ਯੂ-ਟਰਨ: ਸਲਾਹਕਾਰ ਬਣੇ ਵਿਧਾਇਕਾਂ ਨੂੰ ਚਾਹੀਦੀ ਐ ਮੰਤਰੀ ਵਾਲੀ ਕੋਠੀ

Legislators

ਕੋਠੀ ਲਈ ਅਧਿਕਾਰੀਆਂ ਕੋਲ ਪੁੱਜੀਆਂ ਅਰਜ਼ੀਆਂ

ਚੰਡੀਗੜ (ਅਸ਼ਵਨੀ ਚਾਵਲਾ) । ਪੰਜਾਬ ਸਰਕਾਰ ਦੇ ਖਜ਼ਾਨੇ ‘ਤੇ ਵਾਧੂ ਬੋਝ ਨਾ ਪਾਉਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਦੇ ਸਲਾਹਕਾਰ ਬਣੇ ਵਿਧਾਇਕਾਂ ਨੂੰ ਹੁਣ ਚੰਡੀਗੜ ਵਿਖੇ ਕੈਬਨਿਟ ਮੰਤਰੀਆਂ ਦੇ ਬਰਾਬਰ ਆਲੀਸ਼ਾਨ ਕੋਠੀ ਚਾਹੀਦੀ ਹੈ। ਇਸ ਲਈ 6 ਸਲਾਹਕਾਰਾਂ ਵਿੱਚੋਂ 2 ਸਲਾਹਕਾਰਾਂ ਨੇ ਬਕਾਇਦਾ ਲਿਖਤੀ ਰੂਪ ਵਿੱਚ ਆਪਣੀ ਅਰਜ਼ੀ ਵਿਭਾਗੀ ਅਧਿਕਾਰੀਆਂ ਕੋਲ ਭੇਜ ਵੀ ਦਿੱਤੀ ਹੈ। ਹਾਲਾਂਕਿ ਨਿਯਮਾਂ ਦੇ ਤੈਅ ਹੋਣ ਤੱਕ ਇਨ੍ਹਾਂ ਸਲਾਹਕਾਰਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ ਪਰ ਜਲਦ ਹੀ ਇਨ੍ਹਾਂ ਸਲਾਹਕਾਰਾਂ ਨੂੰ ਸੈਕਟਰ 39 ਵਿੱਚ ਕੈਬਨਿਟ ਮੰਤਰੀਆਂ ਦੇ ਬਰਾਬਰ ਕੋਠੀ ਅਲਾਟ ਹੋਣ ਜਾ ਰਹੀ ਹੈ। ਇਸ ਸਬੰਧੀ ਖ਼ੁਦ ਸਲਾਹਕਾਰ ਵਿਧਾਇਕਾਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਉਨ੍ਹਾਂ ਨੇ ਕੈਬਨਿਟ ਮੰਤਰੀਆਂ ਦੇ ਬਰਾਬਰ ਕੋਠੀ ਲੈਣ ਲਈ ਅਰਜ਼ੀ ਦਾਖ਼ਲ ਕੀਤੀ ਹੈ। ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 6 ਕਾਂਗਰਸੀ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਲਗਾਉਂਦੇ ਹੋਏ ਕੈਬਨਿਟ ਅਤੇ ਰਾਜ ਮੰਤਰੀ ਦੇ ਬਰਾਬਰ ਦਾ ਦਰਜ਼ਾ ਦਿੱਤਾ ਸੀ।

ਇਸ ਦਰਜੇ ਨੂੰ ਦੇਣ ਤੋਂ ਬਾਅਦ ਇਹ 6 ਵਿਧਾਇਕ ਸਲਾਹਕਾਰ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ਹੀ ਕੈਬਨਿਟ ਮੰਤਰੀ ਦੇ ਬਰਾਬਰ ਦੀ ਹਰ ਸਹੂਲਤ ਲੈਣ ਦੇ ਹੱਕਦਾਰ ਬਣ ਗਏ ਸਨ ਪਰ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਇਨ੍ਹਾਂ ਸਲਾਹਕਾਰ ਵਿਧਾਇਕਾਂ ਨੇ ਐਲਾਨ ਕਰ ਦਿੱਤਾ ਕਿ ਉਹ ਸਰਕਾਰ ‘ਤੇ ਕੋਈ ਵਾਧੂ ਬੋਝ ਨਹੀਂ ਪੈਣ ਦੇਣਗੇ ਅਤੇ ਪਹਿਲਾਂ ਵਾਂਗ ਹੀ ਵਿਧਾਇਕ ਦੀ ਤਨਖ਼ਾਹ ਲੈਂਦੇ ਹੋਏ ਮੌਜੂਦ ਸਹੂਲਤਾਂ ਨੂੰ ਲੈਣ ਤੋਂ ਸਾਫ਼ ਇਨਕਾਰ ਕਰਨਗੇ। ਇਸ ਐਲਾਨ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਇਹ ਵਿਧਾਇਕ ਸਲਾਹਕਾਰ ਕੋਈ ਵੀ ਸਹੂਲਤ ਲੈਣ ਤੋਂ ਸਾਫ਼ ਇਨਕਾਰ ਕਰ ਦੇਣਗੇ ਪਰ ਸਰਕਾਰ ਇਨ੍ਹਾਂ ਵਿਧਾਇਕ ਸਲਾਹਕਾਰਾਂ ਨੂੰ ਕੋਈ ਸਹੂਲਤ ਦਿੰਦੀ, ਇਸ ਤੋਂ ਪਹਿਲਾਂ ਹੀ ਇਨਕਾਰ ਕਰਨ ਵਾਲੇ 2 ਵਿਧਾਇਕ ਸਲਾਹਕਾਰਾਂ ਨੇ ਕੈਬਨਿਟ ਮੰਤਰੀ ਦੇ ਬਰਾਬਰ ਸਰਕਾਰੀ ਕੋਠੀ ਅਲਾਟ ਕਰਨ ਲਈ ਅਰਜ਼ੀ ਤੱਕ ਦਾਖ਼ਲ ਕਰ ਦਿੱਤੀ।

ਕੈਬਨਿਟ ਰੈਂਕ ਮਿਲਿਆ ਤਾਂ ਕੋਠੀ ਲੈਂਦਾ ਮਾੜਾ ਤਾਂ ਨਹੀਂ ਲਗਦਾ : ਗਿਲਚਿਆ

ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲਚਿਆ ਨੇ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਰੈਂਕ ਮਿਲਿਆ ਹੈ ਤਾਂ ਉਹ ਕਿਹੜਾ ਕੁਝ ਗਲਤ ਮੰਗ ਰਹੇ ਹਨ। ਉਨ੍ਹਾਂ ਆਪਣੇ ਰੈਂਕ ਅਨੁਸਾਰ ਹੀ ਕੋਠੀ ਅਪਲਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਕੋਠੀ ਅਲਾਟ ਨਹੀਂ ਹੋਈ ਹੈ, ਇਸ ਲਈ ਉਹ ਕੁਝ ਵੀ ਨਹੀਂ ਕਹਿਣਗੇ, ਜਦੋਂ ਕੋਠੀ ਮਿਲ ਜਾਵੇਗੀ, ਉਸ ਸਮੇਂ ਹੀ ਗੱਲ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here