ਕਿਸਾਨ ਮੇਲਾ : ਮਾਹਿਰਾਂ ਨੇ ਨਰਮੇ ਹੇਠ ਰਕਬਾ ਘਟਣ ’ਤੇ ਪ੍ਰਗਟਾਈ ਚਿੰਤਾ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਗਾਇਆ ਗਿਆ। ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫਾ ਚੰਗਾ’ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਭੀੜ ਘੱਟ ਰਹੀ। ਕਿਸਾਨ ਮੇਲੇ ’ਚ ਬੀਜਾਂ ਵਾਲੀਆਂ ਸਟਾਲਾਂ ਤੇ ਸੈਲਫ ਹੈਲਪ ਗਰੁੱਪ ਵਾਲੀਆਂ ਬੀਬੀਆਂ ਵੱਲੋਂ ਹੱਥੀਂ ਬਣਾਏ ਪ੍ਰੋਡਕਟਾਂ ਆਦਿ ਦੀ ਖਰੀਦਦਾਰੀ ਲਈ ਕਿਸਾਨਾਂ ਨੇ ਕਾਫੀ ਰੁਚੀ ਦਿਖਾਈ। ਮੇਲੇ ਵਿੱਚ ਕਿਸਾਨ ਨਰਮੇ ਨੂੰ ਪੈਂਦੀ ਗੁਲਾਬੀ ਸੁੰਡੀ ਅਤੇ ਝੋਨੇ ਦੀ ਪਰਾਲੀ ਦਾ ਹੱਲ ਭਾਲਦੇ ਰਹੇ ਪਰ ਮਾਹਿਰਾਂ ਵੱਲੋਂ ਦਿੱਤੀ ਰਾਇ ਕਿਸਾਨਾਂ ਨੂੰ ਸੰਤੁਸ਼ਟ ਨਾ ਕਰ ਸਕੀ। ਮਾਹਿਰਾਂ ਨੇ ਨਰਮਾ ਪੱਟੀ ਵਿੱਚ ਨਰਮੇ ਹੇਠੋਂ ਰਕਬਾ ਘਟਣ ’ਤੇ ਵੀ ਚਿੰਤਾ ਪ੍ਰਗਟਾਈ। Kisan Mela
33 ਪ੍ਰਤੀਸ਼ਤ ਪੌਸ਼ਟਿਕ ਤੱਤ ਪਰਾਲੀ ਵਿੱਚ ਹੀ ਹੋਣ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਤਾਕੀਦ ਕੀਤੀ (Kisan Mela)
ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਈਸ ਚਾਂਸਲਰ ਪੀਏਯੂ ਡਾ. ਸਤਬੀਰ ਸਿੰਘ ਗੋਸਲ ਨੇ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਇਸ ਖੇਤਰ ਵਿੱਚ ਨਰਮੇ ਦੀ ਕਾਸ਼ਤ ਅਧੀਨ ਘੱਟ ਰਹੇ ਰਕਬੇ ’ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਨਰਮੇ ਦੀ ਕਾਸ਼ਤ ਸੱਤ ਲੱਖ ਹੈਕਟੇਅਰ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਇਹ ਰਕਬਾ ਸਿਰਫ਼ ਢਾਈ ਲੱਖ ਹੈਕਟੇਅਰ ਰਹਿ ਗਿਆ ਹੈ। ਉਹਨਾਂ ਝੋਨੇ ਦੀਆਂ ਪੀ.ਆਰ-126 ਅਤੇ ਪੀ.ਆਰ-131 ਕਿਸਮਾਂ ਦੀ ਸਿਫ਼ਾਰਿਸ਼ ਕਰਦਿਆਂ 33 ਪ੍ਰਤੀਸ਼ਤ ਪੌਸ਼ਟਿਕ ਤੱਤ ਪਰਾਲੀ ਵਿੱਚ ਹੀ ਹੋਣ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਤਾਕੀਦ ਕੀਤੀ। ਘਰੇਲੂ ਲੋੜਾਂ ਵਾਸਤੇ ਸਬਜ਼ੀਆਂ ਅਤੇ ਫ਼ਲਾਂ ਲਈ ਪੌਸ਼ਟਿਕ ਬਗੀਚੀ ਲਾਉਣ ਦਾ ਸੁਝਾਅ ਦਿੰਦਿਆਂ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਬਜ਼ੀਆਂ, ਚਾਰੇ, ਤੇਲ ਬੀਜ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖਰੀਦਣ ਦੀ ਸਿਫ਼ਾਰਿਸ਼ ਕੀਤੀ। Kisan Mela
ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਬਚਾਉਣ ਅਤੇ ਜਲ ਸੋਮਿਆਂ ਦੀ ਬੱਚਤ ਕਰਨ ਲਈ ਉਨ੍ਹਾਂ ਸਰਫ਼ੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਕਿਹਾ। ਉਹਨਾਂ ਯੂਨੀਵਰਸਿਟੀ ਦੇ ਹਫ਼ਤਾਵਾਰੀ ਡਿਜੀਟਲ ਅਖ਼ਬਾਰ ਖੇਤੀ ਸੰਦੇਸ਼, ਪੀ.ਏ.ਯੂ. ਯੂ-ਟਿਊਬ ਚੈਨਲ, ਇੰਸਟਾਗ੍ਰਾਮ ਅਤੇ ਪੀ.ਏ.ਯੂ. ਫੇਸ ਬੁੱਕ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਪੀ.ਏ.ਯੂ. ਦੇ ਵੱਟਸਅੱਪ ਗਰੁੱਪਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਨਿਰਦੇਸ਼ਕ ਖੋਜ ਪੀ.ਏ.ਯੂ. ਯੂਨੀਵਰਸਿਟੀ ਡਾ. ਅਜਮੇਰ ਸਿੰਘ ਢੱਟ ਨੇ ਵਿਕਸਤ ਕੀਤੀਆਂ ਗਈਆਂ ਫ਼ਸਲ ਉਤਪਾਦਨ, ਪੌਦ ਸੁਰੱਖਿਆ ਅਤੇ ਉਤਪਾਦਨ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਵੱਖੋਂ-ਵੱਖ ਫ਼ਸਲਾਂ ਦੀਆਂ 950 ਤੋਂ ਵੱਧ ਕਿਸਮਾਂ ਵਿਕਸਤ ਅਤੇ ਹਜ਼ਾਰਾਂ ਤਕਨੀਕਾਂ ਸਿਫ਼ਾਰਿਸ਼ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ: Virat Kohli : ਕੀ ਵਿਰਾਟ ਟੀ20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦੇ ਹਨ! ਰਿਪੋਰਟਾਂ ’ਚ ਦਾਅਵਾ, IPL ਆਖਿਰੀ ਮੌਕਾ
ਪਾਣੀ ਨੂੰ ਖੇਤੀ ਅਤੇ ਸਮੁੱਚੀ ਵਨਸਪਤੀ ਲਈ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਨੇ ਇਸ ਦੀ ਸੰਜਮ ਨਾਲ ਵਰਤੋਂ ਕਰਨ, ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ, ਅਗੇਤਾ ਝੋਨਾ ਨਾ ਬੀਜਣ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਸਿਫ਼ਾਰਸ਼ ਕੀਤੀ। ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ. ਡਾ ਮੱਖਣ ਸਿੰਘ ਭੁੱਲਰ ਨੇ 14-15 ਮਾਰਚ ਨੂੰ ਪੀ.ਏ.ਯੂ. ਕੈਂਪਸ ਲੁਧਿਆਣਾ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।
ਪੰਜਾਬ ਸਰਕਾਰ ਦੀਆਂ ਖੇਤੀ ਸਬੰਧਿਤ ਸਕੀਮਾਂ ਬਾਰੇ ਵੀ ਦਿੱਤੀ ਜਾਣਕਾਰੀ
ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਮਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੀਆਂ ਖੇਤੀ ਸਬੰਧਿਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤਰੀ ਖੋਜ ਕੇਦਰ ਬਠਿੰਡਾ ਵੱਲੋਂ ਡਾ. ਸਤਿਬੀਰ ਸਿੰਘ ਗੋਸਲ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਖੋਜ ਕੇਦਰ ਦੇ ਵਿਗਿਆਨੀ ਡਾ ਵੀ.ਪੀ.ਮਿੱਤਲ, ਡਾ. ਜਤਿੰਦਰ ਸਿੰਘ ਬਰਾੜ ਅਤੇ ਡਾ. ਜਗਦੀਸ਼ ਗਰੋਵਰ ਨੂੰ ਵੀ ਸਨਮਾਨਿਤ ਕੀਤਾ ਗਿਆ। ਰਿਵਾਇਤੀ ਖੇਤੀ ਤੋਂ ਹੱਟ ਕੇ ਬਾਗਬਾਨੀ ਵਿੱਚ ਉਘਾ ਯੋਗਦਾਨ ਪਾਉਣ ਵਜੋਂ ਬਲਕਾਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਕਪੂਰਥਲਾ ਨੂੰ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਅਧਿਕਾਰੀਆਂ ਵੱਲੋ ਪੰਜਾਬ ਦੀਆਂ ਫ਼ਸਲਾਂ ਦੀਆਂ ਸਿਫ਼ਾਰਿਸ਼ਾਂ ’ਸਾਉਣੀ 2024’ ਨੂੰ ਰਲੀਜ਼ ਕੀਤਾ ਗਿਆ। ਇਸ ਮੌਕੇ ਹਰਨੇਕ ਸਿੰਘ ਪਿੰਡ ਤਰਖਾਣਵਾਲਾ ਨੇ ਯੂਨੀਵਰਸਿਟੀ ਇੰਡੋਵਮੈਟ ਫੰਡ ਲਈ 6,000 ਰੁਪਏ ਦਿੱਤੇ।
ਆਹ ਨਾ ਲੈ ਲਈਏ ਬਾਈ…..
ਬਠਿੰਡਾ: ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਏ ਕਿਸਾਨ ਮੇਲੇ ਦੌਰਾਨ ਕਿਸਾਨ ਵੀਰ ਸਟਾਲਾਂ ਤੋਂ ਪਸ਼ੂਆਂ ਦੇ ਸ਼ਿੰਗਾਰ ਲਈ ਘੁੰਗਰੂ ਆਦਿ ਦੀ ਖਰੀਰਦਾਰੀ ਕਰਦੇ ਹੋਏ। ਕਿਸਾਨਾਂ ਨੇ ਮੇਲੇ ’ਚ ਬੀਜਾਂ ਆਦਿ ਦੀ ਵੀ ਭਾਰੀ ਖਰੀਦਦਾਰੀ ਕੀਤੀ। ਤਸਵੀਰ ਤੇ ਵੇਰਵਾ: ਸੁਖਜੀਤ ਮਾਨ।