ਜੋੋ ਗੈਰਾਂ ਲਈ ਜਿਊਂਦਾ
ਇਹ ਸੁਣ ਉਸ ਦੇ ਢਿੱਡ ਵਿੱਚ ਤੇਜ ਗੁੱਰਾਟ ਹੋਈ। ਇਹ ਇੱਕ ਮਿੱਠਾ ਅਹਿਸਾਸ ਸੀ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਦਿਲ ਕਰਦਾ ਸੀ ਕਿ ਦੌੜੀ ਜਾਵੇ ਅਤੇ ਆਪਣੇ ਪੁੱਤਰਾਂ ਨੂੰ ਆਪਣੀ ਇਸ ਖੁਸ਼ੀ ਵਿਚ ਸ਼ਰੀਕ ਕਰ ਲਵੇ ਪਰ ਫਿਰ ਉਹ ਕੁਝ ਸੋਚ ਰੁਕ ਗਈ ਕਿ ਜੇਕਰ ਉਸਦੇ ਪੁੱਤਰਾਂ ਸਿਰਫ ਉਸਨੂੰ ਜਰਾ ਕੁ ਪੈਸਿਆਂ ਦੇ ਲਾਲਚ ਸਦਕਾ ਅਪਣਾਇਆ ਤਾਂ ਇਹ ਉਸ ਲਈ ਅਸਹਿ ਹੋਵੇਗਾ।
ਜਦ ਦੀਪੇ ਤੇ ਨਿੰਮੇ ਨੂੰ ਉਹਨਾਂ ਦੇ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਉਹਨਾਂ ਦੀ ਮਾਈ ਦੀ ਲਾਟਰੀ ਨਿੱਕਲੀ ਹੈ । ਦੋਵੇਂ ਉਸ ਖੁਸ਼ੀ ਦਾ ਅਨੁਮਾਨ ਨਹੀਂ ਲਾ ਪਾ ਰਹੇ ਸਨ ਜੋ ਲਾਟਰੀ ਜਿੱਤਣ ’ਤੇ ਰਕਮ ਮਿਲਣ ਵਾਲੀ ਸੀ। ਦੀਪਾ ਬਗਲ ਵਿੱਚ ਅਖਬਾਰ ਦਬਾਈ ਕਈ ਵਾਰ ਇੱਧਰ ਤੋਂ ਉੱਧਰ ਚਹਿਲਕਦਮੀ ਕਰਦਾ ਰਿਹਾ। ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ-ਆਪ ਨੂੰ ਕੁੱਝ ਵੱਖਰਾ ਤੇ ਅਮੀਰ ਮਹਿਸੂਸ ਕਰ ਰਹੇ ਸਨ।
ਨਿੰਮਾ ਸੋਚ ਰਿਹਾ ਸੀ, ‘‘ਮਾਈ ਦਾ ਇਨਾਮ ਨਿੱਕਲਿਆ ਸਮਝੋ ਸਾਡਾ ਇਨਾਮ ਨਿੱਕਲਿਆ, ਇਹ ਇਨਾਮ ਦੀ ਰਕਮ ਤਾਂ ਮਾਈ ਸਾਨੂੰ ਹੀ ਦੇਵੇਗੀ! ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਜਿੱਤ ਗਏ! ਤਾਂ ਹੁਣ ਅਸੀਂ ਆਪਣੇ ਜੀਣ ਦਾ ਢੰਗ ਬਦਲ ਦੇਵਾਂਗੇ।’’ ਫਿਰ ਇੱਕ-ਇੱਕ ਕਰਕੇ ਉਹਨਾਂ ਨੂੰ ਆਪਣੀ ਮਾਈ ਨਾਲ ਕੀਤੇ ਬੁਰੇ ਵਰਤਾਰੇ ਯਾਦ ਆਏ।
ਸੋਚਣ ਲੱਗੇ, ‘‘ਮਾਂ ਦਾ ਦਿਲ ਵੱਡਾ ਹੁੰਦਾ ਉਹ ਉਹਨਾਂ ਦੀਆਂ ਸਭ ਗਲਤੀਆਂ ਮਾਫ ਕਰ ਦੇਵੇਗੀ।’’ ਉਹ ਇਹ ਵੀ ਜਾਣਦੇ ਸਨ ਕਿ ਜੇਕਰ ਮਾਂ ਨੂੰ ਇਹ ਪਤਾ ਲੱਗ ਗਿਆ ਕਿ ਉਹ ਸਿਰਫ ਪੈਸਿਆਂ ਦੇ ਲਾਲਚ ਕਾਰਨ ਉਹਨੂੰ ਵਾਪਸ ਘਰ ਲੈਣ ਆਏ ਹਨ ਤਾਂ ਉਹ ਕਦੇ ਵੀ ਉਹਨਾਂ ਨਾਲ ਨਹੀਂ ਆਵੇਗੀ। ਇਸ ਲਈ ਉਹਨਾਂ ਇਹ ਫੈਸਲਾ ਕੀਤਾ ਕਿ ਜਿੰਨੀ ਦੇਰ ਮਾਈ ਖੁਦ ਆਪਣੇ ਮੂੰਹੋਂ ਲਾਟਰੀ ਜਿੱਤਣ ਦਾ ਜ਼ਿਕਰ ਨਹੀਂ ਕਰੇਗੀ ਓਨੀ ਦੇਰ ਘਰ ਵਿਚ ਉਹਨਾਂ ’ਚੋਂ ਕੋਈ ਵੀ ਲਾਟਰੀ ਦੇ ਇਨਾਮ ਦਾ ਜਿਕਰ ਨਹੀਂ ਕਰੇਗਾ। ਫਿਰ ਉਹ ਦੌੜ ਕੇ ਬਿਰਧ ਆਸ਼ਰਮ ’ਚੋਂ ਮਾਈ ਨੂੰ ਘਰ ਵਾਪਸ ਲੈ ਆਏ।
ਤਾਰੋ ਘਰ ਆ ਕੇ ਇਸ ਲਈ ਖੁਸ਼ ਸੀ ਕਿ ਆਖਰ ਉਸਦੇ ਪੁੱਤਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਉਸਨੂੰ ਵਾਪਸ ਘਰ ਲੈ ਆਏ। ਇੱਕਦਮ ਅਚਾਨਕ ਸਭ ਕੁਝ ਚੰਗਾ-ਚੰਗਾ ਹੋ ਰਿਹਾ ਸੀ ਉਸ ਨਾਲ ‘‘ਪਹਿਲਾਂ ਇਹ ਫਿਕਰ ਸੀ ਕਿ ਐਨੇ ਸਾਰੇ ਪੈਸਿਆਂ ਦਾ ਕੀ ਕਰਾਂਗੀ? ਹੁਣ ਇਹ ਫਿਕਰ ਵੀ ਲਹਿ ਗਿਆ। ਮੇਰਾ ਸਭ ਕੁਝ ਤਾਂ ਮੇਰੇ ਪੁੱਤਰਾਂ ਦਾ ਹੀ ਹੈ ਸੋ ਇਹਨਾਂ ਨੂੰ ਹੀ ਅੱਧੋ-ਅੱਧ ਵੰਡ ਦੇਵਾਂਗੀ। ਮੈਂ ਕੀ ਕਰਨੀ ਦੌਲਤ, ਮੇਰੀ ਅਸਲੀ ਦੌਲਤ ਤਾਂ ਮੇਰੇ ਬੱਚੇ ਹਨ।’’ ਤਾਰੋ ਮਨ ਵਿਚ ਸੋਚ ਰਹੀ ਸੀ। ਉੁਧਰ ਉਹ ਦੋਵੇਂ ਆਪਣੇ ਖਿਆਲਾਂ ਵਿੱਚ ਉੱਡਦੇ ਫਿਰਦੇ ਸਨ। ‘‘ਜੇ ਮਾਈ ਨੇ ਮੈਨੂੰ ਅੱਧੇ ਪੈਸੇ ਦੇ ਦਿੱਤੇ ਤਾਂ ਸਭ ਤੋਂ ਪਹਿਲਾਂ ਆਪਣਾ ਕਰਜਾ ਲਾਹ ਕੇ ਨਵਾਂ ਘਰ, ਨਵਾਂ ਫਰਨੀਚਰ ਤੇ ਇੱਕ ਸੌਦੇ ਦੀ ਦੁਕਾਨ ਖੋਲ੍ਹਾਂਗਾ।’’ ਨਿੰਮਾ ਮਨ ਹੀ ਮਨ ਸੋਚ ਰਿਹਾ ਸੀ।
ਦੀਪਾ ਸੋਚਦਾ, ‘‘ਜੇ ਮਾਈ ਮੈਨੂੰ ਮੇਰਾ ਅੱਧਾ ਹਿੱਸਾ ਦੇ ਦੇਵੇਗੀ ਤਾਂ ਮੈਂ ਸ਼ਹਿਰ ਕੋਈ ਪਲਾਟ ਖਰੀਦ ਲਵਾਂਗਾ ਫਿਰ ਉਹਨੂੰ ਵੱਧ ਰਕਮ ’ਤੇ ਵੇਚ ਦਿਆ ਕਰਾਂਗਾ ਤੇ ਬਾਕੀ ਬਚੀ ਰਕਮ ਨੂੰ ਵਿਆਜ਼ ’ਤੇ ਦੇ ਦਿਆ ਕਰਾਂਗਾ।’’ ਹੋਰ ਥੋੜ੍ਹੀ ਦੇਰ ਵਿੱਚ ਉਹ ਕੁੱਝ ਨਵਾਂ ਸੋਚਦੇ ਜੋ ਪਹਿਲਾਂ ਸੋਚੀ ਗਈ ਗੱਲ ਨਾਲੋਂ ਅੱਗੇ ਹੁੰਦਾ। ਹੁਣ ਉਹਨਾਂ ਦੋਵਾਂ ਆਪਣੀ ਮਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰਹਾਂ ਨੂੰ ਉਹ ਜ਼ਰਾ ਵੀ ਚੰਗੀ ਨਾ ਲੱਗਦੀ ਸੀ ਉਹੀ ਨੂੰਹਾਂ ਚੌਵੀ ਘੰਟੇ ਆਪਣੀ ਸੱਸ ਦੀ ਸੇਵਾ ਕਰਨ ਲਈ ਤਿਆਰ ਰਹਿੰਦੀਆਂ। ਦੀਪਾ ਤੇ ਨਿੰਮਾ ਹਰ ਰੋਜ਼ ਆਪਣੀ ਮਾਂ ਲਈ ਨਵੇਂ-ਨਵੇਂ ਫਲ-ਫਰੂਟ ਲਿਆਉਂਦੇ ਜੋ ਤਾਰੋ ਨੇ ਕਦੇ ਆਪਣੀ ਜਿੰਦਗੀ ਵਿੱਚ ਨਹੀਂ ਸਨ ਖਾਧੇ । ਉਸ ਨੂੰ ਇਹ ਸਭ ਇੱਕ ਸੁਫ਼ਨਾ ਹੀ ਲੱਗ ਰਿਹਾ ਸੀ ਕਿ ਅਚਾਨਕ ਜਿੰਦਗੀ ਉਸ ਉੱਪਰ ਐਦਾਂ ਵੀ ਮਿਹਰਬਾਨ ਹੋਵੇਗੀ। ਉਸਦੇ ਦੋਵੇਂ ਹੱਥ ਖੁਸ਼ੀਆਂ ਨਾਲ ਭਰੇ ਪਏ ਸਨ।
ਇੱਕ ਦਿਨ ਜਦ ਉਹ ਆਪਣੇ ਪੁੱਤਰਾਂ ਨੂੰਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਈ ਤਾਂ ਉਸ ਫੈਸਲਾ ਕੀਤਾ ਕਿ ਸਭ ਨੂੰ ਲਾਟਰੀ ਦੇ ਇਨਾਮ ਦੀ ਖਬਰ ਸੁਣਾਵੇ। ਦੁਪਹਿਰ ਦਾ ਵੇਲਾ ਸੀ ਉਹ ਆਪਣੇ ਕਮਰੇ ’ਚੋਂ ਉੱਠ ਦੀਪੇ ਦੇ ਕਮਰੇ ਵੱਲ ਗਈ। ਜਿਵੇਂ ਹੀ ਉਹ ਦਰਵਾਜ਼ਾ ਖੋਲ੍ਹ ਅੰਦਰ ਜਾਣ ਲੱਗੀ ਤਾਂ ਉਸ ਨੂੰ ਉਹਨਾਂ ਚਾਰਾਂ ਦੀਆਂ ਆਵਾਜਾਂ ਕੰਨੀ ਪਈਆਂ। ‘‘ਇੱਕ ਮਹੀਨੇ ਤੋਂ ਉੱਤੇ ਟਾਈਮ ਲੰਘ ਗਿਆ ਪਰ ਮਾਈ ਨੇ ਆਪਾਂ ਨੂੰ ਪੈਸੇ ਦੇਣੇ ਤਾਂ ਕੀ ਅਜੇ ਇਨਾਮ ਜਿੱਤਣ ਬਾਰੇ ਕੁਝ ਨਹੀਂ ਦੱਸਿਆ।’’ ਨਿੰਮੇ ਨੇ ਤਲਖੀ ਨਾਲ ਕਿਹਾ।
‘‘ਮੈਂ ਤਾਂ ਮਾਈ ਕੋਲ ਇੱਕ ਪਲ ਨਾ ਬੈਠਾਂ, ਉਹ ਤਾਂ ਪੈਸਿਆਂ ਕਰਕੇ ਉਹਦੀ ਗੋਲੀ ਬਣੀ ਬੈਠੀ ਹਾਂ।’’ ਨਿੰਮੇ ਦੀ ਵਹੁਟੀ ਨੇ ਮੂੰਹ ਬਣਾਉਂਦੀ ਨੇ ਕਿਹਾ। ‘‘ਮੈਨੂੰ ਤਾਂ ਇਹ ਡਰ ਹੈ ਕਿ ਕਿਤੇ ਆਪਾਂ ਮਾਈ ਦੀ ਸੇਵਾ ਕਰਦੇ ਰਹਿ ਜਾਈਏ ਤੇ ਇਨਾਮ ਉਹ ਕਿਸੇ ਹੋਰ ਨੂੰ ਦੇ ਦੇਵੇ!’’ ਦੀਪੇ ਦੀ ਘਰ ਵਾਲੀ ਨੇ ਆਪਣਾ ਪੱਖ ਰੱਖਿਆ । ‘‘ਕੋਈ ਨਾ ਕੋਈ ਸਕੀਮ ਬਣਾ ਕੇ ਜਲਦੀ ਤੋਂ ਜਲਦੀ ਮਾਈ ਦੀ ਸਾਰੀ ਰਕਮ ਆਪਾਂ ਆਪਣੇ ਹੱਥ ਲੈ ਹੀ ਲੈਣੀ ਹੈ ਤੇ ਫਿਰ ਉਹਨੂੰ ਬਿਰਧ ਆਸ਼ਰਮ ਰਵਾਨਾ ਕਰਨਾ। ਮੇਰੇ ਕੋਲ ਇੱਕ ਤਰਕੀਬ ਹੈ ਵੇਖਣਾ ਸ਼ਾਮ ਤੋਂ ਪਹਿਲਾਂ ਮਾਈ ਦੇ ਸਾਰੇ ਪੈਸੇ ਆਪਣੇ ਕੋਲ ਹੋਣਗੇ।’’
ਦੀਪੇ ਨੇ ਵੀ ਆਪਣੀ ਘਰਵਾਲੀ ਦੀ ਗੱਲ ’ਤੇ ਹੁੰਗਾਰਾ ਭਰ ਕੁਝ ਸੋਚਦੇ ਨੇ ਸਭ ਨੂੰ ਆਪਣਾ ਪਲਾਨ ਦੱਸਿਆ ਤਾਰੋ ਤੋਂ ਇਨਾਮ ਦੇ ਪੈਸੇ ਲੈਣ ਲਈ। ‘‘ਇਹਦਾ ਮਤਲਬ ਇਹਨਾਂ ਨੂੰ ਸਭ ਕੁਝ ਪਤਾ ਸੀ ਮੇਰੇ ਇਨਾਮ ਜਿੱਤਣ ਦਾ, ਤੇ ਮੈਨੂੰ ਲੱਗਾ ਮੇਰਾ ਪਿਆਰ ਇਹਨਾਂ ਨੂੰ ਮੇਰੇ ਕੋਲ ਖਿੱਚ ਲਿਆਇਆ? ਮੈਂ ਵੀ ਐਵੇਂ ਕੇਹੀ ਖੁਸ਼ਫਹਿਮੀ ’ਚ ਜਿਊਂਦੀ ਰਹੀ ਐਨੇ ਦਿਨ। ਚੱਲ ਤਾਰੋ ਇੱਥੋਂ ਵਾਪਸ ਮੁੜ ਚੱਲ, ਇਸ ਜਗ੍ਹਾ ਕੁਝ ਨਹੀਂ ਰਹੀ ਤੇਰੀ, ਤੇਰੇ ਪੁੱਤਰਾਂ ਨੂੰ ਤੇਰੇ ਨਾਲ ਪਿਆਰ ਨਹੀਂ ਬਲਕਿ ਤੇਰੀ ਦੌਲਤ ਨਾਲ ਪਿਆਰ ਹੈ।
ਜਿਸ ਦਿਨ ਦਾ ਤੈਨੂੰ ਬੁਢਾਪੇ ਨੇ ਜਕੜ ਲਿਆ ਤੇਰੀ ਏਸ ਘਰ ਵਿਚ ਕੋਈ ਅਹਿਮੀਅਤ ਨਹੀਂ ਰਹੀ, ਤੂੰ ਇੱਕ ਫਾਲਤੂ ਦੀ ਪੁਰਾਣੀ ਵਸਤੂ ਹੋ ਗਈ ਜਿਸ ਲਈ ਘਰ ਵਿਚ ਕੋਈ ਥਾਂ ਨਹੀਂ ਰਹੀ।’’ ਇਹ ਕਹਿ ਕੇ ਉਹ ਉੱਥੋਂ ਵਾਪਸ ਬਿਰਧ ਆਸ਼ਰਮ ਮੁੜ ਆਈ। ਉਸਦੇ ਪੁੱਤਰਾਂ ਬੜੀ ਕੋਸ਼ਿਸ ਕੀਤੀ ਉਸਨੂੰ ਵਾਪਸ ਘਰ ਮੋੜ ਲਿਆਉਣ ਦੀ ਪਰ ਤਾਰੋ ਨੇ ਮਨ੍ਹਾ ਕਰ ਦਿੱਤਾ ਤੇ ਇਨਾਮ ਦੀ ਜਿੱਤੀ ਰਕਮ ਵਿੱਚੋਂ ਅੱਧੀ ਰਕਮ ਉਸ ਬਿਰਧ ਆਸ਼ਰਮ ਨੂੰ ਦਾਨ ਕਰ ਦਿੱਤੀ ਅਤੇ ਦੋ-ਦੋ ਲੱਖ ਰੁਪਏ ਆਪਣੇ ਦੋਵਾਂ ਪੁੱਤਰਾਂ ਨੂੰ ਭਿਜਵਾ ਦਿੱਤੇ ਇਹ ਕਹਿ ਕਿ ਮੈਂ ਤੁਹਾਡੇ ’ਤੇ ਬੋਝ ਨਹੀਂ ਬਣਨਾ ਚਾਹੁੰਦੀ ਸਾਂ ਪਰ ਜੋ ਪਿਛਲੇ ਕੁਝ ਦਿਨ ਤੁਸੀਂ ਸੇਵਾ ਕੀਤੀ ਮੇਰੀ, ਮੈਨੂੰ ਲੱਗਾ ਤੁਹਾਡਾ ਜ਼ਮੀਰ ਜਾਗ ਗਿਆ ਪਰ ਮੈਂ ਗਲਤ ਸਾਂ!
ਮਾਂ-ਪਿਉ ਆਪਣੇ ਬੱਚਿਆਂ ਨੂੰ ਪਾਲ ਸਕਦੇ ਨੇ ਪਰ ਬੱਚੇ ਮਾਪਿਆਂ ਨੂੰ ਨਹੀਂ, ਇਹੀ ਸੱਭਿਆਚਾਰ ਹੈ ਨਾ ਆਪਣਾ! ਤੁਸੀਂ ਤਾਂ ਮੇਰੀ ਇਨਾਮ ਦੀ ਰਕਮ ਲਈ ਇਹ ਸਭ ਕੁਝ ਕਰ ਰਹੇ ਸੋ। ਖੈਰ ਜੋ ਵੀ ਸੀ ਮੈਂ ਸੋਚਾਂਗੀ ਕਿ ਉਹ ਕੁਝ ਦਿਨ ਮੈਂ ਇੱਕ ਬਹੁਤ ਵੱਡੇ ਆਲੀਸ਼ਾਨ ਹੋਟਲ ਵਿੱਚ ਗੁਜ਼ਾਰੇ ਸਨ ਜਿਸ ਦਾ ਬਿੱਲ ਭੇਜ ਰਹੀ ਹਾਂ ਦੋ-ਦੋ ਲੱਖ ਰੁਪਈਆ ਤੁਹਾਡੇ ਬੱਚਿਆਂ ਦੇ ਨਾਂਅ ’ਤੇ, ਇਸ ਲਈ ਕਿ ਜਦੋਂ ਉਹ ਤੁਹਾਨੂੰ ਘਰੋਂ ਬਾਹਰ ਕੱਢਣ ਤਾਂ ਉਨ੍ਹਾਂ ਕੋਲ ਕੁਝ ਪੈਸੇ ਹੋਣ ਤੁਹਾਨੂੰ ਦੇਣ ਲਈ ਨਾ ਕਿ ਮੇਰੀ ਤਰ੍ਹਾਂ ਹਾਲ ਹੋਵੇ ਖੈਰ! ਭਾਵੇਂ ਜਿਸ ਵੀ ਲਾਲਚ ਨਾਲ ਤੁਸੀਂ ਮੇਰੀ ਸੇਵਾ ਕੀਤੀ ਉਹ ਮੈਂ ਜਿੰਦਗੀ ਭਰ ਨਹੀਂ ਭੁੱਲਾਂਗੀ।’’ ਇਹ ਪੜ੍ਹ ਉਹ ਸਭ ਆਪਣੀ ਖ਼ਾਮੋਸ਼ੀ ਦੇ ਸੰਗੀਨ ਕਫ਼ਸ ਵਿੱਚ ਚਲੇ ਗਏ।
ਉਹਨਾਂ ਤਾਰੋ ਤੋਂ ਬਹੁਤ ਮਾਫੀਆਂ ਮੰਗੀਆਂ ਆਪਣੇ ਕੀਤੇ ਬੁਰੇ ਵਰਤਾਰੇ ਲਈ, ਉਹਨਾਂ ਬਹੁਤ ਕੋਸ਼ਿਸ਼ ਕੀਤੀ ਮੁੜ ਮਾਈ ਨੂੰ ਘਰ ਮੋੜ ਲਿਆਉਣ ਦੀ ਪਰ ਤਾਰੋ ਆਪਣੇ ਨਵੇਂ ਘਰ ਬਿਰਧ ਆਸ਼ਰਮ ਵਿੱਚ ਬਹੁਤ ਖੁਸ਼ ਸੀ ਆਪਣੇ ਹਮਉਮਰ ਸਾਥੀਆਂ ਨਾਲ ਉਸਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਸਕੂਨ ਸੀ ਕਿ ਜਿਊਂਦੇ ਜੀ ਜਿੱਥੇ ਉਹ ਹੁਣ ਤੱਕ ਆਪਣੇ ਪਰਿਵਾਰ ਲਈ ਜਿਊਂਦੀ ਆਈ ਤੇ ਅਖੀਰ ਵਿੱਚ ਸਮਾਜ ਲਈ ਵੀ ਕੁਝ ਕਰ ਗਈ, ਉਸ ਨੂੰ ਐਨੀ ਖੁਸ਼ੀ ਤਾਂ ਆਪਣੇ ਪਰਿਵਾਰ ਲਈ ਸਭ ਕੁਝ ਕਰਦਿਆਂ ਨਹੀਂ ਹੋਈ ਜਿੰਨੀ ਖੁਸ਼ੀ ਸਮਾਜ ਲਈ ਕੁਝ ਕਰਨ ’ਤੇ ਹੋਈ! ਤਾਰੋ ਦੇ ਮਨ ਵਿੱਚ ਫਿਰ ਕਦੇ ਉਦਾਸੀ ਨਾ ਆਈ ਕਿਉਂਕਿ ‘ਜਿਊਣਾ ਵੀ ਉਸਦਾ ਜਿਊਣਾ ਹੈ ਗੈਰਾਂ ਲਈ ਜੋ ਜਿਊਂਦਾ ਹੈ’ ਉਸ ਤੋਂ ਬਾਅਦ ਤਾਰੋ ਦੇ ਆਲੇ-ਦੁਆਲੇ ਖੁਸ਼ੀਆਂ ਦਾ ਘੇਰਾ ਹੀ ਰਿਹਾ ਬਾਕੀ ਬਚੇ ਜੀਵਨ ਵਿੱਚ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।