ਪੰਜਾਬ ਡੈਮੋਕ੍ਰੇਟਿਕ ਅਲਾਇੰਸ ‘ਚ ਸ਼ਾਮਲ ਤਿੰਨ ਪਾਰਟੀਆਂ ਦਾ ਖੋਹਿਆ ਚੋਣ ਨਿਸ਼ਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀ ਸਿਆਸਤ ਵਿੱਚ ਹੁਣ ਨਾ ਹੀ ਧਰਮਵੀਰ ਗਾਂਧੀ ਦਾ ਮਾਈਕ ਕੁਝ ਬੋਲ ਸਕੇਗਾ ਤੇ ਨਾ ਹੀ ਸੁਖਪਾਲ ਦੀ ਕੁੰਜੀ ਕਿਸੇ ਤਾਲੇ ਨੂੰ ਖੋਲ੍ਹ ਸਕੇਗੀ। ਸਿਮਰਜੀਤ ਸਿੰਘ ਬੈਂਸ ਦਾ ਲੈਟਰ-ਬਾਕਸ ਵੀ ਕੋਈ ਚਿੱਠੀ ਪੱਤਰ ਨਹੀਂ ਲੈ ਸਕੇਗਾ, ਕਿਉਂਕਿ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਸਿੰਬਲ ਨੂੰ ਚੋਣ ਕਮਿਸ਼ਨ ਨੇ ਜ਼ਬਤ ਕਰਨ ਦੀ ਕਾਰਵਾਈ ਉਲੀਕ ਦਿੱਤੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਿਸੇ ਵੀ ਨਵੀਂ ਪਾਰਟੀ ਨੂੰ ਮਾਨਤਾ ਪ੍ਰਾਪਤ ਕਰਵਾਉਣ ਤੇ ਸਿੰਬਲ ਨੂੰ ਪੱਕੇ ਤੌਰ ‘ਤੇ ਰੱਖਣ ਲਈ 6 ਫੀਸਦੀ ਵੋਟ ਲੈਣਾ ਜਰੂਰੀ ਹੁੰਦਾ ਹੈ ਪਰ ਇਹ ਤਿੰਨੇ ਪਾਰਟੀਆਂ 6-6 ਫੀਸਦੀ ਵੋਟ ਪ੍ਰਾਪਤ ਕਰਨ ਵਿੱਚ ਅਸਫ਼ਲ ਹੋਈਆਂ ਹਨ, ਜਿਸ ਕਾਰਨ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਉਲੀਕ ਦਿੱਤੀ ਗਈ ਹੈ ਹਾਲਾਂਕਿ ਲੋਕ ਇਨਸਾਫ਼ ਪਾਰਟੀ ਇਸ ਫੈਸਲੇ ਖ਼ਿਲਾਫ਼ ਚੋਣ ਕਮਿਸ਼ਨ ‘ਚ ਅਰਜ਼ੀ ਦਾਖ਼ਲ ਕਰਨ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਬਚਿਆ ਰਹੇ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ‘ਚ ਭਾਗ ਲੈਣ ਵਾਲੀ ਪੰਜਾਬ ਦੀਆਂ ਤਿੰਨ ਨਵੀਂ ਪਾਰਟੀਆਂ ਨੇ ਆਪਣੇ ਆਪ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਂਦੇ ਹੋਏ ਚੋਣ ਨਿਸ਼ਾਨ ਹਾਸਲ ਕੀਤਾ ਸੀ। ਲੋਕ ਇਨਸਾਫ਼ ਪਾਰਟੀ ਨੂੰ ਸਿਮਰਜੀਤ ਸਿੰਘ ਬੈਂਸ ਨੇ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਰਜਿਸਟਰਡ ਕਰਵਾਈ ਸੀ, ਜਦੋਂ ਕਿ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਪਣੀ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਇਆ ਸੀ। ਜਿੱਥੋਂ ਕਿ ਇਨ੍ਹਾਂ ਨੂੰ ਪਸੰਦ ਅਨੁਸਾਰ ਕੱਚੇ ਤੌਰ ‘ਤੇ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਸੀ।
ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਕੁੰਜੀ ਅਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਨੂੰ ਮਾਈਕ ਚੋਣ ਨਿਸ਼ਾਨ ਦਿੱਤਾ ਗਿਆ ਸੀ, ਜਦੋਂ ਕਿ 2 ਸਾਲ ਪਹਿਲਾ ਬਣੀ ਲੋਕ ਇਨਸਾਫ਼ ਪਾਰਟੀ ਨੂੰ ਪਹਿਲਾਂ ਵਾਂਗ ਹੀ ਲੈਟਰ ਬਾਕਸ ਚੋਣ ਨਿਸ਼ਾਨ ਦਿੱਤਾ
ਗਿਆ ਸੀ।
ਚੋਣ ਚਿੰਨ੍ਹ (ਰਿਜ਼ਰਵੇਸ਼ਨ ਤੇ ਅਲਾਟਮੈਂਟ) ਆਰਡਰ, 1968 ਤਹਿਤ ਨਵੀਂ ਪਾਰਟੀ ਨੂੰ ਹਰ ਹਾਲਤ ‘ਚ ਚੋਣਾਂ ਦੌਰਾਨ 6 ਫੀਸਦੀ ਵੋਟ ਹਾਸਲ ਕਰਨਾ ਜਰੂਰੀ ਹੈ, ਨਹੀਂ ਤਾਂ ਉਸ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਚੋਣ ਕਮਿਸ਼ਨ ਵੱਲੋਂ ਮਾਨਤਾ ਨਾ ਮਿਲਣ ਕਾਰਨ ਕੱਚੇ ਤੌਰ ‘ਤੇ ਅਲਾਟ ਹੋਇਆ ਚੋਣ ਨਿਸ਼ਾਨ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਖੋਹ ਲਿਆ ਜਾਂਦਾ ਹੈ ਤੇ ਸਬੰਧਿਤ ਪਾਰਟੀ ਦਾ ਉਸ ਚੋਣ ਨਿਸ਼ਾਨ ‘ਤੇ ਅਧਿਕਾਰ ਖ਼ਤਮ ਹੋ ਜਾਂਦਾ ਹੈ।
ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ਏਕਤਾ ਪਾਰਟੀ ਨੂੰ 2.16, ਲੋਕ ਇਨਸਾਫ਼ ਪਾਰਟੀ ਨੂੰ 3.43 ਤੇ ਨਵਾਂ ਪੰਜਾਬ ਪਾਰਟੀ ਨੂੰ 1.17 ਫੀਸਦੀ ਵੋਟ ਪ੍ਰਾਪਤ ਹੋਈ ਸੀ, ਜਿਸ ਕਾਰਨ ਇਨ੍ਹਾਂ ਦੇ ਚੋਣ ਨਿਸ਼ਾਨ ਨੂੰ ਜ਼ਬਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।