ਭਾਖੜਾ ਨਹਿਰ ‘ਚ ਹੋਈ ਲੀਕੇਜ, ਸੈਂਕੜੇ ਏਕੜ ਰਕਬਾ ਪਾਣੀ ਨਾਲ ਭਰਿਆ

Bhakra Canal

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Bhakra Canal : ਸੋਮਵਾਰ ਦੀ ਦੇਰ ਸ਼ਾਮ ਪੰਜਾਬ ਤੇ ਹਰਿਆਣਾ ਹੱਦ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਲੀਕੇਜ ਹੋਣ ਨਾਲ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਖੇਤਾਂ ’ਚ ਪਾਣੀ ਭਰਨ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੂੰਗੀ ਦੀ ਫਸਲ ਬਰਬਾਦ ਹੋ ਗਈ ਹੈ। ਲੀਕੇਜ਼ ਦਾ ਪਤਾ ਲੱਗਦਿਆਂ ਹੀ ਨਹਿਰੀ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਐਕਸ਼ਨ ਵਿੱਚ ਆ ਗਿਆ ਤੇ ਨਹਿਰ ਨੂੰ ਬੰਦ ਕਰਨ ਦੇ ਯਤਨ ਸ਼ੁਰੂ ਕੀਤੇ ਪਰ ਉਦੋਂ ਤੱਕ ਪਾਣੀ ਕਾਫੀ ਦੂਰ ਤੱਕ ਫੈਲ ਚੁੱਕਾ ਸੀ।

ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸ਼ਨ ਜਗਮੀਤ ਸਿੰਘ ਭਾਕਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਭਾਖੜਾ ਨਹਿਰ ਕੋਲ ਇੱਕ ਬੋਰ ਲੱਗਿਆ ਹੋਇਆ ਹੈ, ਉਸ ਬੋਰ ਕੋਲੋਂ ਅਚਾਨਕ ਭਾਖੜਾ ਨਹਿਰ ਦਾ ਪਾਣੀ ਖੇਤਾਂ ਵੱਲ ਨਿੱਕਲਣ ਲੱਗਿਆ ਇਸ ਨਾਲ ਜੌੜਕੀਆਂ, ਨਥੇਹਾ, ਬਾਂਦਰਾਂ ਤੇ ਸੂਰਤੀਏ ਦੇ ਖੇਤਾਂ ਵਿੱਚ ਪਾਣੀ ਪਰ ਗਿਆ ਹੈ ਜਿਸ ਨੂੰ ਬੰਦ ਕਰਨ ਲਈ ਨਹਿਰੀ ਵਿਭਾਗ ਦੇ ਦੋ ਜੇਈ ਅਤੇ ਇੱਕ ਐਸਡੀਓ ਮੌਕੇ ‘ਤੇ ਪੁੱਜੇ ਤੇ ਜੇਸੀਬੀ ਨਾਲ ਭਾਖੜਾ ਨਹਿਰ ਨੂੰ ਬੰਦ ਕਰਵਾਇਆ ਜਾ ਰਿਹਾ ਹੈ।

Bhakra Canal

ਉਹਨਾਂ ਦੱਸਿਆ ਕਿ ਇਸ ਸਬੰਧੀ ਹਰਿਆਣਾ ਦੇ ਨਹਿਰੀ ਵਿਭਾਗ ਨਾਲ ਸੰਪਰਕ ਕਰਕੇ ਪਿੱਛੇ ਤੋਂ ਪਾਣੀ ਵੀ ਘੱਟ ਕਰਵਾ ਦਿੱਤਾ ਹੈ। ਜਿਸ ਲਈ ਸਾਰਾ ਦਿਨ ਰਾਹਤ ਕਾਰਜ ਜਾਰੀ ਰਹੇ। ਉਨਾਂ ਦੱਸਿਆ ਕਿ ਭਾਖੜਾ ਨਹਿਰ ਵਿੱਚ 2600 ਕਿਊਸਕ ਪਾਣੀ ਵਗ ਰਿਹਾ ਹੈ। ਰਾਤ ਨੂੰ ਭਾਖੜਾ ਨਹਿਰ ਬੰਦ ਕਰਵਾਈ ਗਈ ਤਾਂ ਜਾ ਕੇ ਨਹਿਰ ਵਿੱਚ ਪਾਣੀ ਘਟਿਆ। ਪਿੰਡ ਨਥੇਹਾ ਦੇ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਨੇ ਪਿੰਡ ਵਾਸੀਆਂ ਨੂੰ ਰਾਹਤ ਕਾਰਜਾਂ ਵਿੱਚ ਸਾਥ ਦੇਣ ਲਈ ਮੌਕੇ ਤੇ ਪਹੁੰਚਣ ਲਈ ਕਿਹਾ ਜਿਸ ਕਰਕੇ ਪਿੰਡ ਦੇ ਨੌਜਵਾਨ ਭਾਖੜਾ ਨਹਿਰ ਨੂੰ ਬੰਦ ਕਰਵਾਉਣ ਵਿੱਚ ਮਦਦ ਕਰ ਰਹੇ ਹਨ ਪਿੰਡ ਨਥੇਹਾ ਦੇ ਕਿਸਾਨ ਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਛੇ ਏਕੜ ਮੂੰਗੀ ਦੀ ਫਸਲ ਡੁੱਬ ਗਈ।

ਅੱਜ ਮੰਗਲਵਾਰ ਨੂੰ ਵੀ ਨਹਿਰੀ ਵਿਭਾਗ ਦਾ ਸਾਰਾ ਅਮਲਾ ਭਾਖੜਾ ਨਹਿਰ ਵਿੱਚ ਪਏ ਪਾੜ ਨੂੰ ਪੂਰਦਾ ਰਿਹਾ ਤੇ ਕਿਸਾਨ ਆਪਣੀ ਮੂੰਗੀ ਦੀ ਫਸਲ ਵਿੱਚੋਂ ਪਾਣੀ ਬਾਹਰ ਕੱਢਦੇ ਰਹੇ ਤਾਂ ਜੋ ਉਹਨਾਂ ਦੀ ਫਸਲ ਬਰਬਾਦ ਹੋਣ ਤੋਂ ਬਚ ਸਕੇ ਪੀੜ੍ਹਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।