ਲੱਦਾਖ ਦੇ ਹੇਨਲੇ ਵਿੱਚ ਦੇਸ਼ ਦੇ ਪਹਿਲੇ ‘ਡਾਰਕ ਸਕਾਈ ਰਿਜ਼ਰਵ’ ਦੀ ਸਥਾਪਨਾ ਕੀਤੀ ਗਈ ਹੈ। ਇਸ ਰਿਜ਼ਰਵ ਖੇਤਰ ਵਿੱਚ ਰਾਤ ਦੇ ਸਮੇਂ ਤੇਜ਼ ਚਮਕਦਾਰ ਰੌਸ਼ਨੀ ਦੇ ਇਸਤੇਮਾਲ ਦੀ ਮਨਾਹੀ ਹੈ। ਵਧਦੇ ਅਧੁਨਿਕੀਕਰਨ ਦੇ ਚੱਲਦੇ ਰਾਤ ਨੂੰ ਅਸਮਾਨ ਨੂੰ ਦੇਖਣ ਦੇ ਘਟਦੇ ਰੁਝਾਨ ਵਿਚਕਾਰ ਕੇਂਦਰ ਦੀ ਇਹ ਪਹਿਲਕਦਮੀ ਰੌਸ਼ਨੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਰਾਤ ਨੂੰ ਅਸਮਾਨ ਦੀ ਸੁੰਦਰ ਵਿਰਾਸਤ ਨੂੰ ਸੰਜੋਣ ਲਈ ਪ੍ਰੇਰਿਤ ਕਰਦੀ ਹੈ ਨਾਲ ਹੀ, ਖਗੋਲ ਵਿਗਿਆਨ ਨੂੰ ਨਵੀਆਂ ਉੱਚਾਈਆਂ ਦੇਣ ਅਤੇ ਖਗੋਲ ਸੈਰ-ਸਪਾਟੇ ਰਾਹੀਂ ਸਥਾਨਕ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਵੀ ਇਹ ਇੱਕ ਮਹੱਤਵਪੂਰਨ ਪਹਿਲ ਹੈ। (Light Pollution)
ਬਿਜਲੀਕਰਨ ਦੀ ਵਧਦੀ ਰਫ਼ਤਾਰ ਨੇ ਇੱਕ ਪਾਸੇ ਜਿੱਥੇ ਹਨ੍ਹੇਰੇ ਨੂੰ ਦੂਰ ਕਰ ਦਿੱਤਾ ਹੈ, ਉੱਥੇ ਦੂਜੇ ਪਾਸੇ ਇਸ ਨਾਲ ਰਾਤ ਦੇ ਅਸਮਾਨ ਨੂੰ ਦੇਖਣ ਦੀ ਰਵਾਇਤ ਵੀ ਖ਼ਤਮ-ਜਿਹੀ ਹੋ ਗਈ ਹੈ। ਤਾਰਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਂਦੇ ਹੋਏ ਦੇਖਣਾ ਹੁਣ ਸਾਨੂੰ ਉਤੇਜਿਤ ਨਹੀਂ ਕਰਦਾ। ਤਾਰਿਆਂ ਨਾਲ ਭਰਿਆ ਅਸਮਾਨ ਹੁਣ ਸਾਨੂੰ ਆਕਰਸ਼ਿਤ ਨਹੀਂ ਕਰਦਾ। ਉੱਚਾਈ ’ਤੇ ਚਮਕਦੇ ਤਾਰਿਆਂ ਨੂੰ ਦੇਖ ਕੇ ਜ਼ਿੰਦਗੀ ’ਚ ਬੁਲੰਦੀਆਂ ਨੂੰ ਛੂਹਣ ਅਤੇ ਤਾਰਿਆਂ ਵਾਂਗ ਚਮਕਣ ਦੀ ਇੱਛਾ ਵੀ ਘਟਦੀ ਜਾ ਰਹੀ ਹੈ।
ਸਕੂਨ ਗੁਆਚਿਆ | Light Pollution
ਟਿਮਟਿਮਾਉਦੇ ਤਾਰਿਆਂ ਵਿੱਚੋਂ ਆਪਣੇ ਪੂਰਵਜਾਂ ਨੂੰ ਲੱਭਣਾ ਅਤੇ ਸਪਤਰਿਸ਼ੀ ਅਤੇ ਧਰੂ ਤਾਰੇ ਨਾਲ ਜੁੜੀਆਂ ਕਹਾਣੀਆਂ ਸੁਣਨਾ-ਸੁਣਾਉਣਾ ਹੁਣ ਕੋਈ ਨਹੀਂ ਚਾਹੁੰਦਾ ਹੈ ਰਾਤ ਦੇ ਅਸਮਾਨ ਨੂੰ ਦੇਖਣ ਦਾ ਅਨੁਭਵ ਰੋਮਾਂਚਕ ਹੁੰਦਾ ਹੈ। ਪਰ, ਹੁਣ ਲੋਕਾਂ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਨ੍ਹਾਂ ਨੇ ਆਖਰੀ ਵਾਰ ਰਾਤ ਦੇ ਅਸਮਾਨ ਨੂੰ ਸ਼ਾਂਤੀ ਨਾਲ ਕਦੋਂ ਦੇਖਿਆ ਸੀ? ਸ਼ਹਿਰਾਂ ਦੀ ਭੱਜ-ਨੱਠ ਭਰੀ ਜੀਵਨਸ਼ੈਲੀ, ਹਵਾ ਅਤੇ ਰੌਸ਼ਨੀ ਪ੍ਰਦੂਸ਼ਣ ਨੇ ਮੰਨੋ ਇਸ ਸਕੂਨ ਨੂੰ ਖੋਹ ਲਿਆ ਹੈ।
ਹੁਣ ਬੱਚੇ ਅਤੇ ਵੱਡੇ ਦੋਵੇਂ ਹੀ ਮੋਬਾਇਲ ਦੇ ਆਦੀ ਹੋ ਗਏ ਹਨ। ਅਸੀਂ ਕੁਦਰਤ ਅਤੇ ਇਸ ਦੀ ਕੁਦਰਤੀ ਸੁੰਦਰਤਾ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਇੱਕ ਗਲੋਬਲ ਸੰਸਥਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਯੂਰਪ ਦੀ 99 ਫੀਸਦੀ ਅਬਾਦੀ ‘ਕੁਦਰਤੀ ਰਾਤ’ ਦਾ ਅਨੁਭਵ ਹੀ ਨਹੀਂ ਕਰਦੀ। ਰਾਤ ਵੇਲੇ ਬਣਾਉਟੀ ਰੌਸ਼ਨੀ ਦੀ ਵਧਦੀ ਵਰਤੋਂ ਨੇ ਨਾ ਸਿਰਫ਼ ਰੌਸ਼ਨੀ ਪ੍ਰਦੂਸ਼ਣ ਨੂੰ ਹੱਲਾਸ਼ੇਰੀ ਦਿੱਤੀ ਹੈ, ਸਗੋਂ ਧਰਤੀ ’ਤੇ ਰਹਿਣ ਵਾਲੇ ਲੋਕਾਂ ਨੂੰ ਅਸਮਾਨ ਦੀ ਸੁੰਦਰਤਾ ਤੋਂ ਵੀ ਵਾਂਝਾ ਕਰ ਦਿੱਤਾ ਹੈ।
ਮਨੁੱਖੀ ਗਤੀਵਿਧੀਆਂ ਅਤੇ ਸੁਰੱਖਿਆ | Light Pollution
ਦਰਅਸਲ ਹਵਾ, ਪਾਣੀ ਅਤੇ ਧੁਨੀ ਦੇ ਨਾਲ-ਨਾਲ ਬਣਾਉਟੀ ਰੌਸ਼ਨੀ ਵੀ ਪ੍ਰਦੂਸ਼ਣ ਦਾ ਰੂਪ ਧਾਰਨ ਕਰ ਰਹੀ ਹੈ। ਰੌਸ਼ਨੀ ਪ੍ਰਦੂਸ਼ਣ ਨੂੰ ਉਦਯੋਗਿਕ ਸੱਭਿਅਤਾ ਦਾ ‘ਸਹਿ-ਉਤਪਾਦ’ ਮੰਨਿਆ ਜਾਂਦਾ ਹੈ। ਵਧਦੀ ਅਬਾਦੀ, ਸ਼ਹਿਰੀਕਰਨ, ਉਦਯੋਗੀਕਰਨ, ਊਰਜਾ ਦੀ ਵਧਦੀ ਮੰਗ ਅਤੇ ਰਾਤ ਵੇਲੇ ਵਧ ਰਹੀਆਂ ਮਨੁੱਖੀ ਗਤੀਵਿਧੀਆਂ ਅਤੇ ਸੁਰੱਖਿਆ ਕਾਰਨਾਂ ਕਰਕੇ, ਬਣਾਉਟੀ ਰੌਸ਼ਨੀ ਦੀ ਵਰਤੋਂ ਵਧ ਰਹੀ ਹੈ। ਇਸ ਕਾਰਨ ਵਾਤਾਵਰਨ ਵਿੱਚ ਰੌਸ਼ਨੀ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ।
ਰਾਤ ਦੀ ਬਣਾਉਟੀ ਰੌਸ਼ਨੀ ਦੀ ਵਿਵਸਥਾ ਨੇ ਦਿਨ ਅਤੇ ਰਾਤ ਦੇ ਅੰਤਰ ਨੂੰ ਮਿਟਾ ਦਿੱਤਾ ਹੈ ਹੁਣ ਰਾਤਾਂ ਰੌਸ਼ਨੀ ਵਿੱਚ ਨਹਾਉਦੀਆਂ ਹਨ। ਸ਼ਾਮ ਹੁੰਦੇ ਹੀ ਘਰੇਲੂ ਰੌਸ਼ਨੀ ਵਿਵਸਥਾ ਤੋਂ ਲੈ ਕੇ ਵਪਾਰਕ ਅਦਾਰਿਆਂ, ਦਫਤਰਾਂ, ਫੈਕਟਰੀਆਂ, ਖੇਡ ਦੇ ਮੈਦਾਨ, ਸਟ੍ਰੀਟ ਲਾਈਟਾਂ ਅਤੇ ਸਮਾਰੋਹ ਵਾਲੀਆਂ ਥਾਵਾਂ ਤੱਕ ਹਰ ਥਾਂ ਬਣਾਉਟੀ ਰੌਸ਼ਨੀ ਨਾਲ ਧਰਤੀ ਜਗਮਗਾ ਉੱਠਦੀ ਹੈ। ਪਰ ਇਸ ਦੇ ਨਾਲ ਵਾਯੂਮੰਡਲ ਵਿੱਚ ਰੋਸ਼ਨੀ ਪ੍ਰਦੂਸ਼ਣ ਦੀ ਸਮੱਸਿਆ ਵੀ ਵਧਣ ਲੱਗਦੀ ਹੈ। ਇੰਟਰਨੈਸ਼ਨਲ ਡਾਰਕ ਸਕਾਈ ਐਸੋਸੀਏਸ਼ਨ ਅਨੁਸਾਰ, ਧਰਤੀ ਦੀ ਜ਼ਿਆਦਾਤਰ ਅਬਾਦੀ ਰੌਸ਼ਨੀ-ਪ੍ਰਦੂਸ਼ਿਤ ਅਸਮਾਨ ਹੇਠ ਰਹਿਣ ਲਈ ਮਜ਼ਬੂਰ ਹੈ। ਇਸ ਦੇ ਨਾਲ ਹੀ, ਅਰਬਨ ਕਲਾਈਮੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਪਿਛਲੇ 20 ਸਾਲਾਂ ਵਿੱਚ ਭਾਰਤ ਵਿੱਚ ਰੌਸ਼ਨੀ ਪ੍ਰਦੂਸ਼ਣ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਪ੍ਰਭਾਵ ਨੇ ਚਿੰਤਾ ਵਧਾਈ | Light Pollution
ਰੌਸ਼ਨੀ ਪ੍ਰਦੂਸ਼ਣ ਇੱਕ ਉੱਭਰ ਰਹੀ ਵਾਤਾਵਰਣ ਸਬੰਧੀ ਚਿੰਤਾ ਹੈ, ਜੋ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਅਤੇ ਜੈਵ-ਵਿਭਿੰਨਤਾ ਨੂੰ ਪ੍ਰਭਾਵਿਤ ਕਰਦੀ ਹੈ। ਵਿਗਿਆਨਕ ਪ੍ਰਮਾਣ ਦੱਸਦੇ ਹਨ ਕਿ ਰਾਤ ਨੂੰ ਬਣਾਉਟੀ ਰੌਸ਼ਨੀ ਜੈਵਿਕ-ਵਿਭਿੰਨਤਾ ’ਤੇ ਨਕਾਰਾਤਮਕ ਅਤੇ ਨੁਕਸਾਨਦੇਹ ਪ੍ਰਭਾਵ ਪਾਉਂਦੀ ਹੈ। ਇਹ ਪ੍ਰਜਣਨ, ਪੋਸ਼ਣ, ਨੀਂਦ ਅਤੇ ਸ਼ਿਕਾਰੀਆਂ ਤੋਂ ਸੁਰੱਖਿਆ ਵਰਗੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ। ਰਾਤ ਨੂੰ ਬਣਾਉਟੀ ਰੌਸ਼ਨੀ ਦੇ ਸੰਪਰਕ ’ਚ ਆਉਣਾ ਅੱਖਾਂ ਲਈ ਖ਼ਤਰਾ ਹੈ।
ਬਹੁਤ ਜ਼ਿਆਦਾ ਬਣਾਉਟੀ ਰੌਸ਼ਨੀ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਖਰਾਬ ਨੀਂਦ, ਮੋਟਾਪਾ, ਸ਼ੂਗਰ, ਕੈਂਸਰ ਤੇ ਹੋਰ ਵਿਕਾਰਾਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦੀ ਜ਼ਿਆਦਾ ਮਾਤਰਾ ਪੌਦਿਆਂ ਦੇ ਕੁਦਰਤੀ ਵਿਕਾਸ ਅਤੇ ਜਾਨਵਰਾਂ ਦੀਆਂ ਰਾਤ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ। ਰਾਤ ਸਮੇਂ ਚਮਕਦਾਰ ਲਾਈਟਾਂ ਕਾਰਨ ਜੁਗਨੂੰ ਅਤੇ ਛੋਟੇ ਜੀਵ ਪੂਰੀ ਤਰ੍ਹਾਂ ਅਲੋਪ ਹੋ ਰਹੇ ਹਨ। ਮਨੁੱਖ ਨੂੰ ਵੀ ਰੌਸ਼ਨੀ ਦੇ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਾਗਰੂਕਤਾ ਦੀ ਘਾਟ ਕਾਰਨ ਇਸ ਨੂੰ ਪ੍ਰਦੂਸ਼ਕ ਵਜੋਂ ਨਹੀਂ ਦੇਖਦੇ। ਤੇਜ਼ ਰੌਸ਼ਨੀ ਵਿੱਚ ਅੱਖਾਂ ਦਾ ਚੁੰਧਿਆਉਣਾ, ਨੀਂਦ ਪ੍ਰਭਾਵਿਤ ਹੋਣਾ ਇਸ ਦੇ ਕੁਝ ਆਮ ਲੱਛਣ ਹਨ।
ਇਹ ਵੀ ਪੜ੍ਹੋ : ਮਾੜੇ ਸਮੇਂ ਨੂੰ ਟਾਲ਼ੋ
ਰੌਸ਼ਨੀ ਪ੍ਰਦੂਸ਼ਣ ਬਾਹਰੀ ਰੌਸ਼ਨੀ ਵਿਵਸਥਾ ਦਾ ਇੱਕ ਅਣਚਾਹਿਆ ਨਤੀਜਾ ਹੈ। ਇਸ ਦੀ ਵਧਦੀ ਵਰਤੋਂ ਕਾਰਨ ਊਰਜਾ ਅਤੇ ਪੈਸੇ ਦੀ ਖਪਤ ਵਿੱਚ ਵਾਧਾ ਹੁੰਦਾ ਹੈ। ਵਧਦੀ ਅਬਾਦੀ ਦੇ ਨਾਲ ਊਰਜਾ ਸਪਲਾਈ ਲਈ ਜੈਵਿਕ ਈਂਧਨ ਦੇ ਸਰੋਤ ਖਤਮ ਹੋ ਰਹੇ ਹਨ। ਬਣਾਉਟੀ ਰੌਸ਼ਨੀ ’ਤੇ ਕੰਟਰੋਲ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਮੁਕਾਬਲਤਨ ਘੱਟ ਜ਼ਰੂਰੀ ਵਸਤੂਆਂ ਵੱਡੀ ਮਾਤਰਾ ’ਚ ਊਰਜਾ ਦੀ ਖਪਤ ਹੁੰਦੀ ਹੈ।
ਆਈਡੀਏ ਅਨੁਸਾਰ, ਸੰਯੁਕਤ ਰਾਜ ਵਿੱਚ ਇੱਕ ਸਾਲ ਵਿੱਚ ਪਾਰਕਿੰਗ ਤੇ ਸਟਰੀਟ ਲਾਈਟਾਂ ਵਿੱਚ ਵਰਤੀ ਜਾਣ ਵਾਲੀ ਊਰਜਾ ਦੀ ਮਾਤਰਾ ਨਿਊਯਾਰਕ ਸਿਟੀ ਵਰਗੇ ਸ਼ਹਿਰ ਦੀਆਂ ਦੋ ਸਾਲਾਂ ਲਈ ਬਿਜਲੀ ਦੀਆਂ ਕੁੱਲ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ। ਊਰਜਾ ਕੁਸ਼ਲਤਾ ਅਤੇ ਸੰਭਾਲ ਊਰਜਾ ਦੀ ਬੇਲੋੜੀ ਬਰਬਾਦੀ ਨੂੰ ਰੋਕ ਸਕਦੀ ਹੈ। ਇਹ ਜੈਵਿਕ ਈਂਧਨ ਦੇ ਜੀਵਨ ਨੂੰ ਵਧਾ ਸਕਦਾ ਹੈ ਅਤੇ ਕਾਰਬਨ ਦੇ ਨਿਕਾਸ ਨੂੰ ਘਟਾ ਸਕਦਾ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਊਰਜਾ ਲੋੜਾਂ ਨੂੰ ਵੀ ਅਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿਹਤ ਦਾ ਖ਼ਜ਼ਾਨਾ ਮੋਟਾ ਅਨਾਜ
ਪ੍ਰਦੂਸ਼ਣ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸਰੋਤਾਂ ਵਿੱਚੋਂ ਇੱਕ ਰੌਸ਼ਨੀ ਹੈ। ਪਰ ਪ੍ਰਦੂਸ਼ਣ ਦੇ ਇਸ ਪੈਟਰਨ ਬਾਰੇ ਜਾਣਕਾਰੀ ਤੇ ਜਾਗਰੂਕਤਾ ਦੀ ਘਾਟ ਜਾਪਦੀ ਹੈ। ਰੌਸ਼ਨੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਮਹੱਤਵਪੂਰਨ ਪਹਿਲੂ ਇਸ ਦੀ ਵਿਸ਼ਾਲਤਾ ਨੂੰ ਪੂਰੀ ਤਰ੍ਹਾਂ ਸਮਝਣਾ ਹੈ। ਰੌਸ਼ਨੀ ਪ੍ਰਦੂਸ਼ਣ ਇੱਕ ਆਮ ਸਮੱਸਿਆ ਹੈ, ਜਿਸ ਨੂੰ ਜਾਣਕਾਰੀ ਦੀ ਘਾਟ ਕਾਰਨ ਅਣਗੌਲਿਆ ਕੀਤਾ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਜਾਗਰੂਕਤਾ ਨਾਲ ਹੀ ਸੰਭਵ ਹੈ। ਆਓ! ਕੁਦਰਤੀ ਰਾਤ ਦਾ ਅਨੁਭਵ ਕਰਨ ਲਈ ਬਣਾਉਟੀ ਰੌਸ਼ਨੀ ਦੇ ਸਰੋਤਾਂ ’ਤੇ ਰੋਕ ਲਾ ਕੇ ਰਾਤ ਦੇ ਅਸਮਾਨ ਦੀ ਸੁੰਦਰਤਾ ਨੂੰ ਨਿਹਾਰੀਏ।
ਸੁਧੀਰ ਕੁਮਾਰ
(ਇਹ ਵਿਚਾਰ ਲੇਖਕ ਦੇ ਆਪਣੇ ਹਨ)