ਸਾਹਿਤ ਸਭਾ ਦੀ ਭੂਮਿਕਾ ਉਸਾਰੂ ਕਾਰਜਸ਼ਾਲਾ ਵਾਲੀ ਹੁੰਦੀ ਹੈ : ਡਾ. ਦਰਸ਼ਨ ਸਿੰਘ ‘ਆਸ਼ਟ’
ਸਾਹਿਤ ਸੁਚੱਜੀ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦਾ ਹੈ: ਬੀਰ ਦਵਿੰਦਰ ਸਿੰਘ
ਪਟਿਆਲਾ, (ਸੱਚ ਕਹੂੰ ਨਿਊਜ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਇੱਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਾਹਿਤ ਰਸੀਏ ਬੀਰ ਦਵਿੰਦਰ ਸਿੰਘ, ਸਾਹਿਤ ਅਕਾਦਮੀ ਐਵਾਰਡੀ ਪ੍ਰੋ. ਕਿਰਪਾਲ ਕਜ਼ਾਕ, ਇਕਬਾਲ ਸਿੰਘ ਵੰਤਾ ਅਤੇ ਗੁਰਚਰਨ ਸਿੰਘ ਪੱਬਾਰਾਲੀ ਤੋਂ ਇਲਾਵਾ 14ਵੇਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਸ਼ਖ਼ਸੀਅਤ ਪ੍ਰੋ. ਕੁਲਵੰਤ ਸਿੰਘ ਗਰੇਵਾਲ ਸ਼ਾਮਿਲ ਹੋਏ। ਇਸ ਪੁਰਸਕਾਰ ਵਿੱਚ ਪ੍ਰੋ. ਗਰੇਵਾਲ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ।
ਉਨ੍ਹਾਂ ਬਾਰੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਨਿਭਾਈ। ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਾਹਿਤਕਾਰਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਸਾਹਿਤ ਸਭਾਵਾਂ ਬੁਨਿਆਦੀ ਤੌਰ ‘ਤੇ ਨਵੀਂ ਪੀੜ੍ਹੀ ਲਈ ਕਾਰਜਸ਼ਾਲਾ ਦੀ ਭੂਮਿਕਾ ਨਿਭਾਉਂਦੀਆਂ ਹਨ ਜੋ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਦੀਆਂ ਸੂਚਕ ਹੁੰਦੀਆਂ ਹਨ।
ਸਾਹਿਤ ਰਸੀਏ ਬੀਰ ਦਵਿੰਦਰ ਸਿੰਘ ਨੇ ਵੱਖ-ਵੱਖ ਜ਼ੁਬਾਨਾਂ ਦੇ ਮਹਾਨ ਲੇਖਕਾਂ ਅਤੇ ਦਾਨਿਸ਼ਵਰਾਂ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਸਾਹਿਤ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦਾ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਸਨਮਾਨ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਰਾਜਿੰਦਰ ਕੌਰ ਯਾਦਗਾਰੀ ਸਾਹਿਤਕ ਪੁਰਸਕਾਰ ਦੇ ਰੂਪ ਵਿੱਚ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ਪੰਜਾਬੀ ਮਾਂ ਬੋਲੀ ਨੇ ਜਿਹੜਾ ਰਿਣ ਉਨ੍ਹਾਂ ਉਪਰ ਚਾੜ੍ਹਿਆ ਹੈ ਉਸ ਨੂੰ ਉਤਾਰਿਆ ਨਹੀਂ ਜਾ ਸਕਦਾ। ਪ੍ਰੋ. ਕਿਰਪਾਲ ਕਜ਼ਾਕ ਨੇ ਧਾਰਨਾ ਪ੍ਰਗਟ ਕੀਤੀ ਕਿ ਪ੍ਰੋ. ਗਰੇਵਾਲ ਵਰਗੇ ਸੱਚੇ ਸੁੱਚੇ ਲੋਕ ਕਵੀਆਂ ਦਾ ਸਨਮਾਨ ਕਰਕੇ ਸੰਸਥਾਵਾਂ ਆਪਣੇ ਕੱਦ ਨੂੰ ਹੋਰ ਉਚਾ ਕਰਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।