ਵਿਭਾਗ ਵੱਲੋਂ ਦਰਿਆ ਦਾ ਪਾਣੀ ਸਿਰਫ ਸਿੰਚਾਈ ਲਈ ਵਰਤਣ ਦੀ ਨਸੀਅਤ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪਿਛਲੇ ਲੰਮੇ ਸਮੇਂ ਤੋਂ ਪਲੀਤ ਹੋ ਰਹੇ ਪਾਣੀਆਂ ਅਤੇ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਉਣ ਵਾਲੀ ਸੰਸਥਾ ਵਾਤਾਵਰਣ ਚੇਤਨਾ ਲਹਿਰ ਪੰਜਾਬ ਦੀ ਫਿਕਰਮੰਦੀ ’ਤੇ ਉਦੋਂ ਮੋਹਰ ਲੱਗ ਗਈ, ਜਦੋਂ 16 ਮਈ ਨੂੰ ਜਲ ਸਰੋਤ ਵਿਭਾਗ ਪੰਜਾਬ ਵ$ਲੋਂ ਇੱਕ ਚਿੱਠੀ ਜਾਰੀ ਕਰਕੇ ਇਹ ਕਿਹਾ ਗਿਆ ਕਿ ਹਰੀਕੇ ਹੈੱਡਵਰਕਸ ’ਤੇ ਪਹੁੰਚ ਰਹੇ ਪਾਣੀ ਨੂੰ ਪੀਣ ਦੀ ਬਜਾਇ ਕੇਵਲ ਸਿੰਚਾਈ ਲਈ ਹੀ ਵਰਤਿਆ ਜਾਵੇ। (Environmental Awareness)
ਚਿੱਠੀ ’ਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਰਾਜਸਥਾਨ ਰਾਜ ਵੱਲੋਂ ਕਰਵਾਈ ਜਾ ਰਹੀ ਸੈਂਪਲਿੰਗ ਦੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਮੌਜੂਦਾ ਸਥਿੱਤੀ ’ਚ ਹਰੀਕੇ ਹੈੱਡਵਰਕਸ ’ਤੇ ਪਹੁੰਚ ਰਹੇ ਪਾਣੀ ਨੂੰ ਸਿੰਚਾਈ ਲਈ ਹੀ ਵਰਤਿਆ ਜਾ ਸਕਦਾ ਹੈ। ਜਾਰੀ ਹੋਈ ਚਿੱਠੀ ’ਚ ਇਹ ਕਿਹਾ ਗਿਆ ਕਿ ਬੀਕਾਨੇਰ ਕੈਨਾਲ ’ਤੇ ਨਿਰਭਰ ਖੇਤਰਾਂ ’ਚ ਪਾਣੀ ਦੀ ਮੰਗ ਹੋਣ ਕਾਰਨ ਸਿੰਚਾਈ ਲਈ ਪਾਣੀ ਛੱਡਣ ਦੀ ਮੰਗ ਕੀਤੀ ਗਈ ਅਤੇ ਅੰਤ ’ਚ ਕਮੇਟੀ ਵੱਲੋਂ 17-5-22 ਸਵੇਰੇ 6:00 ਵਜੇ ਫਿਰੋਜ਼ਪੁਰ ਫੀਡਰ ਰਾਹੀਂ ਸਿੰਚਾਈ ਲਈ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ।
ਸਤਲੁਜ ਦਰਿਆ ਦਾ ਪਾਣੀ ਬੇਹੱਦ ਖਤਰਨਾਕ ਹੋ ਚੁੱਕਿਆ ਹੈ
ਚਿੱਠੀ ਦੇ ਅੰਤ ’ਚ ਕਿਹਾ ਗਿਆ ਕਿ ਹਾਲ ਦੀ ਘੜੀ ਇਸ ਪਾਣੀ ਨੂੰ ਨਾ ਪੀਣ ਲਈ ਸਬੰਧਿਤ ਦਫਤਰਾਂ ਨੂੰ ਸਲਾਹਕਾਰੀ (ਐਡਵਾਈਜਰੀ) ਤੁਰਤ ਜਾਰੀ ਕੀਤੀ ਜਾਵੇ। ਇਸ ਵਿਸ਼ੇ ’ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਉਸਾਰੂ ਲਿਖਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਇੰਨਾ ਪਲੀਤ ਹੈ ਕਿ ਮਨੁੱਖਾਂ ਅਤੇ ਜਾਨਵਰਾਂ ਪੰਛੀਆਂ ਲਈ ਪੀਣਾ ਤਾਂ ਦੂਰ ਇਸ ਨੂੰ ਸਿੰਚਾਈ ਲਈ ਵਰਤਣਾ ਵੀ ਕਿਸੇ ਵੱਡੇ ਖਤਰੇ ਤੋਂ ਖਾਲੀ ਨਹੀਂ।
ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਵਾਤਾਵਰਣ ਚੇਤਨਾ ਲਹਿਰ ਵੱਲੋਂ ਹਰ ਰਾਜਸੀ ਪਾਰਟੀ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਣ ਅਤੇ ਡੂੰਘੇ ਹੋ ਰਹੇ ਧਰਤੀ ਹੇਠਲਾ ਪਾਣੀ ਦੇ ਸੰਕਟ ਨੂੰ ਆਪਣੇ ਚੋਣ ਮਨੋਰਥ ਪੱਤਰਾਂ ’ਚ ਸ਼ਾਮਿਲ ਕਰਨ ਪਰ ਕਿਸੇ ਵੀ ਪਾਰਟੀ ਨੇ ਇਸ ਸਬੰਧੀ ਕੋਈ ਬਹੁਤੀ ਗੰਭੀਰਤਾ ਨਹੀਂ ਦਿਖਾਈ। ਸੁਸਾਇਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਕੋਟਕਪੂਰਾ ਮੁਤਾਬਿਕ ਪਾਣੀ ਦੇ ਪ੍ਰਦੂਸ਼ਣ ਦਾ ਸੰਕਟ ਹਰ ਦਿਨ ਭਿਆਨਕ ਤੋਂ ਅਤਿ ਭਿਆਨਕ ਹੋ ਰਿਹਾ ਹੈ ਅਤੇ ਸਰਕਾਰਾਂ ਨੂੰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਸੰਕਟ ਪੰਜਾਬ ਸਮੇਤ ਰਾਜਸਥਾਨ ਦੇ ਵੱਡੇ ਇਲਾਕੇ ਦੇ ਵਸਨੀਕਾਂ ਲਈ ਕਿਸੇ ਭਿਆਨਕ ਤਬਾਹੀ ਅਰਥਾਤ ਬਰਬਾਦੀ ਤੋਂ ਘੱਟ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ