ਜੇ ਕੰਮ ਨਹੀਂ ਕਰਨਾ ਤਾਂ ਨੁਕਤਾਚੀਨੀ ਝੱਲਣਾ ਸਿੱਖੋ ‘ਰਾਜਾ ਸਾਹਿਬ’ : ਭਗਵੰਤ ਮਾਨ

Bhagwant Mann

ਮਜੀਠੀਆ ਅਤੇ ਬਾਦਲ ਪਰਿਵਾਰ ਦੀ ਸੁਰੱਖਿਆ ਛਤਰੀ ਬਾਰੇ ਵੀ ਲੋਕਾਂ ਨੂੰ ਸਪੱਸ਼ਟ ਕਰਨ ਮੁੱਖ ਮੰਤਰੀ : ਆਪ ਸੰਸਦ

ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ‘ਇੱਕ ਤਾਨਾਸ਼ਾਹੀ ਰਾਜਾ’ ਕਰਾਰ ਦਿੰਦੇ ਹੋਏ ਕਿਹਾ ਕਿ ਹਿਟਲਰ ਦੀ ਤਰ੍ਹਾਂ ਅਮਰਿੰਦਰ ਸਿੰਘ ਕੋਲੋਂ ਵੀ ਆਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਇਹੋ ਕਾਰਨ ਹੈ ਕਿ ਜੋ ਵੀ ਅਮਰਿੰਦਰ ਸਰਕਾਰ ਦੀ ਭ੍ਰਿਸ਼ਟ, ਨਿਕੰਮੀ ਅਤੇ ਮਾਫੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, ‘ਰਾਜਾਸ਼ਾਹੀ’ ਸਰਕਾਰ ਉਸ ਵਿਰੁੱਧ ਹਰ ਹੱਦ ਤੱਕ ਜਾਂਦੀ ਹੈ, ਚਾਹੇ ਉਹ ਉਹਨਾਂ ਦੀ ਆਪਣੀ ਪਾਰਟੀ ਦੇ ਸੀਨੀਅਰ ਲੀਡਰ ਹੀ ਕਿਉਂ ਨਾ ਹੋਣ।

ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਰਾਜ ਸਭਾ ਮੈਂਬਰਾਂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ – ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਬੇਸ਼ੱਕ ਕੁਰਸੀ ਨੂੰ ਲੈ ਕੇ ਅੰਦਰੂਨੀ ਜੰਗ ਛਿੜੀ ਹੋਈ ਹੈ।

AAP, Announced, Candidates

ਇਸ ਨੂੰ ਕਾਂਗਰਸ ਦਾ ਅੰਦਰੂਨੀ ਮਾਮਲਾ ਕਹਿ ਸਕਦੇ ਹਾਂ, ਪਰੰਤੂ ਬਾਜਵਾ ਅਤੇ ਦੂਲੋ ਮੁੱਖ ਮੰਤਰੀ ਦੀ ਨਾਕਾਬਲ, ਭ੍ਰਿਸ਼ਟ ਅਤੇ ਰਾਜਾਸ਼ਾਹੀ ਕਾਰਜਸ਼ੈਲੀ ਬਾਰੇ ਜੋ ਦੋਸ਼ ਲਗਾ ਰਹੇ ਹਨ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਗੱਲਾਂ ਜਿੰਮੇਵਾਰੀ ਨਾਲ ਕਹਿੰਦੀ ਆ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਰਾਜਾ ਸਾਹਿਬ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰ੍ਹਾਂ ਨੱਕੋਂ – ਬੁਲੋ ਉੱਤਰ ਚੁੱਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ ਹੁੰਦੀ ਹੈ, ਉਹ ਕਰ ਲਈ ਜਾਵੇ। ਭਗਵੰਤ ਮਾਨ ਨੇ ਨਾਲ ਹੀ ਤੰਜ ਕਸਿਆ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਹ ਆਪਣੀ ਨੁਕਤਾਚੀਨੀ ਝੱਲਣਾ ਸਿੱਖਣ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋਲੋਂ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਹੋਣ ਦੇ ਬਹਾਨੇ ਨਾਲ ਜਿਵੇਂ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਖੋਹ ਲਈ ਗਈ ਹੈ, ਇਹ ਪੈਮਾਨਾ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਆਗੂਆਂ ‘ਤੇ ਕਿਉਂ ਨਹੀਂ ਲਾਗੂ ਹੋ ਸਕਦਾ ਜਿਨ੍ਹਾਂ ਕੋਲ ਵੱਡੀ ਗਿਣਤੀ ‘ਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਹੈ।  ਭਗਵੰਤ ਮਾਨ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਮਜੀਠੀਆ ਅਤੇ ਬਾਦਲ ਪਰਿਵਾਰ ਦੀ ਸੁਰੱਖਿਆ ਛਤਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ