ਲਾਂਸ ਨਾਇਕ ਕੁਲਦੀਪ ਸਿੰਘ ਦਾ ਪਿੰਡ ਕੌਰੇਆਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਪੰਜਾਬ ਸਰਕਾਰ ਵੱਲੋਂ 12 ਲੱਖ ਸਹਾਇਤਾ ਰਾਸ਼ੀ ਅਤੇ ਇੱਕ ਜੀਅ ਨੂੰ ਨੌਕਰੀ ਦਾ ਕੀਤਾ ਐਲਾਨ
ਸੱਚ ਕਹੂੰ ਨਿਊਜ਼
ਤਲਵੰਡੀ ਸਾਬੋ, 25 ਦਸੰਬਰ
ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਭੀਬਰ ਗਲੀ ਖੇਤਰ ‘ਚ ਕੰਟਰੋਲ ਰੇਖਾ ਨੇੜੇ ਗਸ਼ਤ ਕਰ ਰਹੀ ਭਾਰਤੀ ਫੌਜ ਦੀ ਇੱਕ ਟੁਕੜੀ ਉਪਰ ਪਾਕਿ ਸੈਨਿਕਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਉਪ ਮੰਡਲ ਅਧੀਨ ਪੈਂਦੇ ਪਿੰਡ ਕੌਰੇਆਣਾ ਦੇ ਸ਼ਹੀਦ ਹੋਏ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਕੌਰੇਆਣਾ ਦੇ ਸਵ: ਧੰਨਾ ਸਿੰਘ ਦੇ ਘਰ ਅਤੇ ਮਾਤਾ ਰਾਣੀ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਵੱਡੀ ਭੈਣ ਮਨਦੀਪ ਕੌਰ ਦੇ ਇਕਲੌਤੇ ਭਰਾ ਕੁਲਦੀਪ ਸਿੰਘ ਬਰਾੜ ਦੀ ਮ੍ਰਿਤਕ ਦੇਹ ਨੂੰ ਜਿਉਂ ਹੀ ਪਿੰਡ ਕੌਰੇਆਣਾ ਵਿਖੇ ਲਿਆਂਦਾ ਗਿਆ ਤਾਂ ਇਲਾਕੇ ਭਰ ਤੋਂ ਪਹੁੰਚੇ ਲੋਕਾਂ ਦੇ ਵੱਡੇ ਇੱਕਠ ਦੀਆਂ ਅੱਖ ਨਮ ਹੋ ਗਈਆਂ।
ਇਸ ਮੌਕੇ ਫੌਜ਼ ਦੇ ਸੀਨੀਅਰ ਅਧਿਕਾਰੀ ਕਰਨਲ ਆਰ ਕੇ ਸਹਿਰਾਵਤ ਡਿਪਟੀ ਕਮਾਂਡੈਂਟ, ਮੇਜਰ ਰਮਨ ਸ਼ਰਮਾ, ਸੂਬੇਦਾਰ ਗੁਰਮੀਤ ਸਿੰਘ ਦੀ ਸਲਾਮੀ ਟੁਕੜੀ ਨੇ ਸ਼ਹੀਦ ਫੌਜੀ ਨੂੰ ਰੀਤ ਭੇਂਟ ਕਰਦਿਆਂ ਸਲਾਮੀ ਦਿੱਤੀ ਅਤੇ ਸ਼ਹੀਦ ਫੌਜੀ ਦੇ ਸੱਤ ਸਾਲਾ ਬੇਟੇ ਰਸਨੂਰ ਸਿੰਘ ਵੱਲੋਂ ਚਿਖਾ ਨੂੰ ਅਗਨੀ ਦਿਖਾਈ ਗਈ। ਸੰਸਕਾਰ ਮੌਕੇ ਪਹੁੰਚੇ ਨੌਜਵਾਨਾਂ ਅਤੇ ਸਾਬਕਾ ਫੌਜੀਆਂ ਵੱਲੋਂ ‘ਪਾਕਿਸਤਾਨ ਮੁਰਦਾਬਾਦ’ ਅਤੇ ‘ਸ਼ਹੀਦ ਕੁਲਦੀਪ ਸਿੰਘ ਅਮਰ ਰਹੇ’ ਦੇ ਨਾਅਰੇ ਵੀ ਲਗਾਏ ਗਏ।
ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਅਦ ਸਰਕਾਰੀ ਤੌਰ ‘ਤੇ ਦਿੱਤੀ ਜਾ ਰਹੀ ਸਹਾਇਤਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸ਼ਹੀਦ ਕੁਲਦੀਪ ਸਿੰਘ ਦੇ ਸੰਸਕਾਰ ਮੌਕੇ ਪਹੁੰਚੇ ਕਾਂਗਰਸ ਦੇ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਸ਼ਰਧਾਂਜਲੀ ਭੇਂਟ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬਾ ਬਲਜਿੰਦਰ ਕੌਰ ਨੇ ਜਿੱਥੇ ਸ਼ਹੀਦ ਹੋਏ ਫੌਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੱਧ ਤੋਂ ਵੱਧ ਇਸ ਸ਼ਹੀਦ ਦੇ ਪਰਿਵਾਰ ਦੀ ਮੱਦਦ ਕੀਤੀ ਜਾਵੇ।
ਇਸ ਮੌਕੇ ਜਿੱਥੇ ਇਲਾਕੇ ਭਰ ਦੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬ, ਸਮਾਜਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਨਰਿੰਦਰ ਸਿੰਘ ਭੁਲੇਰੀਆ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਮਾਨ ਕੌਂਸਲਰ, ਸਤਿੰਦਰ ਸਿੰਘ ਸਿੱਧੂ ਕੌਂਸਲਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਹਲਕਾ ਵਿਧਾਇਕ ਦੀ ਤਰਫੋਂ ਬਾਬੂ ਸਿੰਘ ਮਾਨ, ਅਵਤਾਰ ਸਿੰਘ ਮੈਨੂਆਣਾ, ਸਰਪੰਚ ਬੂਟਾ ਸਿੰਘ, ਯੂਥ ਆਗੂ ਯਾਦਵਿੰਦਰ ਸਿੰਘ, ਜਥੇਦਾਰ ਹਰਦੇਵ ਸਿੰਘ, ਸਾਬਕਾ ਬਲਾਕ ਸੰਮਤੀ ਚੇਅਰਮੈਨ ਜਸਵੰਤ ਸਿੰਘ, ਡਾਕਟਰ ਪਰਮਜੀਤ ਸਿੰਘ ਕੌਰੇਆਣਾ ਆਦਿ ਨੇ ਦੁਖਦਾਈ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।