Punjabi Story: ਕੋਹਲੂ ਦਾ ਬੈਲ

Punjabi Story
Punjabi Story: ਕੋਹਲੂ ਦਾ ਬੈਲ

ਚੰਦ ਸਿੰਘ ਅਤੇ ਬੰਤਾ ਸਿੰਘ ਦੋ ਭਰਾ ਸਨ। ਦੋਵਾਂ ਦਾ ਵਿਆਹ ਹੋ ਗਿਆ ਸੀ। ਚੰਦ ਸਿੰਘ ਦੀ ਪਤਨੀ ਦਾ ਨਾਂਅ ਗੁਲਾਬ ਕੌਰ ਸੀ ਤੇ ਬੰਤਾ ਸਿੰਘ ਦੀ ਪਤਨੀ ਦਾ ਨਾਂਅ ਸ਼ਰਨ ਕੌਰ। ਦੋਵਾਂ ਭਰਾਵਾਂ ਕੋਲ ਖੁੱਲ੍ਹੀ ਪੈਲੀ ਸੀ। ਇਨ੍ਹਾਂ ਦੀ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ। ਦੋਵੇਂ ਸਰੀਰਕ ਪੱਖੋਂ ਬਹੁਤ ਤਕੜੇ ਸਨ। ਸੁਭਾਅ ਦੇ ਭੈੜੇ ਸਨ ਜਿਸ ਕਾਰਨ ਪਿੰਡ ਦੇ ਲੋਕ ਉਨ੍ਹਾਂ ਤੋਂ ਦਬਦੇ ਸਨ। ਇਨ੍ਹਾਂ ਦੇ ਬਾਪੂ ਦੀ ਮੌਤ ਹੋ ਗਈ। ਬਾਪੂ ਦੀ ਮੌਤ ਤੋਂ ਬਾਅਦ ਪੈਲੀ ਦਾ ਇੰਤਕਾਲ ਤਿੰਨਾਂ ਭੈਣ-ਭਰਾਵਾਂ ਦੇ ਨਾਂਅ ਹੋ ਗਿਆ।

ਕੁਝ ਸਮੇਂ ਬਾਅਦ ਇੱਕ ਹਾਦਸੇ ਵਿਚ ਬੰਤਾ ਸਿੰਘ ਦੀ ਮੌਤ ਹੋ ਜਾਂਦੀ ਹੈ। ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਬੰਤਾ ਸਿੰਘ ਦੇ ਹਿੱਸੇ ਦੀ ਪੈਲੀ ਉਸ ਦੀ ਪਤਨੀ ਸ਼ਰਨ ਕੌਰ ਦੇ ਨਾਂਅ ਹੋ ਜਾਂਦੀ ਹੈ। ਬੱਚਾ ਨਾ ਹੋਣ ਕਰਕੇ ਸ਼ਰਨ ਕੌਰ ਪੇਕੇ ਪਿੰਡ ਚਲੀ ਜਾਂਦੀ ਹੈ। ਉਸ ਦਾ ਪਰਿਵਾਰ ਸ਼ਰਨ ਕੌਰ ਦਾ ਵਿਆਹ ਅੱਗੇ ਕਿਸੇ ਪਿੰਡ ਵਿਚ ਕਰ ਦਿੰਦਾ ਹੈ। ਅੱਗੇ ਉਹ ਪੰਜ ਪੁੱਤਾਂ ਨੂੰ ਜਨਮ ਦਿੰਦੀ ਹੈ। ਸ਼ਰਨ ਕੌਰ ਇੱਕ ਦਿਆਨਤਦਾਰ ਔਰਤ ਸੀ। ਉਸਨੇ ਚੰਦ ਸਿੰਘ ਨੂੰ ਕਈ ਸੁਨੇਹੇ ਭੇਜੇ ਕਿ ਉਹ ਆਪਣੀ ਪੈਲੀ ਮੇਰੇ ਤੋਂ ਆਪਣੇ ਨਾਂਅ ਕਰਵਾ ਲੈਣ। ਪਰ ਚੰਦ ਸਿੰਘ ਝਗੜਾਲੂ ਕਿਸਮ ਦਾ ਆਦਮੀ ਸੀ। ਉਹ ਹਰ ਵਾਰ ਇਹੀ ਆਖਦਾ ਕਿ ਮੈਂ ਆਪਣੀ ਪੈਲੀ ਉੱਤੋਂ ਚਿੜੀ ਨ੍ਹੀਂ ਲੰਘਣ ਦਿੰਦਾ। ਕਿਸੇ ਬੰਦੇ ਦੀ ਕੀ ਤਾਕਤ ਹੈ।

Read Also : Punjabi Story: ਇਕਲਾਪੇ ਦੀ ਤੁਲਨਾ

ਸਮਾਂ ਬੀਤਦਾ ਗਿਆ। ਬੁਢਾਪੇ ਕਾਰਨ ਚੰਦ ਸਿੰਘ ਦੀ ਮੌਤ ਹੋ ਜਾਂਦੀ ਹੈ। ਸ਼ਰਨ ਕੌਰ ਦੀ ਵੀ ਮੌਤ ਹੋ ਜਾਂਦੀ ਹੈ। ਉਸ ਦੇ ਪੁੱਤਰ ਜਵਾਨ ਹੋ ਜਾਂਦੇ ਹਨ। ਉਹ ਆਪਣੀ ਮਾਂ ਦੀ ਪੈਲੀ ਦਾ ਹਿੱਸਾ ਲੈਣ ਲਈ ਜ਼ਿਲ੍ਹਾ ਅਦਾਲਤ ਵਿੱਚ ਕੇਸ ਕਰ ਦਿੰਦੇ ਹਨ। ਸ਼ਰਨ ਕੌਰ ਇਹ ਕੇਸ ਝਗੜਦੀ ਹੈ। ਸ਼ਰਨ ਕੌਰ ਦੇ ਪੁੱਤਰ ਕੇਸ ਜਿੱਤ ਜਾਂਦੇ ਹਨ। ਗੁਲਾਬ ਕੌਰ ਇਸ ਫੈਸਲੇ ਵਿਰੁੱਧ ਅਪੀਲ ਉੱਚ ਅਦਾਲਤ ਵਿੱਚ ਕਰ ਦਿੰਦੀ ਹੈ। ਸ਼ਰਨ ਕੌਰ ਦੇ ਪੁੱਤਰ ਜ਼ਮੀਨ ਦਾ ਕਬਜ਼ਾ ਲੈਣ ਲਈ ਕੋਸ਼ਿਸ਼ ਕਰਦੇ ਹਨ।

Punjabi Story

ਲੜਾਈ ਹੁੰਦੀ ਹੈ। ਗੁਲਾਬ ਕੌਰ ਦੇ ਪੁੱਤਰ ’ਤੇ ਮਾਮਲਾ ਦਰਜ ਹੋ ਜਾਂਦਾ ਹੈ। ਉਹ ਜੇਲ੍ਹ ਚਲਾ ਜਾਂਦਾ ਹੈ। ਗੁਲਾਬ ਕੌਰ ਦੀ ਨਣਾਨ ਦੇ ਪੁੱਤਰ ਵੀ ਆਪਣੀ ਮਾਂ ਦੀ ਪੈਲੀ ਦਾ ਹਿੱਸਾ ਲੈਣ ਲਈ ਕੇਸ ਕਰ ਦਿੰਦੇ ਹਨ। ਗੁਲਾਬ ਕੌਰ ਕਦੇ ਆਪਣੇ ਪੁੱਤਰ ਦੇ ਕੇਸ ਦੀ ਪੇਸ਼ੀ ਭੁਗਤਣ ਜਾਂਦੀ ਹੈ ਤੇ ਕਦੇ ਪੈਲੀ ਦੇ ਕੇਸਾਂ ਦੀ। ਪਿਛਲੀ ਉਮਰ ਵਿਚ ਐਨਾ ਕਸ਼ਟ ਝੱਲਦਿਆਂ ਵੇਖ ਉਹ ਕੋਹਲੂ ਦੇ ਬੈਲ ਵਾਂਗ ਜਾਪਦੀ ਹੈ ਜਿਸ ਦਾ ਮੁਸੀਬਤਾਂ ਤੋਂ ਛੁਟਕਾਰਾ ਨਹੀਂ ਹੁੰਦਾ।

ਮਾਸਟਰ ਬਚਿੱਤਰ ਸਿੰਘ ਜਟਾਣਾ
ਮੋ. 96469-05801