Punjab Kisan Mela: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲਗਾਇਆ ਕਿਸਾਨ ਮੇਲਾ

Punjab Kisan Mela
ਪਟਿਆਲਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲੱਗੇ ਕਿਸਾਨ ਮੇਲਾ ਦੌਰਾਨ ਮੁੱਖ ਮਹਿਮਾਨ ਪੀ.ਏ.ਯੂ. ਡਾ. ਸਤਿਬੀਰ ਸਿੰਘ ਗੋਸਲ ਲੱਗੀਆਂ ਸਟਾਲਾਂ ਨੂੰ ਦੇਖਦੇ ਹੋਏ

ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿੱਚ ਹੀ ਵਾਹੋ : ਡਾ. ਗੋਸਲ

Punjab Kisan Mela: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿਚ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਡਾ. ਪ੍ਰੀਤੀ ਯਾਦਵ, ਆਈ.ਏ.ਐਸ., ਡਿਪਟੀ ਕਮਿਸ਼ਨਰ, ਪਟਿਆਲਾ ਅਤੇ ਡਾ. ਦਵਿੰਦਰ ਸਿੰਘ ਚੀਮਾ, ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ., ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ. ਜਸਵਿੰਦਰ ਸਿੰਘ, ਪ੍ਰਮੁੱਖ ਖੇਤੀਬਾੜੀ ਅਫਸਰ, ਪਟਿਆਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ: Punjab Sports News: ਕੋਮਲਪ੍ਰੀਤ ਕੌਰ ਨੇ ਪੰਜਾਬ ਪੱਧਰ ’ਤੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਸਕੂਲ ਦਾ ਨਾਂਅ

ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਮੌਜ਼ੂਦਾ ਸਮੇਂ ਧਰਤੀ, ਪੌਣ-ਪਾਣੀ ਅਤੇ ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਕੁਦਰਤੀ ਸੋਮੇਂ ਅੱਜ ਸੰਕਟ ਗ੍ਰਸਤ ਹਾਲਾਤਾਂ ਨਾਲ ਜੂਝ ਰਹੇ ਹਨ, ਜਿਨ੍ਹਾਂ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਅਤੇ ਖੇਤੀ ਵਿਰਾਸਤ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿਚ ਹੀ ਵਾਹੁਣਾ ਚਾਹੀਦਾ ਹੈ, ਕਿਉਕਿ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਵੀ ਪਲੀਤ ਹੋਣੋਂ ਬਚਿਆ ਰਹਿੰਦਾ ਹੈ। Punjab Kisan Mela

ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਫਸਲਾਂ ਦੀਆਂ ਕਿਸਮਾਂ ਬੀਜਣ ਦੀਆਂ ਸਿਫਾਰਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਕਣਕ ਦੀ ਵੱਧ ਝਾੜ ਦੇਣ ਵਾਲੀ ਕਿਸਮ ਪੀ.ਬੀ.ਡਬਲਯੂ. 826 ਨੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਪੂਰੀ ਧਾਂਕ ਜਮਾਈ। ਖੇਤੀ ਖਰਚੇ ਘਟਾ ਕੇ ਅਤੇ ਸਹਾਇਕ ਧੰਦੇ ਅਪਣਾ ਕੇ ਖੇਤੀ ਆਮਦਨ ਵਿਚ ਵਾਧਾ ਕਰਨ ਦੀ ਸਿਫਾਰਿਸ਼ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਐਗਰੀ ਬਿਜ਼ਨੈੱਸ ਵਾਲੇ ਪਾਸੇ ਤੁਰਨਾ ਪਵੇਗਾ।

ਕਿਸਾਨ ਝੋਨੇ ਦੀ ਪਰਾਲੀ ਸਾੜਨ ਗੁਰੇਜ਼ ਕਰਨ ਅਤੇ ਖੇਤ ਮਸ਼ੀਨਰੀ ਅਪਣਾਉਣ-ਡਿਪਟੀ ਕਮਿਸ਼ਨਰ

ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜ ਕੇ ਵਾਤਾਵਰਣ ਨੂੰ ਦੂਸ਼ਿਤ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਦੀ ਸਾਭ-ਸੰਭਾਲ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਤਕਨੀਕਾਂ ਅਤੇ ਖੇਤ ਮਸ਼ੀਨਰੀ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਉੱਘੇ ਸਬਜ਼ੀ ਵਿਗਿਆਨੀ ਡਾ. ਦਵਿੰਦਰ ਸਿੰਘ ਚੀਮਾ ਨੇ ਕਿਸਾਨਾਂ ਨੂੰ ਕਣਕ, ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਦੀ ਸਿਫਾਰਸ਼ ਕਰਦਿਆਂ ਸਬਜ਼ੀਆਂ ਅਤੇ ਫਲਾਂ ਦੀਆਂ ਫਸਲਾਂ ਨੂੰ ਲਾਉਣ ਲਈ ਕਿਹਾ।

ਯੂਨੀਵਰਸਿਟੀ ਵੱਲੋਂ ਹੁਣ ਤੱਕ 950 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ

ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਕਿਸਾਨ ਮੇਲਿਆਂ ਨੂੰ ਗਿਆਨ ਵਿਗਿਆਨ ਦੇ ਮੇਲੇ ਦੱਸਦਿਆਂ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 950 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਰਾਸ਼ਟਰੀ ਪੱਧਰ ’ਤੇ ਪਛਾਣ ਕਾਇਮ ਕੀਤੀ ਹੈ।

ਉਨ੍ਹਾ ਨੇ ਸਰ੍ਹੋਂ ਦੀ ਨਵੀਂ ਕਿਸਮ ਪੀ.ਐਚ.ਆਰ. 127, ਗੋਭੀ ਸਰ੍ਹੋਂ ਦੀ ਹਾਈਬਿ੍ਰਡ ਪੀ.ਜੀ.ਐਸ.ਐਚ 2155, ਜਵੀ ਦੀ ਕਿਸਮ ਓ ਐਲ 17, ਬੇਕਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੀ.ਬੀ.ਡਬਲਯੂ ਬਿਸਕੁਟ–1 ਤੇ ਰੋਟੀ ਲਈ ਢੁਕਵੀ ਕਿਸਮ ਪੀ.ਬੀ. ਡਬਲਯੂ ਚਪਾਤੀ-1 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਨੇ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ‘ਤਾਕਤ’ ਨਾਂ ਦੀ ਦਵਾਈ ਦੀ ਵਰਤੋਂ ਕਰਨ ਦੇ ਨਾਲ-ਨਾਲ ਜੈਵਿਕ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦਾ ਛਿੜਕਾਅ ਅਤੇ ਗਰਮ ਰੁੱਤ ਦੀ ਮੂੰਗੀ ਵਿਚ ਜੂੰ ਦਾ ਹਮਲਾ ਹੋਣ ’ਤੇ ਨੀਲੇ ਟਰੈਪ ਵਰਤਣ ਅਤੇ ਪੀ.ਏ.ਯੂ. ਨਿੰਮ ਦੇ ਘੋਲ ਦਾ ਛਿੜਕਾਅ ਕਰਨ ਲਈ ਕਿਹਾ।

ਖੇਤੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਉਣ ਦੀ ਅਪੀਲ

ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਜੀ ਆਂਇਆ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਖੇਤੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ 13-14 ਮੀਟਰ ਟਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤ ਮਸ਼ੀਨਰੀ ਅਤੇ ਹਾੜ੍ਹੀ ਦੀਆਂ ਫਸਲਾਂ ਲਈ ਖਾਦਾਂ ਦੀ ਉਪਲਬਧਤਾ ਦੇ ਸਬੰਧ ਵਿਚ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। Punjab Kisan Mela

Punjab Kisan Mela
ਪਟਿਆਲਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲੱਗੇ ਕਿਸਾਨ ਮੇਲਾ ਦੌਰਾਨ ਮੁੱਖ ਮਹਿਮਾਨ ਪੀ.ਏ.ਯੂ. ਡਾ. ਸਤਿਬੀਰ ਸਿੰਘ ਗੋਸਲ ਲੱਗੀਆਂ ਸਟਾਲਾਂ ਨੂੰ ਦੇਖਦੇ ਹੋਏ

ਇਸ ਮੌਕੇ ਅਗਾਂਹਵੱਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਦੀਪ ਸਿੰਘ ਸਭੀਖੀ, ਡਿਪਟੀ ਡਾਇਰੈਕਟਰ (ਸਿਖਲਾਈ),ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਦੱਸਿਆ ਕਿ ਕੇਂਦਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਬੀਜ ਅਤੇ ਫਲਾਂ ਦੇ ਪੌਦੇ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

ਮੰਚ ਸੰਚਾਲਨ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਹੁਨਰ ਵਿਕਾਸ ਕੇਂਦਰ ਵੱਲੋਂ ਲਗਾਈਆਂ ਜਾਂਦੀਆਂ ਖੇਤੀ ਸਿਖਲਾਈਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਅਤੇ ਹਾੜ੍ਹੀ ਦੀਆਂ ਫਸਲਾਂ ਦੀਆਂ ਸਿਫਾਰਸ਼ਾਂ ਪੁਸਤਕ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ। ਉਨ੍ਹਾਂ ਨੇ ਖੇਤੀ ਸਾਹਿਤ ਨੂੰ ਆਪਣੇ ਘਰਾਂ ਵਿਚ ਮੰਗਵਾਉਣ ਅਤੇ ਅਤੇ ਸਮੇਂ ਦੇ ਹਾਣੀ ਬਣਨ ਲਈ ਸੋਸ਼ਲ ਮੀਡੀਆ ਨਾਲ ਜੁੜਨ ਵਾਸਤੇ ਪੀ.ਏ.ਯੂ., ਵੱਟਸਐਪ ਗਰੁੱਪਾਂ ਦੇ ਸੰਪਰਕ ਨੰਬਰ ਵੀ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਨਿੱਜੀ ਕੰਪਨੀਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

LEAVE A REPLY

Please enter your comment!
Please enter your name here