Maharashtra Language: ‘ਮਹਾਂਰਾਸ਼ਟਰ ’ਚ ਰਹਿਣਾ ਹੈ ਤਾਂ ਮਰਾਠੀ ਸਿੱਖਣੀ ਹੀ ਪਵੇਗੀ’, ‘ਕਰਨਾਟਕ ’ਚ ਰਹਿਣਾ ਹੈ ਤਾਂ ਕੰਨੜ ਸਿੱਖਣੀ ਹੀ ਪਵੇਗੀ’, ‘ਬੰਗਾਲ ’ਚ ਰਹਿਣਾ ਹੈ ਤਾਂ ਬੰਗਾਲੀ ਸਿੱਖਣੀ ਹੀ ਪਵੇਗੀ’ ਇਹ ਫਿਕਰੇ ਅੱਜ-ਕੱਲ੍ਹ ਮੀਡੀਆ ’ਚ ਸੁਰਖੀਆਂ ਬਣੇ ਹੋਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਭਾਸ਼ਾ ਬਾਰੇ ਫੈਸਲਾ ਉਹ ਕਰ ਰਹੇ ਹਨ ਜਿਨ੍ਹਾਂ ਦਾ ਭਾਸ਼ਾ ਵਿਗਿਆਨ ਜਾਂ ਭਾਸ਼ਾ ਸ਼ਾਸਤਰ ਨਾਲ ਕੋਈ ਸੰਬੰਧ ਨਹੀਂ ਹੈ। ਹਰ ਸਿਆਸੀ ਆਗੂ ਆਪਣੇ-ਆਪ ਨੂੰ ਭਾਸ਼ਾ ਮਾਹਿਰ ਵਾਂਗ ਪੇਸ਼ ਕਰ ਰਿਹਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਭਾਸ਼ਾ ਰਾਜਨੀਤੀ ਵਿਗਿਆਨ ਦਾ ਹੀ ਵਿਸ਼ਾ ਹੋਵੇ।
ਭਾਸ਼ਾ ਵਿਗਿਆਨੀ ਇਹ ਸਭ ਕੁਝ ਵੇਖ ਕੇ ਹੈਰਾਨ ਤੇ ਚੁੱਪ ਹਨ ਉਨ੍ਹਾਂ ਦੀ ਕੋਈ ਲੋੜ ਸਮਝੀ ਹੀ ਨਹੀਂ ਜਾ ਰਹੀ ਕਿ ਉਹ ਭਾਸ਼ਾ ਬਾਰੇ ਕੀ ਕਹਿੰਦੇ ਹਨ ਅਸਲ ’ਚ ‘ਸਿੱਖਣੀ ਹੀ ਪਵੇਗੀ’ ਦੀ ਥਾਂ ’ਤੇ ਸਿੱਖਣੀ ਚਾਹੀਦੀ ਹੈ ਸ਼ਬਦ ਵਰਤੇ ਜਾਣ ਤਾਂ ਸਾਰਾ ਵਿਵਾਦ ਹੀ ਖਤਮ ਹੋ ਜਾਵੇ ਫਿਰ ਹਰ ਵਿਅਕਤੀ ਦੂਜੇ ਲੋਕਾਂ ਦੀ ਭਾਸ਼ਾ ਦਾ ਸਤਿਕਾਰ ਕਰੇਗਾ। ਅਸਲ ’ਚ ਭਾਸ਼ਾ ’ਤੇ ਸਿਆਸਤ ਵੋਟਾਂ ਦਾ ਮਸਲਾ ਹੈ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਭਾਸ਼ਾ ਦੇ ਮੁੱਦੇ ’ਤੇ ਸਿਆਸੀ ਪਾਰਟੀਆਂ ਵੋਟਾਂ ਖਿੱਚਣ ਦਾ ਯਤਨ ਕਰਦੀਆਂ ਆਈਆਂ ਹਨ। ਚਿੰਤਾ ਵਾਲੀ ਗੱਲ ਹੈ ਕਿ ਵੋਟਾਂ ਖਾਤਰ ਪੈਦਾ ਹੋਈ ਭਾਸ਼ਾਈ ਨਫਰਤ ਸਦਭਾਵਨਾ, ਏਕਤਾ ਤੇ ਭਾਈਚਾਰੇ ਲਈ ਖਤਰਾ ਹੈ।
ਇਹ ਵੀ ਪੜ੍ਹੋ: Land Pooling Policy Punjab: ਲੈਂਡ ਪੂਲਿੰਗ ਪਾਲਿਸੀ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ
ਅਸਲ ’ਚ ਭਾਸ਼ਾ ਦਾ ਸਬੰਧ ਮਨੋਵਿਗਿਆਨ ਤੇ ਸਮਾਜ ਵਿਗਿਆਨ ਨਾਲ ਹੈ ਮਨੋਵਿਗਿਆਨ ਤੇ ਸਮਾਜ ਵਿਗਿਆਨ ਦਾ ਇਹ ਸਿਧਾਂਤ ਹੈ ਕਿ ਜਿੱਥੇ ਮਨੁੱਖ ਰਹਿੰਦਾ ਹੈ, ਉੱਥੇ ਉਹ ਆਪਣੀ ਮਾਂ-ਬੋਲੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਬਿਨਾ ਕਿਸੇ ਦਬਾਅ ਤੋਂ ਸਹਿਜ਼ ਹੀ ਸਿੱਖ ਲੈਂਦਾ ਹੈ। ਆਪਣੇ ਗੁਆਂਢੀ ਦੀ ਭਾਸ਼ਾ ਸਿੱਖਣੀ ਮਨੁੱਖੀ ਫਿਤਰਤ ਦੀ ਖਾਸੀਅਤ ਹੈ। ਇਸ ਦੀ ਮਿਸਾਲ ਹੈ ਪੰਜਾਬ ’ਚੋਂ ਦਹਾਕਿਆਂ ਪਹਿਲਾਂ ਕੈਨੇਡਾ ਗਏ ਬਜ਼ੁਰਗ ਜਿਨ੍ਹਾ ਨੂੰ ਪੰਜਾਬੀ ਵੀ ਲਿਖਣੀ ਨਹੀਂ ਆਉਂਦੀ ਸੀ ਉਹ ਅੰਗਰੇਜੀ ਵੀ ਬੋਲਣ ਲੱਗ ਪਏ।
ਇਸ ਤਰ੍ਹਾਂ 50-60 ਸਾਲ ਤੋਂ ਕਰਨਾਟਕ ਤੇ ਮਹਾਂਰਾਸ਼ਟਰ ’ਚ ਰਹਿ ਰਹੇ ਪੰਜਾਬੀ ਪਰਿਵਾਰ ਮਰਾਠੀ ਤੇ ਕੰਨੜ ਬੜੀ ਵਧੀਆ ਬੋਲ ਲੈਂਦੇ ਹਨ। ਇਨ੍ਹਾਂ ਪੰਜਾਬੀ ਪਰਿਵਾਰਾਂ ਨੂੰ ਨਾ ਤਾਂ ਕਿਸੇ ਨੇ ਮਰਾਠੀ, ਕੰਨੜ ਸਿੱਖਣ ਲਈ ਦਬਾਅ ਪਾਇਆ ਸੀ ਤੇ ਨਾ ਹੀ ਕਿਸੇ ਨੇ ਪ੍ਰੇਰਿਤ ਕੀਤਾ ਸੀ। ਪੰਜਾਬ ’ਚ ਲੱਖਾਂ ਬਿਹਾਰੀ ਪੰਜਾਬੀ ਬੋਲਦੇ ਹਨ ਤੇ ਉਨ੍ਹਾਂ ਦੇ ਬੱਚੇ ਪੰਜਾਬੀ ਵਿਸ਼ੇ ’ਚ ਪਹਿਲੀਆਂ ਪੁਜ਼ੀਸਨਾਂ ਵੀ ਹਾਸਲ ਕਰਦੇ ਆਏ ਹਨ। ਹਕੀਕਤ ਇਹ ਹੈ ਕਿ ਭਾਸ਼ਾ ਪਿਆਰ ਤੇ ਸਮਾਜਿਕ ਸਾਂਝ ਦਾ ਵਿਸ਼ਾ ਹੈ ਇਸ ਵਿੱਚ ਧੱਕਾ, ਰੋਅਬ ਤੇ ਸਿਆਸੀ ਮਾਅਰਕੇਬਾਜ਼ੀ ਨਹੀਂ ਚੱਲਦੀ। ਭਾਰਤ ਦੀਆਂ 22 ਭਾਸ਼ਾਵਾਂ ਹੀ ਮਹੱਤਵਪੂਰਨ ਹਨ ਕਿਸੇ ਵੀ ਭਾਸ਼ਾ ਨੂੰ ਸਵੈ-ਇੱਛਾ ਨਾਲ ਸਿੱਖਣ ਦੀ ਚਾਹ ਹੀ ਜ਼ਰੂਰੀ ਹੈ।