਾਕਤ | Lok Sabha Election 2024
ਪੰਜਾਬ ਦੇ ਖੇਤੀਬਾੜੀ ਮੰਤਰੀ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਕਰਕੇ ਚਰਚਾ ’ਚ ਆਏ ਸਨ। ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਵੀ ਸੰਸਦ ਮੈਂਬਰ ਸਨ।
ਚੁਣੌਤੀਆਂ
ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਆਪਣੇ ਹੀ ਲੋਕ ਸਭਾ ਹਲਕਾ ਬਠਿੰਡਾ ’ਚ ਗੜੇਮਾਰੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੇ। ਚੋਣ ਪ੍ਰਚਾਰ ’ਚ ਲੋਕਾਂ ਵੱਲੋਂ ਕਈ ਥਾਈਂ ਉਨ੍ਹਾਂ ਤੋਂ ਇਸ ਸਬੰਧੀ ਸਵਾਲ ਕਰਕੇ ਜਵਾਬ ਮੰਗੇ ਜਾ ਰਹੇ ਹਨ।
ਕਾਂਗਰਸ ਉਮੀਦਵਾਰ ਦੀ ਤਾਕਤ | Lok Sabha Election 2024
ਚਾਰ ਵਾਰ ਵਿਧਾਨ ਸਭਾ ਚੋਣ ਜਿੱਤਣ ’ਚ ਸਫਲ ਰਹੇ ਹਨ। ਆਜ਼ਾਦ, ਕਾਂਗਰਸ ਅਤੇ ਅਕਾਲੀ ਦਲ, ਜਿੱਥੇ ਵੀ ਰਹੇ ਉਨ੍ਹਾਂ ਪਾਰਟੀ ਦੇ ਨਾਲ-ਨਾਲ ਆਪਣੇ ਨਿੱਜੀ ਅਸਰ ਰਸੂਖ ਨਾਲ ਵੀ ਲੋਕਾਂ ਨੂੰ ਜੋੜਿਆ, ਜੋ ਪਾਰਟੀ ਬਦਲਦਿਆਂ ਹੀ ਉਨ੍ਹਾਂ ਦੇ ਨਾਲ ਚਲੇ ਜਾਂਦੇ ਹਨ।
ਚੁਣੌਤੀਆਂ
ਪਿੰਡਾਂ-ਸ਼ਹਿਰਾਂ ’ਚ ਚਰਚਾ ਹੈ ਕਿ ਇਹ ਉਮੀਦਵਾਰ ਕਿਸੇ ਇੱਕ ਧਿਰ ਨਾਲ ਜੁੜ ਕੇ ਰਹਿਣ ਦੀ ਥਾਂ ਸਿਆਸੀ ਪਾਲੇ ਬਦਲਣ ’ਚ ਮਾਹਿਰ ਹੈ। ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਪਾਰਟੀ ਬਦਲ ਕੇ ਟਿਕਟ ਮਿਲਣ ’ਤੇ ਕੁੱਝ ਵਰਕਰ ਦਿਲੋਂ ਪ੍ਰਚਾਰ ’ਚ ਨਹੀਂ ਜੁਟੇ।
ਅਕਾਲੀ ਉਮੀਦਵਾਰ ਦੀ ਤਾਕਤ
ਸਾਲ 2009 ਤੋਂ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ। ਕੇਂਦਰ ’ਚ ਮੰਤਰੀ ਵੀ ਰਹੇ ਤੇ ਬਤੌਰ ਸੰਸਦ ਮੈਂਬਰ ਕਈ ਕੇਂਦਰੀ ਪ੍ਰੋਜੈਕਟ ਬਠਿੰਡਾ ਜ਼ਿਲ੍ਹੇ ’ਚ ਲਿਆਂਦੇ ਗਏ। ਇਨ੍ਹਾਂ ਪ੍ਰੋਜੈਕਟਾਂ ਦਾ ਜ਼ਿਕਰ ਉਹ ਆਪਣੇ ਚੋਣ ਪ੍ਰਚਾਰ ’ਚ ਲਗਾਤਾਰ ਕਰ ਰਹੇ ਹਨ।
ਚੁਣੌਤੀਆਂ
ਆਪਣੇ ਸਹੁਰਾ ਪਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਪਹਿਲੀ ਚੋਣ ਲੜ ਰਹੇ ਹਨ। ਸ੍ਰ. ਬਾਦਲ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਰਹੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਮੈਦਾਨ ’ਚ ਹਨ, ਜੋ ਸਿੱਧੇ-ਅਸਿੱਧੇ ਤੌਰ ’ਤੇ ਅਕਾਲੀ ਵੋਟ ਬੈਂਕ ਨੂੰ ਪ੍ਰਭਾਵਿਤ ਕਰਨਗੇ। ਪਹਿਲਾਂ ਤਿੰਨ ਖੇਤੀ ਕਾਨੂੰਨ ਦੇ ਹੱਕ ’ਚ ਡਟਣ ਤੇ ਫਿਰ ਵਿਰੋਧ ਕਰਨ ਕਰਕੇ ਕਿਸਾਨੀ ਮਸਲਿਆਂ ਦੀ ਚੁਣੌਤੀ ਵੀ ਹੈ।
ਭਾਜਪਾ ਉਮੀਦਵਾਰ ਦੀ ਤਾਕਤ
ਭਾਰਤ ਦੇ ਸਰਵੋਤਮ ਪ੍ਰਸ਼ਾਸਨਿਕ ਅਹੁਦੇ ਆਈਏਐੱਸ ਤੋਂ ਸੇਵਾ ਮੁਕਤ ਉਮੀਦਵਾਰ ਹਨ। ਸਹੁਰਾ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ’ਚ ਮੰਤਰੀ ਰਹੇ ਤੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਜਿਨ੍ਹਾਂ ਦਾ ਲੋਕ ਸਭਾ ਹਲਕਾ ਬਠਿੰਡਾ ’ਚ ਚੰਗਾ ਅਸਰ ਰਸੂਖ ਹੈ।
ਚੁਣੌਤੀਆਂ
ਕਿਸਾਨੀ ਨਾਲ ਸਬੰਧਿਤ ਮਸਲਿਆਂ ਕਰਕੇ ਭਾਜਪਾ ਉਮੀਦਵਾਰ ਦਾ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਥਾਵਾਂ ’ਤੇ ਵਿਰੋਧ ਹੋਇਆ ਹੈ। ਸਹੁਰਾ ਸਿਕੰਦਰ ਸਿੰਘ ਮਲੂਕਾ ਸਿਆਸੀ ਸੰਕਟ ’ਚ ਘਿਰੇ ਹੋਏ ਹਨ। ਉਨ੍ਹਾਂ ਨੇ ਨਾ ਤਾਂ ਹਾਲੇ ਤੱਕ ਅਕਾਲੀ ਦਲ ਨੂੰ ਅਲਵਿਦਾ ਕਿਹਾ ਹੈ ਅਤੇ ਨਾ ਹੀ ਆਪਣੀ ਨੂੰਹ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਸਗੋਂ ਸਿਆਸੀ ਤੌਰ ’ਤੇ ਚੁੱਪ ਹਨ।
ਹਲਕੇ ਦੇ ਵੱਡੇ ਮੁੱਦੇ
ਲੋਕ ਸਭਾ ਹਲਕਾ ਬਠਿੰਡਾ ’ਚ ਅਨੇਕਾਂ ਮੁੱਦੇ ਹਨ, ਜਿਨ੍ਹਾਂ ਦਾ ਕਈ ਵਰਿ੍ਹਆਂ ਤੋਂ ਕੋਈ ਠੋਸ ਹੱਲ ਨਹੀਂ ਨਿੱਕਲਿਆ। ਹਲਕੇ ’ਚ ਪੈਂਦੇ ਮੁੱਖ ਸ਼ਹਿਰਾਂ ਬਠਿੰਡਾ, ਮਾਨਸਾ, ਮੌੜ ਮੰਡੀ, ਰਾਮਾਂ ਮੰਡੀ ਤੇ ਤਲਵੰਡੀ ਸਾਬੋ ’ਚ ਸੀਵਰੇਜ ਦੀ ਨਿਕਾਸੀ ਪ੍ਰਮੁੱਖ ਸਮੱਸਿਆ ਹੈ। ਬਰਸਾਤਾਂ ਦੇ ਦਿਨਾਂ ’ਚ ਤਾਂ ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਸਮੁੰਦਰ ਬਣ ਜਾਂਦੀਆਂ ਹਨ। ਤਲਵੰਡੀ ਸਾਬੋ ਵਾਸੀ ਦੱਸਦੇ ਹਨ ਕਿ ਸੀਵਰੇਜ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਦੇ ਪੀਣ ਵਾਲੇ ਪਾਣੀ ’ਚ ਵੀ ਸੀਵਰੇਜ ਦਾ ਪਾਣੀ ਰਲ ਕੇ ਕਈ ਵਾਰ ਆਉਂਦਾ ਹੈ।
Also Read : ਹਲਕਾ ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਅਧਵਾਟੇ ਲਟਕ ਰਹੇ ਨੇ ਹਲਕੇ ਦੇ ਲੋਕ-ਮਸਲੇ
ਮਾਨਸਾ ਸ਼ਹਿਰ ਦੇ ਸੀਵਰੇਜ ਦਾ ਵੀ ਐਨਾ ਬੁਰਾ ਹਾਲ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਸਦੇ ਹੱਲ ਦੀ ਮੰਗ ਲਈ ਸ਼ਹਿਰ ਨਿਵਾਸੀਆਂ ਨੇ ਪੱਕੇ ਤੌਰ ’ਤੇ ਧਰਨਾ ਲਾਇਆ ਹੋਇਆ ਹੈ। ਬਠਿੰਡਾ ’ਚ ਬੇਸਹਾਰਾ ਪਸ਼ੂ, ਟ੍ਰੈਫਿਕ ਸਮੱਸਿਆ ਵੀ ਲੋਕਾਂ ਨੂੰ ਪੇਸ਼ ਆ ਰਹੀ ਹੈ। ਪਰਸ ਤੇ ਚੈਨੀਆਂ ਝਪਟਣ ਆਦਿ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ। ਸਵੇਰ ਦੀ ਸੈਰ ਕਰਨ ਵੇਲੇ ਵੀ ਸ਼ਹਿਰ ’ਚ ਲੋਕ ਸੁਰੱਖਿਅਤ ਨਹੀਂ ਹਨ। ਜ਼ਿਲ੍ਹਾ ਮਾਨਸਾ ਦੇ ਘੱਗਰ ਦੇ ਨਾਲ ਲੱਗਦੇ ਇਲਾਕੇ ਹਰ ਸਾਲ ਘੱਗਰ ਦੀ ਮਾਰ ਝੱਲਦੇ ਹਨ। ਕਿਸੇ ਵੀ ਸਰਕਾਰ ਨੇ ਘੱਗਰ ਪੀੜਤ ਇਲਾਕੇ ਦੇ ਲੋਕਾਂ ਦੀ ਸਾਰ ਨਹੀਂ ਲਈ, ਜਿਨ੍ਹਾਂ ਦਾ ਹਰ ਵਰ੍ਹੇ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੀਆਂ Çਲੰਕ ਸੜਕਾਂ ’ਚ ਵੀ ਥਾਂ-ਥਾਂ ਟੋਏ ਹਨ। ਕਈ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਨਹੀਂ।