(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਵੱਲੋਂ ਅੱਜ ਇੱਥੇ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਕੋਟਕਪੂਰਾ ਦੇ ਏਸੀਆ ਬੁੱਕ ਆਫ ਰਿਕਾਰਡਜ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ ਕੀਤਾ ਗਿਆ। ਸ੍ਰੀ ਗੁਰਪ੍ਰੀਤ ਕਮੋਂ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਖਾਤਰ ਸਾਈਕਲ ਚਲਾਉਣ ਵਾਸਤੇ ਪ੍ਰੇਰਿਤ ਕਰਨ ਲਈ 8 ਜੂਨ, 2020 ਤੋਂ 15 ਸਤੰਬਰ, 2020 ਤੱਕ ਲਗਾਤਾਰ 100 ਦਿਨ ਰੋਜਾਨਾ 100 ਕਿਲੋਮੀਟਰ ਸਾਈਕਲ ਚਲਾਇਆ ਅਤੇ ਉਨਾਂ ਦਾ ਨਾਮ 1 ਜੂਨ, 2022 ਨੂੰ ਏਸ਼ੀਆ ਬੁੱਕ ਆਫ ਰਿਕਾਰਡਜ ਵਿੱਚ ਦਰਜ ਹੋਇਆ ਹੈ।
ਸ੍ਰੀ ਗੁਰਪ੍ਰੀਤ ਕਮੋਂ ਅਤੇ ਕੋਟਕਪੂਰਾ ਸਾਈਕਲ ਰਾਈਡਰਜ ਨੂੰ ਇਸ ਵੱਕਾਰੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਸਪੀਕਰ (Kultar Singh Sandhwan) ਨੇ ਕਿਹਾ ਕਿ ਗੁਰਪ੍ਰੀਤ ਕਮੋਂ ਦੀ ਪ੍ਰਾਪਤੀ ਨੌਜਵਾਨਾਂ ਅਤੇ ਸਾਈਕਲਿਸਟ ਬਣਨ ਦੇ ਚਾਹਵਾਨਾਂ ਲਈ ਪ੍ਰੇਰਨਾ-ਸਰੋਤ ਹੋਵੇਗੀ। ਉਨਾਂ ਕਿਹਾ ਕਿ ਕੇਵਲ ਕੋਟਕਪੂਰਾ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਗੁਰਪ੍ਰੀਤ ਦੀ ਇਸ ਪ੍ਰਾਪਤੀ ‘ਤੇ ਵੱਡਾ ਮਾਣ ਹੈ। ਉਨਾਂ ਕਿਹਾ ਕਿ ਉਹ ਸਾਈਕਲ ਸੁਪਰਸਟਾਰ ਵਜੋਂ ਉਭਰਨ ਦੀ ਸਮਰੱਥਾ ਰੱਖਦਾ ਹੈ।
ਸ੍ਰੀ ਗੁਰਪ੍ਰੀਤ ਕਮੋਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸ. ਸੰਧਵਾਂ ਨੇ ਉਨਾਂ ਦੀ ਭਵਿੱਖੀ ਮੁਕਾਬਲਿਆਂ ਵਿੱਚ ਸਫਲਤਾ ਦੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਕਮੋਂ ਨੇ ਸਾਲ 2021 ਵਿੱਚ ਨਿਰਧਾਰਤ ਸਮੇਂ ਅੰਦਰ 200 ਕਿਲੋਮੀਟਰ, 300, 400 ਅਤੇ 600 ਕਿਲੋਮੀਟਰ ਸਾਈਕਲ ਚਲਾ ਕੇ ‘ਸੁਪਰ ਰੈਨੇਡੋਅਰ’ ਦਾ ਖ਼ਿਤਾਬ ਹਾਸਲ ਕੀਤਾ ਸੀ। ਇਹ ਮੁਕਾਬਲਾ ਔਡੈਕਸ ਇੰਡੀਆ ਰੈਨੇਡੋਅਰਜ਼ (ਏ.ਆਈ.ਆਰ.) ਵੱਲੋਂ ਕਰਵਾਇਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ