ਕੋਲਕਾਤਾ ਦਰਿੰਦਗੀ ਮਾਮਲਾ : ਮਾਨਸਾ ਦੇ ਪ੍ਰਾਈਵੇਟ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਰਹੀਆਂ ਠੱਪ

ਰੋਸ ਮਾਰਚ ਕੱਢ ਕੇ ਡਾਕਟਰਾਂ ਤੇ ਹੋਰ ਸਟਾਫ ਨੇ ਕੀਤੀ ਨਾਅਰੇਬਾਜ਼ੀ | Kolkata Doctor

(ਸੱਚ ਕਹੂੰ ਨਿਊਜ਼) ਮਾਨਸਾ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਲਮੋਨਰੀ ਮੈਡੀਸਨ ਵਿਭਾਗ ਵਿੱਚ ਐੱਮਡੀ ਦੀ ਪੜ੍ਹਾਈ ਕਰ ਰਹੀ ਇੱਕ ਡਾਕਟਰ ਬੱਚੀ ਨਾਲ, ਉਸ ਦੇ ਹੀ ਮੈਡੀਕਲ ਕਾਲਜ ਵਿੱਚ, ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਜੋ ਦਰਿੰਦਗੀ ਬਾਅਦ ਉਸਦਾ ਕਤਲ ਹੋਇਆ ਹੈ, ਉਸ ਕਾਰਨ ਮੈਡੀਕਲ ਖੇਤਰ ਨਾਲ ਸਬੰਧਿਤ ਤੇ ਹੋਰਨਾਂ ਲੋਕਾਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। Kolkata Doctor

ਇਸ ਰੋਸ ਦੇ ਚਲਦਿਆਂ ਅੱਜ ਆਈਐੱਮਏ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਮਾਨਸਾ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀਆਂ ਓਪੀਡੀ ਸੇਵਾਵਾਂ ਸਵੇਰੇ 6 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਠੱਪ ਰੱਖ ਕੇ ਜੱਚਾ ਬੱਚਾ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਗੁਰਦੁਆਰਾ ਚੌਂਕ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਆਈਐੱਮਏ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾ. ਸੁਰੇਸ਼ ਸਿੰਗਲਾ ਨੇ ਕਿਹਾ ਕਿ ਇਸ ਨੂੰ ਦੂਰ ਦਾ ਮਸਲਾ ਜਾਂ ਕਿਸੇ ਦੀ ਬੇਟੀ ਸਮਝ ਕੇ ਮੂੰਹ ਨਹੀਂ ਮੋੜਿਆ ਜਾ ਸਕਦਾ। ਸਭ ਦੇ ਬੱਚੇ ਦੂਰ-ਦੁਰਾਡੇ ਹਰ ਜਗ੍ਹਾ ਪੜ੍ਹਦੇ ਹਨ, ਕੱਲ੍ਹ ਨੂੰ ਅਜਿਹੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇ ਸਰਕਾਰ ਇਸ ਵਾਰ 15 ਅਗਸਤ ਨਾ ਮਨਾ ਕੇ ਇਸ ਬੱਚੀ ਨੂੰ ਸੱਚੀ ਸ਼ਰਧਾਂਜਲੀ ਦੇਸ਼ ਵਿਆਪੀ ਸੋਗ ਦੇ ਰੂਪ ਵਿੱਚ ਦਿੰਦੀ।

ਇਹ ਵੀ ਪੜ੍ਹੋ: Kisan Mela: ਪੈਸਟੀਸਾਈਡ ਦੀ ਪ੍ਰਸਿੱਧ ਕੰਪਨੀ ਬੈਸਟ ਐਗਰੋ ਲਾਈਫ ਵੱਲੋਂ ਕਿਸਾਨ ਮੇਲਾ ਕਰਵਾਇਆ 

ਇਸ ਮੌਕੇ ਸੰਬੋਧਨ ਕਰਦਿਆਂ ਇਸਤਰੀ ਭਲਾਈ ਸਭਾ ਤੋਂ ਮੈਡਮ ਗੁਰਪ੍ਰੀਤ ਕੌਰ, ਮੈਡਮ ਵੀਨਾ ਰਾਣੀ ਅਤੇ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਹਨ। ਡਾਕਟਰ ਨਵਜੋਤ ਕੌਰ, ਡਾਕਟਰ ਸ਼ੇਕੀ ਬਾਂਸਲ ਨੇ ਕਿਹਾ ਕਿ ਇਹ ਕਿਹੋ ਜਿਹਾ ਮੁਲਕ ਹੈ ਜਿਸ ਵਿੱਚ ਐੱਮਡੀ ਦੀ ਪੜ੍ਹਾਈ ਕਰਦੀਆਂ ਬੱਚੀਆਂ ਆਪਣੇ ਹੀ ਕਾਲਜ ਵਿੱਚ ਸੁਰੱਖਿਅਤ ਨਹੀਂ ਹਨ। ਡਾ. ਨਿਸ਼ਾਨ ਸਿੰਘ, ਡਾਕਟਰ ਵਿਸ਼ਾਲ ਅਤੇ ਡਾਕਟਰ ਸੁਨੀਤਾ ਜਿੰਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਸਪਤਾਲ ਵਿੱਚ ਕੰਮ ਕਰਦੇ ਡਾਕਟਰਾਂ ਅਤੇ ਖਾਸ ਤੌਰ ’ਤੇ ਲੇਡੀ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਾਨੂੰਨ ਬਣਾਉਣੇ ਬਹੁਤ ਜਰੂਰੀ ਹਨ।

ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਸਮਾਜ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਵੀ ਆਈਐੱਮਏ ਦੇ ਸਮਰਥਨ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਮਾਨਵ, ਡਾ. ਸੁਬੋਧ ਗੁਪਤਾ, ਡਾ. ਹਰਪਾਲ ਸਿੰਘ , ਡਾ. ਆਕਾਸ਼ਦੀਪ , ਡਾ. ਅਨਿਲ ਮੋਗਾ, ਡਾ. ਚਤਰ ਸਿੰਘ , ਡਾ. ਗੋਪਾਲ ਕ੍ਰਿਸ਼ਨ , ਡਾ. ਗੁਰਬਖਸ਼ ਸਿੰਘ ਚਹਿਲ ਅਤੇ ਡਾ. ਗੁਰਜੀਵਨ ਸਿੰਘ ਸਮੇਤ ਹੋਰ ਡਾਕਟਰਾਂ ਨੇ ਸਰਕਾਰਾਂ ਨੂੰ ਸੁਰੱਖਿਆ ਦੇ ਮਾੜੇ ਪ੍ਰਬੰਧਾਂ ਕਾਰਨ ਕੋਸਿਆ।