ਸੁਣੋ ਸਭ ਦੀ, ਕਰੋ ਦਿਲ ਦੀ

Heart

ਅਕਸਰ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੂਜਿਆਂ ਦੀ ਸਲਾਹ ਜ਼ਰੂਰ ਲਵੋ, ਤੇ ਫਿਰ ਜੇ ਉਹ ਕੰਮ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ ਤਾਂ ਕਰੋ। ਕਹਿਣ ਦਾ ਭਾਵ ਹੈ ਕਿ ਆਪਣੇ ਦਿਲ ਦੀ ਜਰੂਰ ਸੁਣੋ। ਕਿਉਂਕਿ ਦਿਲ ਹਮੇਸ਼ਾ ਚੰਗੇ ਜਾਂ ਮਾੜ੍ਹੇ ਕੰਮ ਤੋਂ ਪਹਿਲਾਂ ਗਵਾਹੀ ਜ਼ਰੂਰ ਭਰਦਾ ਹੈ। ਜਿੰਦਗੀ ਬਹੁਤ ਖੂਬਸੂਰਤ ਹੈ। ਸਮਾਜ ਵਿਚ ਰਹਿੰਦਿਆਂ ਸਾਡਾ ਤਰ੍ਹਾਂ-ਤਰ੍ਹਾਂ ਦੇ ਇਨਸਾਨ ਨਾਲ ਵਾਹ ਪੈਂਦਾ ਹੈ।

ਕਈ ਇਨਸਾਨ ਸਾਡੇ ਦਿਲੋਂ ਕਰੀਬੀ ਬਣ ਜਾਂਦੇ ਹਨ। ਫਿਰ ਅਸੀਂ ਉਨ੍ਹਾਂ ਨਾਲ ਹਰ ਇੱਕ ਗੱਲ ਸਾਂਝੀ ਕਰਦੇ ਹਾਂ। ਅਜਿਹੇ ਇਨਸਾਨਾਂ ਨਾਲ ਸਾਡੀ ਖੂਨ ਦੇ ਰਿਸਤਿਆਂ ਨਾਲੋਂ ਵੀ ਗੂੜ੍ਹੀ ਸਾਂਝ ਪੈ ਜਾਂਦੀ ਹੈ। ਜਿੰਦਗੀ ਦਾ ਪੈਂਡਾ ਤੈਅ ਕਰਦੇ ਹੋਏ ਅਸੀਂ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਦੇ ਹਾਂ। ਅਸੀਂ ਕਈ ਵਾਰ ਕੋਈ ਅਜਿਹਾ ਕੰਮ ਸੁਰੂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਦੋਸਤਾਂ, ਰਿਸ਼ਤੇਦਾਰਾਂ ਦੀ ਸਲਾਹ ਲੈਂਦੇ ਹਾਂ। ਫਿਰ ਉਹ ਅਸੀਂ ਕੰਮ ਕਰ ਵੀ ਲੈਂਦੇ ਹਾਂ, ਪਰ ਕਈ ਵਾਰ ਉਹ ਕੰਮ ਸਿਰੇ ਨਹੀਂ ਚੜ੍ਹਦਾ। ਕਹਿਣ ਦਾ ਭਾਵ ਹੈ ਕਿ ਕੋਈ ਵੀ ਕੰਮ ਜੋ ਅਸੀਂ ਸ਼ੁਰੂ ਕਰਨਾ ਹੈ, ਲੋਕਾਂ ਦੀ ਸਲਾਹ ਜਰੂਰ ਲਵੋ, ਰਿਸਤੇਦਾਰਾਂ ਸਾਕ ਸਬੰਧੀਆਂ ਦੀ ਸਲਾਹ ਜਰੂਰ ਲਵੋ, ਪਰ ਆਪਣੇ ਦਿਲ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।

ਜਾਣਕਾਰੀ ਨਾ ਹੋਣ ‘ਤੇ ਵੀ ਯਕੀਨ ਕਰਨਾ ਕਿੰਨਾ ਸਹੀ

ਅੱਜ ਕੱਲ੍ਹ ਜ਼ਮਾਨਾ ਬਹੁਤ ਬਦਲ ਗਿਆ ਹੈ। ਸਾਡੇ ਤੇ ਪੱਛਮੀ ਸੱਭਿਆਚਾਰ ਦਾ ਬਹੁਤ ਜ਼ਿਆਦਾ ਅਸਰ ਹੈ। ਅੱਜ ਦੇ ਜਮਾਨੇ ਵਿੱਚ ਲੋਕ ਕੋਈ ਵੀ ਕੰਮ ਕਾਜ ਲਈ ਲੋਕਾਂ ਦੀ ਸਲਾਹ ਬਹੁਤ ਲੈਂਦੇ ਹਨ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਜਿਸ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ,ਉਸ ਦੀ ਵੀ ਅਸੀਂ ਮੰਨ ਲੈਂਦੇ ਹਾਂ। ਅਕਸਰ ਅੱਜ ਦੇ ਜਮਾਨੇ ਵਿੱਚ ਲੋਕ ਲੋਕਾਂ ਦੀਆਂ ਗੱਲਾਂ ਜ਼ਿਆਦਾ ਮੰਨਦੇ ਹਨ।ਦਿਲ ਦੀ ਨਹੀਂ ਸੁਣਦੇ। ਜੇ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਭੇਡ ਚਾਲ ਬਹੁਤ ਜ਼ਿਆਦਾ ਹੈ। ਜੇ ਇਕ ਵਿਦਿਆਰਥੀ ਨੇ ਸਾਇੰਸ ਗਰੁੱਪ ਵਿੱਚ ਜਾਣਾ ਹੁੰਦਾ ਹੈ , ਤਾਂ ਦੇਖਾ ਦੇਖੀ ਵਿੱਚ ਹੋਰ ਬੱਚੇ ਵੀ ਸਾਇੰਸ ਗਰੁੱਪ ਵਿੱਚ ਚਲੇ ਜਾਂਦੇ ਹਨ।

ਮਾਂ ਬਾਪ ਦਾ ਵੀ ਬੱਚਿਆਂ ਤੇ ਦਬਾਅ ਹੁੰਦਾ ਹੈ ।ਉਹ ਕਹਿੰਦੇ ਹਨ ਕਿ ਫਲਾਣੇ ਦੇ ਬੱਚੇ ਨੇ ਨਾਨ-ਮੈਡੀਕਲ ਲਿਆ ਹੈ। ਤੂੰ ਵੀ ਇਸ ਖੇਤਰ ’ਚ ਜਾਹ। ਹੁੰਦਾ ਫਿਰ ਇਹ ਹੈ ਕਿ ਬੱਚਾ ਇਸ ਖੇਤਰ ਵਿਚ ਵਧੀਆ ਪ੍ਰਦਰਸਨ ਨਹੀਂ ਕਰ ਸਕਦਾ। ਕਿਉਕਿ ਬੱਚੇ ਨੇ ਆਪਣੇ ਮਨ ਦੇ ਮੁਤਾਬਕ ਖੇਤਰ ਨਹੀਂ ਚੁਣਿਆ ਹੁੰਦਾ। ਫਿਰ ਉਸ ਦਾ ਭਵਿੱਖ ਵਿੱਚ ਵਧੀਆ ਕਰੀਅਰ ਵੀ ਨਹੀਂ ਬਣ ਸਕੇਗਾ। ਕਈ ਵਾਰ ਲੰਮੇ ਸਮੇਂ ਤੋਂ ਇੱਕਠੇ ਪੜ੍ਹ ਰਹੇ ਵਿਦਿਆਰਥੀ ਇਕੱਠੇ ਇੱਕ ਖੇਤਰ ਚੁਣਦੇ ਹਨ। ਜ਼ਰੂਰੀ ਨਹੀਂ ਕਿ ਸਾਰੇ ਉਸ ਖੇਤਰ ਵਿੱਚ ਮਾਹਿਰ ਹੋਣ। ਸੋ ਹਮੇਸ਼ਾ ਆਪਣੇ ਮਨ ਦੀ ਵੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ।

ਮਾਪਿਆਂ ਦੀ ਨਾ ਮੰਨਣ ‘ਤੇ ਰਹਿ ਜਾਂਦਾ ਐ ਪਛਤਾਵਾ

ਅਕਸਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਬੱਚੇ ਦੋਸਤਾਂ ਨਾਲ ਘੁੰਮਣ ਲਈ ਪਹਾੜੀ ਖੇਤਰਾਂ ਵਿੱਚ ਚਲੇ ਜਾਂਦੇ ਹਨ। ਜਿੱਥੇ ਉਹਨਾਂ ਨੇ ਜਾਣਾ ਹੁੰਦਾ ਹੈ , ਕਈ ਵਾਰ ਉਹ ਥਾਂ ਠੀਕ ਵੀ ਨਹੀਂ ਹੁੰਦੀ। ਮਾਂ ਬਾਪ ਬਹੁਤ ਰੋਕਦੇ ਹਨ ਕਿ ਤੂੰ ਇੱਥੇ ਨਹੀਂ ਜਾਣਾ ਇਹ ਜਗਾਂ ਸਹੀ ਨਹੀਂ ਹੈ। ਪਰ ਬੱਚੇ ਨਹੀਂ ਮੰਨਦੇ। ਬੱਚੇ ਦੋਸਤਾਂ ਦੇ ਨਾਲ ਚਲੇ ਜਾਂਦੇ ਹਨ। ਕਈ ਵਾਰ ਅਜਿਹੀ ਥਾਂ ਤੇ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ, ਫਿਰ ਪਛਤਾਵਾ ਹੀ ਰਹਿ ਜਾਂਦਾ ਹੈ। ਖਾਸ ਕਰ ਨੌਜਵਾਨ ਨੂੰ ਆਪਣੇ ਦਿਲ ਦੀ ਰਾਏ ਦੇ ਨਾਲ ਮਾਂ ਬਾਪ ਦੀ ਰਾਏ ਵੀ ਜਰੂਰ ਲੈਣੀ ਚਾਹੀਦੀ ਹੈ। ਅੱਜਕੱਲ੍ਹ ਨੌਜਵਾਨ ਪੀੜ੍ਹੀ ਦਾ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ।

ਹਰ ਮਾਂ-ਬਾਪ ਦੀ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ। ਮਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਤੂੰ ਇੱਥੇ ਹੀ ਰਹਿ ਕੇ ਪੜ੍ਹਾਈ ਕਰ। ਪਰ ਬੱਚੇ ਕਹਿ ਦਿੰਦੇ ਹਨ ਕਿ ਮੇਰੇ ਕਈ ਦੋਸਤ ਵਿਦੇਸ਼ ਚਲੇ ਗਏ ਹਨ, ਮੈਂ ਵੀ ਬਾਹਰ ਜਾਣਾ ਹੈ ।ਕਈ ਮਾਂ-ਬਾਪ ਦੇ ਗੱਲ ਵਿੱਚ ਅੰਗੂਠਾ ਦੇਣਾ ਸ਼ੁਰੂ ਕਰ ਦਿੰਦੇ ਹਨ। ਫਿਰ ਮਾਂ ਬਾਪ ਕਰਜਾ ਚੁੱਕ ਕੇ ਵਿਦੇਸ਼ ਭੇਜਦੇ ਹਨ, ਭਾਵੇਂ ਉੱਥੇ ਜਾ ਕੇ ਉਹ ਬੱਚਾ ਸਫਲਤਾ ਹਾਸਿਲ ਨਾ ਕਰ ਸਕੇ। ਇੱਥੇ ਬੱਚੇ ਨੇ ਦੋਸਤਾਂ ਪਿੱਛੇ ਲੱਗਕੇ ਆਪਣੇ ਦਿਲ ਦੀ ਨਹੀਂ ਸੁਣੀ।

ਦੂਜਿਆਂ ਦੀਆਂ ਗੱਲਾਂ ਵਿੱਚ ਆਉਣਾ ਠੀਕ ਨਹੀਂ

ਜੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜੁਰਗ ਵੀ ਆਪਣੇ ਬੱਚਿਆਂ ਦੀ ਨਹੀਂ ਸੁਣਦੇ। ਦੇਖਿਆ ਜਾਂਦਾ ਹੈ ਕਿ ਉਹ ਜ਼ਮੀਨ ਜਾਇਦਾਦ ਨੂੰ ਮਰਦੇ ਦਮ ਤੱਕ ਆਪਣੇ ਨਾਂਅ ਹੀ ਰੱਖਦੇ ਹਨ। ਪੁੱਤਾਂ ਵਿੱਚ ਨਹੀਂ ਵੰਡਦੇ। ਜੇ ਪੁੱਤ ਕਹਿੰਦਾ ਹੈ ਕਿ ਮੈਨੂੰ ਜਾਇਦਾਦ ਦੇ ਦੇਵੋ, ਤਾਂ ਬਜੁਰਗ ਕਹਿੰਦੇ ਹਨ ਕਿ ਮੇਰਾ ਦੋਸਤ ਨੇ ਅਜੇ ਤੱਕ ਆਪਣੀ ਜਾਇਦਾਦ ਪੁੱਤ ਦੇ ਨਾਂਅ ਨਹੀਂ ਕੀਤੀ। ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਵਿੱਚ ਕਲੇਸ ਖੜ੍ਹਾ ਕਰ ਦਿੰਦੇ ਹਨ। ਜਦੋਂ ਬਜ਼ੁਰਗ ਇਸ ਸੰਸਾਰ ਤੋਂ ਰੁਖਸਤ ਕਰ ਜਾਂਦੇ ਹਨ ਫਿਰ ਭਰਾਵਾਂ, ਭੈਣਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਹੈ ।ਇਹ ਗੱਲਾਂ ਅਸੀਂ ਆਮ ਸੁਣਦੇ ਹਾਂ। ਜੇਕਰ ਕਈ ਨੂੰਹਾਂ ਦੀ ਗੱਲ ਕਰੀਏ ਤਾਂ ਉਹ ਵੀ ਕਈ ਵਾਰ ਆਪਣੀਆਂ ਸਹੇਲੀਆਂ

ਕਈ ਵਾਰ ਰਾਏ ਗਲਤ ਵੀ ਹੋ ਜਾਂਦੀ ਹੈ

ਕਹਿੰਦੀਆਂ ਹਨ ਕਿ ਮੈਂ ਆਪਣੀ ਸਹੇਲੀ ਨਾਲ ਉੱਥੇ ਜਾਣਾ ਹੈ,ਸੱਸ ਸਹੁਰਾ ਟੋਕਦੇ ਹਨ ਕਿ ਉਥੇ ਨਹੀਂ ਜਾਣਾ।ਉਹ ਜਗਾਂ ਸਹੀ ਨਹੀਂ ਹੈ। ਕੋਈ ਵੀ ਚੰਗਾ ਮਾੜਾ ਕੰਮ ਕਰਨ ਤੋਂ ਪਹਿਲਾਂ ਆਪਣੇ ਦਿਲ ਦੀ ਗੱਲ ਸੁਣੋ। ਮੈਂ ਇਥੇ ਕਿਸੇ ਦੀ ਨਿੰਦਾ ਚੁਗਲੀ ਜਾਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ। ਜੇ ਅਸੀਂ ਕੋਈ ਗਲਤ ਕੰਮ ਕਰਾਂਗੇ, ਫਿਰ ਸਾਡਾ ਮਨ ਬਹੁਤ ਰੋਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਸਲਾਹ ਨਹੀਂ ਲਈ। ਸਾਰੇ ਸਲਾਹ ਦੇਣ ਵਾਲੇ ਗਲਤ ਨਹੀਂ ਹੋ ਸਕਦੇ ਪਰ ਕਹਿਣ ਦਾ ਮਤਲਬ ਹੈ ਕਿ ਆਪਣੇ ਦਿਲ ਦੀ ਸਲਾਹ ਵੀ ਜਰੂਰ ਲੈਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਦੂਜੇ ਦੀ ਰਾਏ ਦੇ ਮੁਤਾਬਕ ਚੱਲਾਂਗੇ ਤਾਂ ਕਈ ਵਾਰ ਉਹ ਰਾਏ ਗਲਤ ਵੀ ਹੋ ਜਾਂਦੀ ਹੈ ਉਸ ਨੂੰ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਕਰਕੇ ਸੁਣੋ ਤਾਂ ਸਭ ਦੀ ਪਰ ਉਹੀ ਕੰਮ ਕਰੋ ਜੋ ਤੁਹਾਡਾ ਦਿਲ ਕਰੇ। ਜੋ ਤੁਹਾਨੂੰ ਸਕੂਨ ਦਵੇ, ਤਾਂ ਹੀ ਸਾਡਾ ਜੀਵਨ ਅਨੰਦਮਈ ਬਤੀਤ ਹੋਵੇਗਾ।

ਲੋਕਾਂ ਨੇ ਤਾਂ ਰਾਏ ਦੇ ਦਿੱਤੀ, ਤੁਸੀਂ ਆਪਣੇ ਆਪਣੀ ਦੀ ਰਾਏ ਕਦੋਂ ਲਈ? ਵਿਚਾਰਨ ਵਾਲੀ ਗੱਲ ਹੈ। ਜਦੋਂ ਅਸੀਂ ਕੋਈ ਚੰਗੇ ਜਾਂ ਮਾੜੇ ਕੰਮ ਲਈ ਆਪਣੇ ਦਿਲ ਦੀ ਸਲਾਹ ਲੈਂਦੇ ਹਨ ਤਾਂ ਸਾਡਾ ਦਿਲ ਗਵਾਹੀ ਭਰ ਦਿੰਦਾ ਹੈ ਕਿ ਇਸ ਕੰਮ ਨੂੰ ਕਰਨ ਨਾਲ ਇਹ ਫਾਇਦਾ ਹੋਵੇਗਾ । ਜਾਂ ਇਸ ਕੰਮ ਨੂੰ ਕਰਨ ਨਾਲ ਇਹ ਨੁਕਸਾਨ ਹੋਵੇਗਾ। ਸੋ ਜ਼ਿੰਦਗੀ ਵਿਚ ਵਿਚਰਦੇ ਹੋਏ ਦੋਸਤਾਂ ਮਿੱਤਰਾਂ ਦੇ ਨਾਲ- ਨਾਲ ਆਪਣੇ ਮਨ ਨਾਲ ਵੀ ਜਰੂਰ ਸਲਾਹ ਕਰ ਲੈਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ ਮੋਹਾਲੀ
ਮੋ : 7888966168

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ