ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਲੇਖ ਪਹਿਲਾਂ ਪੱਕੀਆਂ...

    ਪਹਿਲਾਂ ਪੱਕੀਆਂ ਹੁੰਦੀਆਂ ਸਨ ਜ਼ੁਬਾਨਾਂ

    Languages, Fixed

    ਸ਼ਿਨਾਗ ਸਿੰਘ ਸੰਧੂ

    ਕਦੇ ਸਮਾਂ ਹੁੰਦਾ ਸੀ ਜਦੋਂ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ। ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਂਦੇ ਸਨ। ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ। ਬਿਨਾ ਨਫਾ-ਨੁਕਸਾਨ ਵੇਖਿਆਂ ਸਿਰ-ਧੜ ਦੀ ਬਾਜ਼ੀ ਲੱਗ ਜਾਂਦੀ ਸੀ। ਜੁਬਾਨ ਦੇ ਸਿਰ ‘ਤੇ ਹੀ ਵੱਡੇ-ਵੱਡੇ ਫੈਸਲੇ ਲੈ ਲਏ ਜਾਂਦੇ। ਭਾਵੇਂ ਕਿਸੇ ਦਾ ਕੋਈ ਘਰੇਲੂ ਮਸਲਾ ਹੋਵੇ ਜਾਂ ਫਿਰ ਪਿੰਡ ਦਾ ਸਾਂਝਾ। ਜੋ ਬੋਲ ਮੂੰਹ ‘ਚੋਂ ਨਿੱਕਲ ਜਾਣੇ ਉਸ ‘ਤੇ ਸਾਰੇ ਪਹਿਰਾ ਦਿੰਦੇ। ਕੋਈ ਵੀ ਮੁੱਕਰਦਾ ਨਹੀਂ ਸੀ। ਸਭ ਕੁਝ ਪੰਚਾਇਤ ਵੱਲੋਂ ਹੀ ਹੱਲ ਕਰ ਲਿਆ ਜਾਂਦਾ ਸੀ। ਲੋਕਾਂ ਦੇ ਦਿਲਾਂ ਵਿੱਚ ਰਹਿਮ, ਇੱਜ਼ਤ-ਮਾਣ ਤੇ ਕਦਰਾਂ-ਕੀਮਤਾਂ ਸਨ। ਇਨਸਾਨੀਅਤ ਦਾ ਮੁੱਲ ਪੈਂਦਾ ਸੀ। ਕਿਤੇ ਕੋਰਟ-ਕਚਹਿਰੀ ਵਿੱਚ ਜਾਣ ਦੀ ਜਰੂਰਤ ਹੀ ਨਹੀਂ ਸੀ ਪੈਂਦੀ।

    ਸਮੇਂ ਦੇ ਬਦਲਣ ਨਾਲ ਨਾ ਤਾਂ ਜ਼ੁਬਾਨ ਦਾ ਮੁੱਲ ਰਿਹਾ ਅਤੇ ਨਾ ਹੀ ਲੋਕਾਂ ਵਿੱਚ ਮਿਲਵਰਤਣ ਦੀ ਭਾਵਨਾ ਰਹਿ ਗਈ। ਚੰਗਾ ਪੜ੍ਹਨਾ-ਲਿਖਣਾ ਤਾਂ ਦੂਰ ਦੀ ਗੱਲ, ਲੋਕ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ਤੱਕ ਹੀ ਸਿਮਟ ਕੇ ਰਹਿ ਗਏ। ਇੱਕ-ਦੂਜੇ ਕੋਲ ਬੈਠਣ ਅਤੇ ਕਿਸੇ ਵੀ ਵਿਚਾਰ ਕਰਨ ਲਈ ਕਿਸੇ ਕੋਲ ਸਮਾਂ ਨਹੀਂ। ਭੱਜ-ਦੌੜ ਵਿੱਚ ਖਿਝੇ ਹੋਏ ਲੋਕ ਇੱਕ-ਦੂਜੇ ਨੂੰ ਵੱਢ ਖਾਣ ਨੂੰ ਪੈਂਦੇ ਹਨ। ਤਾਂ ਹੀ ਤਾਂ ਕਚਹਿਰੀਆਂ ਵਿੱਚ ਕੇਸਾਂ ਦੀ ਗਿਣਤੀ ਵਧ ਗਈ ਕਿਉਂਕਿ ਲਿਖਤੀ ਇਕਰਾਰ ਕਰਕੇ ਵੀ ਲੋਕ ਮੁੱਕਰ ਜਾਂਦੇ ਹਨ। ਅੱਜ-ਕੱਲ੍ਹ ਕਿਸੇ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਾ ਹੋਣ ਕਰਕੇ ਗਰੰਟੀ ਅਤੇ ਗਵਾਹੀ ਪਾਉਣ ਦੇ ਬਾਵਜੂਦ ਵੀ ਅਦਾਲਤਾਂ ਵਿੱਚ ਕੇਸਾਂ ਦੀ ਤਦਾਦ ‘ਚ ਵਾਧਾ ਹੋ ਰਿਹਾ ਹੈ।

    ਕਿਉਂ ਘਟਿਆ ਜ਼ੁਬਾਨ ਦਾ ਮੁੱਲ ਕਿਉਂਕਿ ਸਾਡੇ ਵਿੱਚ ਆਪਸੀ ਮੇਲ-ਮਿਲਾਪ ਅਤੇ ਭਾਈਚਾਰਕ ਸਾਝਾਂ ਖਤਮ ਹੋ ਗਈਆਂ ਹਨ। ਅਸੀਂ ਆਪਣੇ ਬੱਚਿਆਂ ਕੋਲ ਸਮਾਂ ਕੱਢ ਕੇ ਬੈਠਣਾ ਭੁੱਲ ਗਏ ਹਾਂ ਜਿਸ ਦੇ ਫਲਸਰੂਪ ਪਰਿਵਾਰਾਂ ਵਿੱਚ ਇਕੱਠ ਖਤਮ ਹੋ ਗਿਆ ਹੈ। ਸਭ ਆਪੋ-ਆਪਣੇ ਕਮਰਿਆਂ ਵਿੱਚ ਟੀ. ਵੀ. ਜਾਂ ਮੋਬਾਇਲ ਫੋਨ ਦੇਖਣ ਲੱਗ ਜਾਂਦੇ ਹਨ। ਨੇੜੇ ਹੋਣ ਦੇ ਬਾਵਜੂਦ ਵੀ ਰਿਸ਼ਤਿਆਂ ਵਿੱਚ ਦੂਰੀ ਲੱਗਣ ਲੱਗ ਗਈ। ਰਿਸ਼ਤੇਦਾਰੀਆਂ ਵਿੱਚ ਆਉਣਾ-ਜਾਣਾ ਬੰਦ ਹੋ ਗਿਆ। ਕੰਮਕਾਜੀ ਦਲਦਲ ਵਿੱਚ ਫਸੇ ਹੋਏ ਲੋਕਾਂ ਕੋਲ ਸਮਾਂ ਨਾ ਹੋਣ ਕਾਰਨ ਆਂਢੀਆਂ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ ਵਿਚਾਰ-ਵਿਟਾਂਦਰਾ ਘਟ ਗਿਆ। ਆਪਣੀ ਸ਼ਾਨੋ-ਸ਼ੌਕਤ ਦੀ ਹੋੜ ਵਿੱਚ ਲੱਗੇ ਲੋਕਾਂ ਨੇ ਆਪਣੇ-ਆਪ ਨੂੰ ਦੂਜਿਆਂ ਤੋਂ ਉੱਚੇ ਦਿਖਾਉਣਾ ਸ਼ੁਰੂ ਕਰ ਦਿੱਤਾ। ਕਿਸੇ ਦੀ ਵੀ ਮੱਦਦ ਕਰਨ ਨੂੰ ਕੋਈ ਤਿਆਰ ਨਹੀਂ ਸਗੋਂ ਦੂਜੇ ਨੂੰ ਮਰਦਾ ਦੇਖ ਕੇ ਖੁਸ਼ ਹੁੰਦੇ ਹਨ। ਫੇਸਬੁੱਕ ਅਤੇ ਵਟਸਐਪ ‘ਤੇ ਬਣੇ ਦੋਸਤਾਂ ਨੂੰ ਗੁੱਡ ਮਾਰਨਿੰਗ ਤਾਂ ਭੇਜਣਾ ਨਹੀਂ ਭੁੱਲਦੇ ਪ੍ਰੰਤੂ ਅਸਲ ਜਿੰਦਗੀ ਵਿੱਚ ਦੋਸਤਾਂ ਨੂੰ ਮਿਲਣਾ ਅਤੇ ਘਰ ਦੇ ਬਜ਼ੁਰਗਾਂ ਤੋਂ ਅਸੀਸਾਂ ਲੈਣੀਆਂ ਜ਼ਰੂਰ ਭੁੱਲ ਗਏ ਹਾਂ।

    ਅਖੀਰ ਇਹੀ ਸਵਾਲ ਹੈ ਕਿ ਕਿਵੇਂ ਲਿਆਂਦਾ ਜਾਵੇ ਉਹੀ ਗੁਆਚਾ ਸਮਾਂ, ਜਿੱਥੇ ਜ਼ੁਬਾਨ ਦੇ ਬੋਲਾਂ ਦੇ ਮੁੱਲ ਪੈਣ। ਅਜਿਹਾ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਪਰਿਵਰਤਨ ਕਰਨਾ ਪਵੇਗਾ। ਸਮਾਜ ਨੂੰ ਬਦਲਣ ਲਈ ਆਪਣੇ-ਆਪ ਵਿੱਚ ਬਦਲਾਅ ਲਿਆਉਣਾ ਪਵੇਗਾ। ਬੱਚਿਆਂ ਨੂੰ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆਂ ਦੀ ਵਰਤੋਂ ਘੱਟ ਕਰਕੇ ਉਨ੍ਹਾਂ ਦੀ ਰੁਚੀ ਕਿਤਾਬਾਂ, ਰਸਾਲੇ, ਅਖਬਾਰਾਂ ਅਤੇ ਇਤਿਹਾਸ ਪੜ੍ਹਨ ਵਿੱਚ ਵਧਾਉਣੀ ਹੋਵੇਗੀ। ਸਮਾਜਿਕ ਕਦਰਾਂ-ਕੀਮਤਾਂ ਤੇ ਰਿਸ਼ਤਿਆਂ ਨੂੰ ਨਿਭਾਉਣ ਲਈ ਦੱਸਣਾ ਪਵੇਗਾ। ਸਾਡੇ ਵਿੱਦਿਅਕ ਅਦਾਰਿਆਂ ਵਿੱਚ ਵੀ ਕੁੱਝ ਸਮਾਂ ਕਿਤਾਬੀ ਪੜ੍ਹਾਈ ਨੂੰ ਛੱਡ ਕੇ ਮਨੁੱਖੀ ਮੇਲ-ਮਿਲਾਪ ਅਤੇ ਚੰਗੇ ਰਹਿਣ ਸਹਿਣ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਸਕੂਲਾਂ ਕਾਲਜਾਂ ਵਿੱਚ ਚੰਗੀਆਂ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਹਨ। ਪਹਿਲ ਤਾਂ ਕਰਨੀ ਹੀ ਪਵੇਗੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਨਸਾਨ ਵੀ ਪਸ਼ੂਆਂ ਬਰਾਬਰ ਹੋ ਜਾਵੇਗਾ।

    ਆਓ! ਰਲ ਕੇ ਹੰਭਲਾ ਮਾਰਦੇ ਹੋਏੇ ਆਪਣੇ ਰੁਝੇਵਿਆਂ ‘ਚੋਂ ਕੁਝ ਸਮਾਂ ਰੋਜ਼ਾਨਾ ਕੱਢ ਕੇ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਪੁਰਾਤਨ ਸੱਭਿਆਚਾਰ, ਚੰਗੇ ਸੰਸਕਾਰ ਅਤੇ ਜ਼ੁਬਾਨ ਦੀ ਦ੍ਰਿੜ੍ਹਤਾ ‘ਤੇ ਅਟੱਲ ਰਹਿਣ ਦੇ ਧਾਰਨੀ ਬਣਾਈਏ। ਆਸ-ਪਾਸ ਦੇ ਲੋਕਾਂ ਨਾਲ ਮੇਲ-ਮਿਲਾਪ ਵਧਾਈਏ। ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਮਨ ‘ਚੋਂ ਦੂਜਿਆਂ ਤੋਂ ਬਿਹਤਰ ਦਿਸਣ ਦੀ ਫਿਤਰਤ ਅਤੇ ਹੀਣ ਭਾਵਨਾ ਤਿਆਗ ਦਈਏ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਿਰ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਜ਼ੁਬਾਨ ਨਾਲ ਕੀਤੇ ਇਕਰਾਰ ਦਾ ਮੁੱਲ ਪੈ ਸਕੇ।

    ਸ਼ਮਿੰਦਰ ਕੌਰ ਰੰਧਾਵਾ, ਦਫਤਰ ਬਲਾਕ ਸਿੱਖਿਆ ਅਫਸਰ (ਐ.) ਚੋਹਲਾ ਸਾਹਿਬ, ਤਰਨ ਤਾਰਨ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here