ਪੁਲਿਸ ਸੁਰੱਖਿਆ ਹੇਠ ਐੱਸਜੀਪੀਸੀ ਨੇ ਵਾਹੀ ਜ਼ਮੀਨ
ਅਸ਼ੋਕ ਵਰਮਾ, ਬਠਿੰਡਾ: ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਭਾਈਰੂਪਾ ਵਿਚ ਕਰੀਬ ਦੋ ਮਹੀਨੇ ਮਗਰੋਂ ਲੰਗਰ ਕਮੇਟੀ ਤੋਂ 161 ਏਕੜ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ।
ਵਿਰੋਧ ਨਾ ਹੋਣ ਕਾਰਨ ਭਾਈਰੂਪਾ ‘ਚ ਬਣੀ ਰਹੀ ਸ਼ਾਂਤੀ
ਇਸ ਸਬੰਧੀ ਬਠਿੰਡਾ ਜੋਨ ਦੇ ਆਈ.ਜੀ ਦੇ ਦਖਲ ਨਾਲ ਦੋ ਦਿਨ ਪਹਿਲਾਂ ਐਸ.ਜੀ.ਪੀ.ਸੀ ਤੇ ਲੰਗਰ ਕਮੇਟੀ ਵਿਚਕਾਰ ਸਮਝੌਤਾ ਹੋ ਗਿਆ ਸੀ ਹਾਲਾਂਕਿ ਕਬਜਾ ਲੈਣ ਲਈ ਵੀਰਵਾਰ ਸ਼ਾਮ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਪਰ ਅੱਜ ਸਵੇਰ ਵਕਤ ਐਸ.ਜੀ.ਪੀ.ਸੀ. ਨੇ ਲੰਗਰ ਕਮੇਟੀ ਵਾਲੀ ਜਮੀਨ ਨੂੰ ਟਰੈਕਟਰਾਂ ਨਾਲ ਵਾਹ ਦਿੱਤਾ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਕਿਸੇ ਨੇ ਵੀ ਅੱਜ ਵਿਰੋਧ ਨਹੀਂ ਕੀਤਾ ਜਿਸ ਦੇ ਸਿੱਟੇ ਵਜੋਂ ਪਿੰਡ ਭਾਈਰੂਪਾ ਵਿਚ ਅਮਨ ਸ਼ਾਂਤੀ ਬਣੀ ਰਹੀ।
ਬਠਿੰਡਾ ਪੁਲੀਸ ਦੇ ਅਫਸਰਾਂ ਨੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਤੇ ਸੁਰੱਖਿਆ ਦੇ ਮੱਦੇਨਜ਼ਰ ਵਿਵਾਦਤ ਜ਼ਮੀਨ ਵਾਲੀ ਥਾਂ ਤੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਸੀ। ਐਸ.ਪੀ (ਡੀ) ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਅੱਜ ਸਵੇਰ ਵਕਤ ਹੀ ਪਿੰਡ ਭਾਈਰੂਪਾ ‘ਚ ਪੁਲਿਸ ਮੌਕੇ ਤੇ ਪੁੱਜ ਗਈ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ , ਮੇਜਰ ਸਿੰਘ ਢਿੱਲੋਂ (ਰਾਮਪੁਰਾ),ਗੁਰਤੇਜ ਸਿੰਘ ਢੱਡੇ, ਮੋਹਨ ਸਿੰਘ ਬੰਗੀ, ਤੋਂ ਇਲਾਵਾ ਐਸ.ਜੀ.ਪੀ.ਸੀ ਦੇ ਸਕੱਤਰ ਕੇਵਲ ਸਿੰਘ ਨੇ ਅੱਜ ਆਪਣੀ ਦੇਖ ਰੇਖ ਵਿਚ ਜ਼ਮੀਨ ਦਾ ਕਬਜ਼ਾ ਲਿਆ।
ਅਮਨ ਅਮਾਨ ਨਾਲ ਸ਼ੁਰੂ ਹੋਈ ਵਹਾਈ
ਐਸ.ਪੀ (ਡੀ) ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਅਮਨ ਸ਼ਾਂਤੀ ਨਾਲ ਜ਼ਮੀਨ ਦੀ ਵਹਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਾਰੀਆਂ ਹੀ ਧਿਰਾਂ ਨੇ ਸਹਿਯੋਗ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਸ਼ਾਮ ਹੁਦਿੰਆਂ ਭਾਈਰੂਪਾ ਚੋਂ ਪੁਲੀਸ ਨੂੰ ਵਾਪਿਸ ਸੱਦ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਦਿਆਲਪੁਰਾ ਅਤੇ ਫੂਲ ਥਾਣੇ ਦੀ ਪੁਲੀਸ ਨੂੰ ਇੱਕ ਦੋ ਦਿਨ ਹਾਲਾਤਾਂ ਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ
ਲੰਗਰ ਕਮੇਟੀ ਵੱਲੋਂ ਸਮਝੌਤੇ ਤੋਂ ਇਨਕਾਰ
ਦੂਜੇ ਪਾਸੇ ਲੰਗਰ ਕਮੇਟੀ ਦੇ ਆਗੂਆਂ ਨੇ ਅੱਜ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ‘ਚ ਆਖਿਆ ਹੈ ਕਿ ਕੁਝ ਅਕਾਲੀ ਆਗੂਆਂ ਵੱਲੋਂ ਸਮਝੌਤਾ ਕਰਨ ਸਬੰਧੀ ਲਾਏ ਜਾ ਰਹੇ ਇਲਜਾਮਾਂ ‘ਚ ਕੋਈ ਸਚਾਈ ਨਹੀਂ ਹੈ ਲੰਗਰ ਕਮੇਟੀ ਦੇ ਆਗੂ ਸ੍ਰੀ ਰਾਜਵਿੰਦਰ ਸਿੰਘ ਨੇ ਕਿਸੇ ਅਕਾਲੀ ਆਗੂ ਦਾ ਨਾਮ ਲੈਣ ਅਤੇ ਸ਼੍ਰੋਮਣੀ ਕਮੇਟੀ ਨਾਲ ਕਿਸੇ ਵੀ ਕਿਸਮ ਦੇ ਸਮਝੌਤੇ ਤੋਂ ਵੀ ਇਨਕਾਰ ਕੀਤਾ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਤੇ ਉਮੀਦ ਹੈ ਕਿ ਫੈਸਲਾ ਲੰਗਰ ਕਮੇਟੀ ਦੇ ਹੱਕ ‘ਚ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।