ਵਿਧਾਇਕਾ ਰੂਬੀ ਵੱਲੋਂ ਵਿਧਾਨ ਸਭਾ ‘ਚ ਚੁੱਕਿਆ ਸੂਬੇ ‘ਚ ਬੇਰੁਜ਼ਗਾਰੀ ਦਾ ਮੁੱਦਾ
ਸੰਗਤ ਮੰਡੀ, (ਮਨਜੀਤ ਨਰੂਆਣਾ) ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਵਿਧਾਨ ਸਭਾ ‘ਚ ਪੰਜਾਬ ‘ਚ ਤੇਜ਼ੀ ਨਾਲ ਵੱਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਅਤੇ ਸਰਕਾਰੀ ਨੌਕਰੀ ‘ਚ ਅਪਲਾਈ ਫ਼ੀਸ ਬੰਦ ਕਰਨ ਦੀ ਮੰਗ ਰੱਖੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਨੌਜਵਾਨ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਨਸ਼ੇ ਦੀ ਦਲਦਲ ‘ਚ ਜਾ ਰਿਹਾ ਹੈ।
ਉਨ੍ਹਾਂ ਪੰਜਾਬੀ ਅਖਬਾਰ ‘ਚ ਛਪੀ ਖ਼ਬਰ ਦੇ ਹਵਾਲੇ ਨਾਲ ਸਦਨ ਨੂੰ ਦੱਸਿਆ ਕਿ ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਸਾਲ 2018-19 ਦੌਰਾਨ ਪੰਜਾਬ ਸੂਬੇ ‘ਚ 202 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕੀਤੀ ਉਥੇ ਹੀ ਪੰਜਾਬ ‘ਚ 207 ਨੌਜਵਾਨਾਂ ਨੇ ਵੀ ਖ਼ੁਦਕੁਸ਼ੀ ਕੀਤੀ ਹੈ ਜਿਸ ‘ਚ 184 ਲੜਕੇ ਅਤੇ 23 ਲੜਕੀਆਂ ਸ਼ਾਮਲ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪ੍ਰੋ: ਰੂਬੀ ਨੇ ਕਿਹਾ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਮਨਰੇਗਾ ਤਹਿਤ ਪੰਜਾਬ ਦੇ ਪਿੰਡਾਂ ‘ਚੋਂ 28 ਲੱਖ ਲੋਕ ਰਜਿਸਟਰਡ ਹਨ ਜਿਨ੍ਹਾਂ ‘ਚੋਂ 14 ਲੱਖ ਲੋਕ ਮਨਰੇਗਾ ਤਹਿਤ ਕੰਮ ਹਾਸਲ ਕਰਦੇ ਹਨ ਪ੍ਰੰਤੂ ਬੀਤੇ ਤਿੰਨ ਸਾਲਾਂ ‘ਚੋਂ ਕੇਵਲ 10 ਹਜ਼ਾਰ ਲੋਕਾਂ ਨੂੰ ਹੀ 100 ਦਿਨ ਮਨਰੇਗਾ ਤਹਿਤ ਕੰਮ ਮਿਲ ਸਕਿਆ ਹੈ ਅਤੇ 13 ਲੱਖ 90 ਹਜ਼ਾਰ ਲੋਕਾਂ ਨੂੰ 100 ਦਿਨ ਵੀ ਕੰਮ ਨਹੀਂ ਮਿਲ ਸਕਿਆ ਜਦਕਿ ਇਸ ਯੋਜਨਾ ਤਹਿਤ ਹਰ ਵਿਅਕਤੀ ਨੂੰ 100 ਦਿਨ ਦੀ ਕੰਮ ਦੀ ਗਰੰਟੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਵਿਅਕਤੀ ਨੂੰ 150 ਦਿਨ ਕੰਮ ਨਹੀਂ ਮਿਲਿਆ ਜੋ ਕਾਂਗਰਸ ਸਰਕਾਰ ਵਿਰੋਧੀ ਧਿਰ ‘ਚ ਹੋਣ ਸਮੇਂ ਵੱਡੇ-ਵੱਡੇ ਬਿਆਨ ਦੇ ਕੇ ਮਨਰੇਗਾ ਤਹਿਤ ਕੰਮ ਕਰਨ ਵਾਲੇ ਲੋਕਾਂ ਪ੍ਰਤੀ ਮਗਰਮੱਛ ਵਾਲ਼ੇ ਹੰਝੂ ਵਹਾਉਂਦੀ ਸੀ ਪ੍ਰੰਤੂ ਅੱਜ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ‘ਚ ਵੀ ਤਿੰਨ ਸਾਲਾਂ ‘ਚ ਕੇਵਲ 667 ਲੋਕਾਂ ਨੂੰ ਵੀ ਰੁਜ਼ਗਾਰ ਮਿਲ ਸਕਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਰੱਖਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਸਾਮੀਆਂ ਲਈ ਅਪਲਾਈ ਫੀਸ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਇੱਕ ਪਾਸੇ ਨੌਜਵਾਨ ਬੇਰੁਜ਼ਗਾਰੀ ਕਰਕੇ ਮਾਨਸਿਕ ਦਬਾਅ ‘ਚ ਹਨ ਦੂਸਰੇ ਪਾਸੇ ਸਰਕਾਰ ਨੌਕਰੀ ਲਈ ਅਪਲਾਈ ਕਰਨ ਲਈ ਭਾਰੀ ਫ਼ੀਸ ਵਸੂਲ ਕੇ ਸ਼ੋਸ਼ਣ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।