ਐਨ.ਐਸ.ਐਸ. ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ ਪਿੰਡਾਂ ‘ਚ ਜਾਣਗੇ, ਪਟਿਆਲਾ ਤੋਂ ਕੀਤਾ ਰਵਾਨਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ 12984 ਪਿੰਡਾਂ ‘ਚ ਜਾਣਗੇ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਟਿਆਲਾ ਦੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਵਿਖੇ ‘ਪਰਾਲੀ ਨੂੰ ਅੱਗ ਲਾਉਣ ਨੂੰ ਨਾ ਕਹੋ’ ਦੀ ਇਸ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਰਸਮੀ ਤੌਰ ‘ਤੇ ਆਗ਼ਾਜ਼ ਕੀਤਾ। ਉਨ੍ਹਾਂ ਜ਼ਿਲ੍ਹੇ ਦੇ 11 ਕਾਲਜਾਂ ਦੇ ਐਨ. ਐਸ. ਐਸ. ਵਲੰਟੀਅਰਾਂ ਨੂੰ ਰਸਮੀ ਤੌਰ ‘ਤੇ ਰਵਾਨਾ ਕੀਤਾ। ਇਸ ਮੌਕੇ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਭਾਵੁਕ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣਾ ਹੈ, ਜਿਸ ਲਈ ਦੇਸ਼ ਵਿਦੇਸ਼ ‘ਚੋਂ ਸ਼ਰਧਾਲੂ ਪੰਜਾਬ ਆਉਣਗੇ।
ਇਸ ਕਰਕੇ ਕਿਸਾਨ ਵਾਤਾਰਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਝੋਨੇ ਦੀ ਪਰਾਲੀ ਨਾ ਸਾੜਨ। ਉਨ੍ਹਾਂ ਦੱਸਿਆ ਕਿ ਸਰਕਾਰ ਪੁਲਿਸ ਦੇ ਜ਼ੋਰ ਨਾਲ ਪਰਾਲੀ ਨੂੰ ਅੱਗ ਲਾਉਣਾ ਬੰਦ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਜਾਗਰੂਕਤਾ ਪੈਦਾ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਦੇ ਉਪਰਾਲੇ ਕਰ ਰਹੀ ਹੈ। ਸਰਕਾਰ ਨੇ ਪਰਾਲੀ ਨੂੰ ਖੇਤ ‘ਚ ਹੀ ਵਾਹੁਣ ਵਾਸਤੇ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ 270 ਕਰੋੜ ਰੁਪਏ ਖਰਚੇ ਤੇ ਇਸ ਵਾਰ 260 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਵਿਖੇ ਮਾਤਾ ਤ੍ਰਿਪਤਾ ਦੇ ਨਾਂਅ ‘ਤੇ ਲੜਕੀਆਂ ਲਈ 21 ਕਰੋੜ ਰੁਪਏ ਦੀ ਲਾਗਤ ਨਾਲ 500 ਕਮਰਿਆਂ ਦਾ ਹੋਸਟਲ ਬਣਾਇਆ ਜਾ ਰਿਹਾ ਹੈ, ਇਸ ਲਈ 2 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ ਨੇ ਪਰਾਲੀ ਨੂੰ ਅੱਗ ਲਾਉਣ ਕਰਕੇ ਰੇਤਾ ਬਣੀ ਧਰਤੀ ਦੇ ਨੁਕਸਾਨ ਤੇ ਪਰਾਲੀ ਨਾ ਸਾੜਨ ਦੇ ਫਾਇਦਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿਛਲੀ ਵਾਰ ਵੀ ਵਿਦਿਆਰਥੀ ਪਿੰਡਾਂ ‘ਚ ਗਏ ਸਨ ਜਿਸ ਕਰਕੇ ਪਰਾਲੀ ਘੱਟ ਸੜੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਨੂੰ ਇੱਕ ਮਿਸ਼ਨ ਵਜੋਂ ਲਿਆ ਹੈ।
ਜਿਸ ਕਰਕੇ ਸਾਰੇ ਉਪ ਕੁਲਪਤੀ ਤੇ ਉਹ ਖ਼ੁਦ ਵੀ ਪਿੰਡਾਂ ‘ਚ ਜਾਣਗੇ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਅਪਣਾਉਂਦਿਆਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਇਸ ਮੌਕੇ ਓ. ਐਸ. ਡੀ. ਗੁਰਦਰਸ਼ਨ ਸਿੰਘ ਬਾਹੀਆ, ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਪ੍ਰੀਤੀ ਯਾਦਵ, ਡਾ. ਬਲਕਾਰ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਕਰਮਜੀਤ ਕੌਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ, ਸਰੀਰਕ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।