ਘਰਾਂ ਦੀਆਂ ਛੱਤਾਂ ਤੋਂ ਭੱਜਦੇ ਹੋਏ ਮੁਲਜ਼ਮ ਹੋਏ ਫਰਾਰ
- ਪੁਲਿਸ ਨੇ ਚਾਰ ਜਾਣਿਆਂ ਨੂੰ ਕੀਤਾ ਨਾਮਜ਼ਦ
(ਸਤਪਾਲ ਥਿੰਦ) ਫਿਰੋਜ਼ਪੁਰ। ਕਤਲ ਦੇ ਇੱਕ ਮਾਮਲੇ ’ਚ ਲੋੜੀਦੇ ਵਿਅਕਤੀ ਨੂੰ ਗਿ੍ਰਫਤਾਰ ਕਰਨ ਗਈ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਟੀਮ ਅਤੇ ਉਕਤ ਵਿਅਕਤੀ ਵਿਚਕਾਰ ਫਿਲਮੀ ਸੀਨ ਦੀ ਤਰ੍ਹਾਂ ਗੋਲੀਆਂ ਚੱਲੀਆਂ ਪਰ ਫਿਰ ਵੀ ਉਕਤ ਵਿਅਕਤੀ ਆਪਣੇ ਸਾਥੀਆਂ ਸਮੇਤ ਭੱਜਣ ਵਿਚ ਕਾਮਯਾਬ ਰਿਹਾ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਸੀ.ਆਈ.ਏ ਸਟਾਫ਼ ਦੇ ਏਐਸਆਈ ਰਜੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਖਾਸ ਮੁਖ਼ਬਰੀ ਨੇ ਇਤਲਾਹ ਦਿੱਤੀ ਕਿ ਬਲਜੀਤ ਸਿੰਘ ਉਰਫ ਸੁੱਖਾ ਬਾਬਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਬੋ ਕੇ, ਮਮਦੋਟ ਜੋ ਮੁਕੱਦਮਾ ਨੰ. 42/2002 , 302 ਆਈ.ਪੀ.ਸੀ ਥਾਣਾ ਮਮਦੋਟ ਦੇ ਮਾਮਲੇ ’ਚ ਭਗੋੜਾ ਹੈ ਅਤੇ ਪੁਲਿਸ ਨੂੰ ਲੋੜੀਂਦਾ ਹੈ, ਜੋ ਇਸ ਵਕਤ ਆਪਣੇ ਸਾਥੀ ਰਵੀ ਪੁੱਤਰ ਮੰਗਤ ਰਾਮ ਵਾਸੀ ਵਾਰਡ ਨੰ. 17 , ਫਿਰੋਜ਼ਪੁਰ ਸ਼ਹਿਰ ਦੇ ਘਰ ਠਹਿਰਿਆ ਹੋਇਆ ਹੈ, ਜਿਹਨਾਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਜਾ ਸਕਦਾ ਹੈ ।
ਮੁਲਜ਼ਮਾਂ ਨੇ ਪੁਲਿਸ ’ਤੇ ਕੀਤੇ ਫਾਇਰ
ਏਐਸਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਰੇਡ ਕੀਤਾ ਗਿਆ ਉਕਤ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਰਿਵਾਲਵਰ ਦਾ ਸਿੱਧਾ ਫਾਇਰ ਕੀਤਾ ਤਾਂ ਉਹ ਦਰਵਾਜੇ ਦੀ ਆੜ ਲੈ ਕੇ ਆਪਣਾ ਬਚਾਅ ਕਰਦਾ ਹੋਇਆ ਪਿੱਛੇ ਹਟ ਗਿਆ ਅਤੇ ਆਪਣੇ ਬਚਾਅ ਲਈ ਸਰਵਿਸ ਰਿਵਾਲਵਰ ਦੇ ਫਾਇਰ ਕੀਤੇ ਤਾਂ ਬਲਜੀਤ ਸਿੰਘ ਅਤੇ ਰਵੀ ਸਮੇਤ ਹਥਿਆਰ ਘਰ ਦੀਆਂ ਪੌੜੀਆਂ ਚੜ੍ਹ ਕੇ ਛੱਤ ਪਰ ਚਲੇ ਗਏ
ਜਦ ਪੁਲਿਸ ਪਾਰਟੀ ਸਮੇਤ ਉਕਤ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ ਤਾਂ ਘਰਾਂ ਦੀਆਂ ਛੱਤਾਂ ਤੋਂ ਹੁੰਦੇ ਹੋਏ ਸਥਾਨਕ ਦਸ਼ਮੇਸ਼ ਸਕੂਲ ਅੰਦਰ ਚਲੇ ਗਏ ਤਾਂ ਜਦੋਂ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਘੇਰਨ ਦੀ ਕੋਸ਼ਿਸ ਕੀਤੀ ਤਾਂ ਬਲਜੀਤ ਸਿੰਘ ਨੇ ਪੁਲਿਸ ਪਾਰਟੀ ’ਤੇ ਮਾਰ ਦੇਣ ਦੀ ਨਿਯਤ ਨਾਲ ਸਿੱਧੇ ਫਾਇਰ ਕੀਤੇ ਤੇ ਸਕੂਲ ਵਿਚੋਂ ਨਿਕਲ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਪਾਰਟੀ ਦੁਆਰਾ ਤਲਾਸ਼ ਕਰਨ ਅਤੇ ਪੜਤਾਲ ਕਰਨ ’ਤੇ ਪਤਾ ਲੱਗਾ ਕੇ ਬਲਜੀਤ ਸਿੰਘ ਅਤੇ ਰਵੀ ਨੂੰ ਮੋਹਿਤ ਗਿੱਲ ਅਤੇ ਯੁਗਰਾਜ ਗਿੱਲ ਪੁੱਤਰਾਨ ਜੀਤ ਸਿੰਘ ਵਾਸੀਅਨ ਪਿੰਡ ਬੱਗੇ ਕੇ ਪਿੱਪਲ ਆਪਣੇ ਮੋਟਰਸਾਈਕਲ ਪਰ ਬਿਠਾ ਕੇ ਭਜੇ ਲੈ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ