ਸਜ਼ਾ ਦੇ ਨਾਲ ਦੋਸ਼ੀਆਂ ਨੂੰ 21-21 ਹਜ਼ਾਰ ਜੁਰਮਾਨਾ
- ਗੈਰ ਸਮਾਜਿਕ ਸਬੰਧ ਬਣੇ ਸਨ ਕਤਲ ਦਾ ਕਾਰਨ
ਫ਼ਰੀਦਕੋਟ, (ਲਛਮਣ ਗੁਪਤਾ) ਸੈਸ਼ਨ ਜੱਜ ਸਤਵਿੰਦਰ ਸਿੰਘ ਦੀ ਅਦਾਲਤ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਪਿੰਡ ਡੱਗੋ ਰੋਮਾਣਾ ਦੀ ਇੱਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਪੱਕੀ ਉਮਰ ਕੈਦ ਅਤੇ 21-21 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਦਰ ਪੁਲਿਸ ਕੋਟਕਪੂਰਾ ਵੱਲੋਂ ਮਾਰਚ 2015 ਨੂੰ ਕੁਲਵਿੰਦਰ ਕੌਰ ਦੀ ਸ਼ਿਕਾਇਤ ਦੇ ਅਧਾਰ ‘ਤੇ ਸਤਵੀਰ ਕੌਰ, ਅੰਮ੍ਰਿਤਪਾਲ ਸਿੰਘ ਅਤੇ ਗੁਰਸੇਵਕ ਸਿੰਘ ਖਿਲਾਫ਼ ਆਈ. ਪੀ. ਸੀ. ਦੀ ਧਾਰਾ 306/34 (ਖੁਦਕੁਸ਼ੀ ਲਈ ਮਜ਼ਬੂਰ ਕਰਨਾ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਤਫਤੀਸ਼ ਦੌਰਾਨ ਹੀ ਮੁਕੱਦਮੇ ਨੇ ਉਸ ਸਮੇਂ ਮੋੜ ਲਿਆ ਜਦੋਂ ਪਰਮਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਸੁਖਦੇਵ ਸਿੰਘ ਦਾ ਕਤਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ ਅਤੇ ਖੁਦਕੁਸ਼ੀ ਦਾ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਪੜਤਾਲ ਤੋਂ ਬਾਅਦ ਇਸ ਕੇਸ ਨੂੰ ਆਈ. ਪੀ. ਸੀ. ਦੀ ਧਾਰਾ 302, 120 ਬੀ, 201 (ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨਾ) ਵਿੱਚ ਤਬਦੀਲ ਕਰ ਦਿੱਤਾ। ਪੁਲਿਸ ਦੀ ਕਹਾਣੀ ਅਨੁਸਾਰ ਸਤਵੀਰ ਕੌਰ ਦੀ ਆਪਣੇ ਪਤੀ ਸੁਖਦੇਵ ਸਿੰਘ ਨਾਲ ਕਥਿਤ ਤੌਰ ‘ਤੇ ਅਣਬਣ ਸੀ ਅਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਨਾਲ ਗੈਰ ਸਮਾਜਿਕ ਸਬੰਧ ਸਨ।
ਜਿਸ ਕਰਕੇ ਪਤੀ-ਪਤਨੀ ਵਿੱਚ ਕਾਫ਼ੀ ਟਕਰਾਅ ਚੱਲ ਰਿਹਾ ਸੀ ਅਤੇ ਇਸੇ ਟਕਰਾਅ ਨੂੰ ਖਤਮ ਕਰਨ ਲਈ ਸੁਖਦੇਵ ਸਿੰਘ ਦਾ ਕਤਲ ਕੀਤਾ ਗਿਆ। ਇਸ ਮਾਮਲੇ ਵਿੱਚ ਅਦਾਲਤ ਨੇ ਸਤਵੀਰ ਕੌਰ, ਅੰਮ੍ਰਿਤਾਪਲ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਸਾਜਿਸ਼ ਰਚ ਕੇ ਸੁਖਦੇਵ ਸਿੰਘ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਕਸੂਰਵਾਰ ਮੰਨਦਿਆਂ ਉਕਤ ਸਜ਼ਾ ਦਾ ਹੁਕਮ ਸੁਣਾਇਆ।