ਬਾਦਲਾਂ ਵਾਂਗ ਕਾਂਗਰਸ ਸਰਕਾਰ ‘ਚ ਵੀ ਮਾਫੀਆ ਦੀ ਸਰਦਾਰੀ ਕਾਇਮ : ਚੀਮਾ

ਬਾਦਲਾਂ ਵਾਂਗ ਕਾਂਗਰਸ ਸਰਕਾਰ ‘ਚ ਵੀ ਮਾਫੀਆ ਦੀ ਸਰਦਾਰੀ ਕਾਇਮ : ਚੀਮਾ

ਬਠਿੰਡਾ, (ਸੱਚ ਕਹੂੰ ਨਿਊਜ਼) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਏ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰਜ ‘ਤੇ ਮੌਜੂਦਾ ਕਾਂਗਰਸ ਸਰਕਾਰ ‘ਚ ਵੀ ਮਾਫੀਆ ਦੀ ਸਰਦਾਰੀ ਜਿਓ ਦੀ ਤਿਉਂ ਕਾਇਮ ਹੈ । ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਹੀ ਇਸ ਦੀਆਂ ਕਈ ਤਾਜ਼ਾ ਮਿਸਾਲਾਂ ਮਿਲਦੀਆਂ ਹਨ।

ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਦੀ ਰਾਖ ਨੂੰ ਲੈਕੇ ਸੱਤਾਧਾਰੀਆਂ ਦੀ ਆਪਸੀ ਲੜਾਈ ਅਤੇ ਰਾਮਪੁਰਾ ਫੂਲ ਵਿੱਚ ਲੈਂਡ ਮਾਫੀਆ ਦੀ ਬਦਮਾਸ਼ੀ, ਕੈਪਟਨ ਦੇ ਮਾਫੀਆ ਰਾਜ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸੁਆਹ (ਰਾਖ) ਦੇ ਢੇਰਾਂ ਉੱਪਰ ਕਬਜਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਦੋ ਮੰਤਰੀ ਆਰ-ਪਾਰ ਦੀ ਲੜਾਈ ਲੜਨ ਲਈ ਇੱਕ ਦੂਜੇ ਦੇ ਵਰਕਰਾਂ ਖਿਲਾਫ ਕੁੱਟਮਾਰ ਅਤੇ ਪਰਚਿਆਂ ਦੀ ਲੜਾਈ ਵਿੱਚ ਖੁੱਲ੍ਹਕੇ ਕੇ ਹਿੱਸਾ ਲੈਣ।

ਚੀਮਾ ਨੇ ਰਾਮਪੁਰਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਜ਼ਮੀਨ ਉੱਤੇ ਸ਼ਰੇਆਮ ਕਬਜ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀਆਂ ਵਾਂਗ ਹੀ ਸੱਤਾ ਧਾਰੀ ਕਾਂਗਰਸੀਆਂ ਦੇ ਲੈਂਡ ਮਾਫੀਆ ਦੇ ਹੌਸਲੇ ਏਨੇ ਬੁਲੰਦ ਹਨ ਕਿ ਹਸਪਤਾਲ ਦੇ ਗੇਟ ਉੱਪਰ ਪੁਲਿਸ ਦੀ ਹਾਜ਼ਰੀ ਵਿੱਚ ਕਬਜ਼ਾ ਕੀਤਾ ਗਿਆ। ਉਨ੍ਹਾਂ ਆਪ ਆਗੂ ਜਤਿੰਦਰ ਭੱਲਾ ਉੱਪਰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਲੈਂਡ ਮਾਫੀਆ ਦਾ ਵਿਰੋਧ ਕਰਨਾ ਗੁਨਾਹ ਹੈ ਤਾਂ ਕਾਂਗਰਸ ਸਰਕਾਰ ਨੂੰ ਚੁੱਲੂ ਭਰ ਪਾਣੀ ਵਿਚ ਡੁੱਬ ਮਰਨਾ ਚਾਹੀਦਾ ਹੈ।

ਉਨ੍ਹਾਂ ਮੁਕੱਦਮੇ ਤੁਰੰਤ ਵਾਪਿਸ ਲੈਣ ਦੀ ਚਿਤਾਵਨੀ ਦਿੰਦੀਆਂ ਕਿਹਾ ਕਿ ਬਾਦਲਾਂ ਵਾਂਗ ਕਾਂਗਰਸ ਨੂੰ ਵੀ ਇਸ ਦਾ ਭਾਰੀ ਖਮਿਆਜਾ ਭੁਗਤਣਾ ਪਵੇਗਾ। ਚੀਮਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਦੇ ਲੋਕ ਆਪ ਦੀ ਸਰਕਾਰ ਬਨਾਉਣ ਲਈ ਉਤਸਾਹਿਤ ਅਤੇ ਉਤਾਵਲੇ ਹਨ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਭ੍ਰਿਸਟਾਚਾਰ ਅਤੇ ਮਾਫੀਆ ਰਾਜ ਦਾ ਖਾਤਮਾ ਕਰਨਾ ਸਭ ਤੋਂ ਮੁੱਖ ਏਜੰਡਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.