ਛੋਟਾ ਕਲੀਜਪੁਰ ’ਚ ਗਰੀਬ ਪਰਿਵਾਰ ’ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ

ਧੀ ਦੇ ਵਿਆਹ ਲਈ ਜੋੜਿਆ ਸਮਾਨ ਅਤੇ ਘਰ ਦੀਆਂ ਤਮਾਮ ਚੀਜ਼ਾਂ ਚੜ੍ਹੀਆਂ ਅੱਗ ਦੀ ਭੇਟ

  •  ਕਰਵਾਚੌਥ ’ਤੇ ਸਹੁਰੇ ਪਰਿਵਾਰ ਵੱਲੋਂ ਭੇਜਿਆ ਸਮਾਨ ਵੀ ਸੜਿਆ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਛੋਟਾ ਕਲੀਜਪੁਰ ’ਚ ਡਿੱਗੀ ਅਸਮਾਨੀ ਬਿਜਲੀ ਨੇ ਬੀਤੀ ਰਾਤ ਗਰੀਬ ਪਰਿਵਾਰ ਦੇ ਘਰ ਦਾ ਸਾਰਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ। ਇਸ ਘਰ ਵਿੱਚ ਦਸੰਬਰ ਮਹੀਨੇ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਧੀ ਨੂੰ ਦਾਜ ਦੇਣ ਲਈ ਬੜੇ ਚਾਵਾਂ ਨਾਲ ਸਮਾਨ ਖਰੀਦਿਆ ਹੋਇਆ ਸੀ, ਜੋ ਪੂਰੀ ਤਰ੍ਹਾਂ ਨਾਲ ਸੜ ਗਿਆ। ਇਸ ਤੋਂ ਇਲਾਵਾ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕਰਵਾਚੌਥ ਦੇ ਵਰਤ ’ਤੇ ਭੇਜਿਆ ਸਾਰਾ ਸਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ 9 ਵਜੇ ਕਰੀਬ ਜਦੋਂ ਤੇਜ਼ ਹਨ੍ਹੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਨੇ ਪਿੰਡ ਛੋਟਾ ਕਲੀਜਪੁਰ ਦੇ ਵਸਨੀਕ ਕੀਮਤੀ ਲਾਲ ਦੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮਿੰਟਾਂ-ਸਕਿੰਟਾਂ ’ਚ ਹੀ ਘਰ ’ਚ ਪਿਆ ਸਾਰਾ ਕੀਮਤੀ ਸਮਾਨ ਸਾੜ ਕੇ ਸੁਆਹ ਕਰ ਦਿੱਤਾ। ਉਸ ਵੇਲੇ ਘਰ ਵਿੱਚ ਕੀਮਤੀ ਲਾਲ ਦੀ ਪਤਨੀ ਪਰਮਜੀਤ ਕੌਰ ਆਪਣੀਆਂ ਦੋਵਾਂ ਧੀਆਂ ਨਾਲ ਮੌਜੂਦ ਸੀ, ਜਿਨ੍ਹਾਂ ਦਾ ਬਚਾਅ ਬੜੀ ਮੁਸ਼ਕਿਲ ਨਾਲ ਹੋਇਆ।

ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਪੁੱਤਰ ਸ੍ਰੀਨਗਰ ਮੇਹਨਤ ਮਜ਼ਦੂਰੀ ਕਰਨ ਲਈ ਗਏ ਹੋਏ ਹਨ। ਉਸਨੇ ਰੋਂਦੇ ਹੋਏ ਦੱਸਿਆ ਕਿ ਵੱਡੀ ਬੇਟੀ ਦੇ ਵਿਆਹ ਲਈ ਬੜੀ ਮੁਸ਼ਕਿਲ ਨਾਲ ਸਮਾਨ ਇਕੱਠਾ ਕੀਤਾ ਸੀ, ਜੋ ਅੱਗ ਦੀ ਭੇਟ ਚੜ੍ਹ ਗਿਆ ਹੈ। ਉਸਨੇ ਕਿਹਾ ਕਿ ਗਰੀਬ ਪਰਿਵਾਰ ਲਈ ਐਨਾ ਸਮਾਨ ਦੁਬਾਰਾ ਬਣਾਉਣਾ ਬਹੁਤ ਮੁਸ਼ਕਿਲ ਹੈ। ਇਸ ਦੌਰਾਨ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਕੱਠੇ ਹੋਏ ਪਿੰਡ ਦੇ ਮੋਹਤਬਰਾਂ ਨੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅੱਗੇ ਮਦਦ ਦੀ ਅਪੀਲ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ