ਇੰਗਲੈਂਡ ਬਨਾਮ ਭਾਰਤ ਟੈਸਟ ਲੜੀ
- ਨੰਬਰ 1 ਸਮਿੱਥ ਨੂੰ ਪਛਾੜਨ ਦਾ ਮੌਕਾ
- ਭਾਰਤ ਲੜੀ ਹਾਰਿਆ ਤਾਂ ਵੀ ਰਹੇਗਾ ਅੱਵਲ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਪੰਜ ਟੈਸਟ ਮੈਚਾਂ ਦੀ ਕ੍ਰਿਕਟ ਲੜੀ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ‘ਅਸਲੀ’ ਟੈਸਟ ਹੋਵੇਗਾ 2014 ‘ਚ ਵਿਰਾਟ ਦਾ ਇੰਗਲੈਂਡ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਇਸ ਵਾਰ ਉਹ ਟੀਮ ਦੇ ਕਪਤਾਨ ਵੀ ਹਨ ਅਤੇ ਉਹਨਾਂ ਦੀ ਜਿੰਮ੍ਹੇਦਾਰੀ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਨੂੰ ਲੜੀ ‘ਚ ਜਿੱਤ ਦਿਵਾਉਣ ਦੀ ਵੀ ਹੋਵੇਗੀ ਹਾਲਾਂਕਿ ਕੋਹਲੀ ਕੋਲ ਇਸ ਦੌਰਾਨ ‘ਵਿਰਾਟ’ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਵੀ ਰਹੇਗਾ।
ਜੇਕਰ ਵਿਰਾਟ ਅਗਲੀ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨ’ਚ ਕਾਮਯਾਬ ਰਹੇ ਤਾਂ ਨਾ ਸਿਰਫ਼ ਉਹ ਆਪਣੇ ਆਪ ਨੂੰ ਸਾਬਤ ਕਰਨਗੇ ਕਿ ਇੰਗਲੈਂਡ ‘ਚ ਦੌੜਾਂ ਬਣਾ ਸਕਦੇ ਹਨ ਸਗੋਂ ਆਸਟਰੇਲੀਆ ਦਾ ਸਟੀਵ ਸਮਿੱਥ ਨੂੰ ਪਛਾੜ ਕੇ ਟੈਸਟ ਕ੍ਰਿਕਟ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਵੀ ਪਹੁੰਚ ਜਾਣਗੇ ਵਿਰਾਟ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਇਸ ਸਮੇਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਤੋਂ 26 ਅੰਕ ਪਿੱਛੇ ਹਨ।
ਸਮਿੱਥ ਦੇ ਅਜੇ 929 ਰੇਟਿੰਗ ਅੰਕ ਹਨ ਜਦੋਂਕਿ ਕੋਹਲੀ ਦੇ 903 ਅੰਕ ਹਨ ਸਮਿੱਥ ਫਿਲਹਾਲ ਗੇਂਦ ਛੇੜਖਾਨੀ ਦੇ ਮਾਮਲੇ ‘ਚ ਫਸਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ‘ਚੋਂ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ ਬਹਰਹਾਲ, ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਤੀਸਰੇ ਸਥਾਨ ‘ਤੇ ਕਾਬਜ਼ ਹਨ ਵੈਸੇ ਕੋਹਲੀ ਅਤੇ ਰੂਟ ਦੋਵਾਂ ਕੋਲ ਸਮਿੱਥ ਨੂੰ ਪਿੱਛੇ ਛੱਡਣ ਦਾ ਮੌਕਾ ਹੈ ਟੈਸਟ ਰੈਂਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ‘ਤੇ ਕਾਬਜ਼ ਹਨ ਕੇਐਲ ਰਾਹੁਲ ਅਤੇ ਅਜਿੰਕੇ ਰਹਾਣੇ ਕ੍ਰਮਵਾਰ 18ਵੇਂ ਅਤੇ 19ਵੇਂ ਸਥਾਨ ‘ਤੇ ਹਨ ਵੈਸੇ ਭਾਰਤੀ ਟੀਮ ਆਈਸੀਸੀ ਟੈਸਟ ਟੀਮ ਰੈਂਕਿੰਗ ‘ਚ ਚੋਟੀ ‘ਦੇ ਸਥਾਨ ‘ਤੇ ਕਾਬਜ਼ ਹੈ ਭਾਰਤੀ ਟੀਮ ਦੂਸਰੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਰੈਂਕਿੰਗ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜੇਕਰ ਇੰਗਲੈਂਡ ਹੱਥੋਂ ਉਸਨੂੰ 0-5 ਦੀ ਹਾਰ ਵੀ ਝੱਲਣੀ ਪਈ ਤਾਂ ਵੀ ਉਹ ਨੰਬਰ 1 ਤੋਂ ਨਹੀਂ ਖ਼ਿਸਕੇਗਾ।