ਦਰਸ਼ਕਾਂ ਦੀ ਵਾਹ-ਵਾਹ ਲੁੱਟਦਾ ਕਿਲ੍ਹਾ ਰਾਏਪੁਰ ਖੇਡ ਮੇਲਾ ਸਮਾਪਤ

Fort Raipur Sports

ਦਰਸ਼ਕਾਂ ਦੀ ਵਾਹ-ਵਾਹ ਲੁੱਟਦਾ ਕਿਲ੍ਹਾ ਰਾਏਪੁਰ ਖੇਡ ਮੇਲਾ ਸਮਾਪਤ (Fort Raipur Sports)

(ਰਘਬੀਰ ਸਿੰਘ) ਲੁਧਿਆਣਾ। ਦਰਸ਼ਕਾਂ ਨਾਲ ਖਚਾ ਖਚ ਭਰਿਆ ਕਿਲ੍ਹਾ ਰਾਏਪੁਰ ਦਾ ਗਰੇਵਾਲ ਖੇਡ ਸਟੇਡੀਅਮ ਅੱਜ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਮੇਲੇ ਦਾ ਗਵਾਹ ਬਣਿਆ। ਤੀਜੇ ਅਤੇ ਆਖਰੀ ਦਿਨ ਅੱਜ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਸਰਕਾਰ ਆਦੇਸ਼ ਪ੍ਰਤਾਪ ਵੀ ਆਪਣੀ ਹਾਜ਼ਰੀ ਲਗਵਾਉਂਣ ਪਹੁੰਚੇ। ਬੈਲ ਗੱਡੀਆਂ ਦੀਆਂ ਦੌੜਾਂ ਬੰਦ ਹੋਣ ਨਾਲ ਜਿੱਥੇ ਦਰਸ਼ਕ ਮਾਯੂਸ ਹੋਏ ਉੱਥੇ ਘੋੜਾ ਅਤੇ ਖੱਚਰ ਗੱਡੀਆਂ ਦੀ ਦੌੜ ਨੇ ਦਰਸ਼ਕਾਂ ਦੀ ਨਿਰਾਸ਼ਾ ਪੂਰੀ ਤਰ੍ਹਾਂ ਦੂਰ ਕਰ ਦਿੱਤੀ। ਖੇਡਾਂ ਦੇ ਆਖਰੀ ਦਿਨ ਵੀ ਖੇਡਾਂ ਦੇ ਨਾਲ ਨਾਲ ਪੰਜਾਬ ਦੀਆਂ ਰਿਵਾਇਤੀ ਪੇਂਡੂ ਖੇਡਾਂ ਦਾ ਰੋਮਾਂਚ ਚਰਮ ‘ਤੇ ਰਿਹਾ। ਦਰਸ਼ਕਾਂ ਨੇ ਵੱਖ ਵੱਖ ਪੇਂਡੂ ਖੇਡਾਂ ਦਾ ਆਨੰਦ ਹੂਟਿੰਗ ਕਰਕੇ ਮਾਣਿਆ।

ਕਿਲਾ ਰਾਏਪੁਰ ਵਿਖੇ ਅੱਜ ਪੇਂਡੂ ਖੇਡਾਂ ਵਿੱਚ 75 ਤੋਂ 80 ਸਾਲ ਉਮਰ ਵਰਗ ਦੇ ਬਜ਼ੁਰਗਾਂ ਦੀ 100 ਮੀਟਰ ਦੀ ਫਾਈਨਲ ਦੌੜ ਵਿੱਚ ਛੱਜੂ ਰਾਮ ਧਨੌਲਾ ਨੇ ਪਹਿਲਾ, ਸਿਖੱਤਰ ਸਿੰਘ ਨੇ ਦੂਜਾ ਅਤੇ ਤੇਜਾ ਸਿੰਘ ਫੱਲੇਵਾਲ ਨੇ ਤੀਜਾ ਸਥਾਨ ਹਾਸਲ ਕੀਤਾ। 80 ਅਤੇ ਇਸ ਤੋਂ ਉੱਪਰ ਉਮਰ ਵਰਗ 100 ਮੀਟਰ ਬਜ਼ੁਰਗਾਂ ਵਿੱਚੋਂ ਨਛੱਤਰ ਸਿੰਘ ਖੰਨਾ ਨੇ ਪਹਿਲਾ, ਤੇਜਾ ਸਿੰਘ ਫੱਲੇਵਾਲ ਨੇ ਦੂਜਾ ਅਤੇ ਨਛੱਤਰ ਸਿੰਘ ਮਨਸੂਰਾਂ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕਿਆਂ ਦੀ ਫਾਈਨਲ ਦੌੜ ਵਿੱਚ ਰਘਬੀਰ ਸਿੰਘ ਜਲੰਧਰ ਨੇ ਪਹਿਲਾ, ਫਤਿਹਗੜ ਸਾਹਿਬ ਦੇ ਜਤਿੰਦਰ ਸਿੰਘ ਨੇ ਦੂਜਾ ਅਤੇ ਪਟਿਆਲਾ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਕਿਲ੍ਹਾ ਰਾਏਪੁਰ ਖੇਡ ਮੇਲਾ ਸਮਾਪਤ

100 ਮੀਟਰ ਟਰਾਈਸਾਈਕਲ ਵਿੱਚ ਕਿਲ੍ਹਾ ਰਾਏਪੁਰ ਦੇ ਸੁੱਖੇ ਨੇ ਪਹਿਲਾ, ਲੁਧਿਆਣਾ ਦੇ ਜੋਗਿੰਦਰ ਕੁਮਾਰ ਨੇ ਦੂਜਾ ਅਤੇ ਲੁਧਿਆਣਾ ਦੇ ਨਿਰੰਜਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 800 ਮੀਟਰ ਫਾਈਨਲ ਦੌੜ ਵਿੱਚ ਸੰਗਰੂਰ ਦੀ ਅਮਨਦੀਪ ਕੌਰ ਨੇ ਪਹਿਲਾ, ਪਟਿਆਲਾ ਦੀ ਬੀਰਪਾਲ ਕੌਰ ਨੇ ਦੂਜਾ ਅਤੇ ਪਟਿਆਲਾ ਦੀ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਐਮਆਰਐਫ ਟਰੈਕਟਰ ਟਾਇਰ ਰੌੜਨ ਮੁਕਾਬਲੇ ਵਿੱਚ ਰਹੇੜਾ ਦੇ ਮਹਾਮਕ ਮੁਰੀਕ ਨੇ ਪਹਿਲਾ ਅਤੇ ਪ੍ਰਤਾਪਪੁਰਾ ਦੇ ਕਮਲਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 800 ਮੀਟਰ ਲੜਕਿਆਂ ਦੀ ਫਾਈਨਲ ਦੌੜ ਵਿੱਚ ਪਟਿਆਲਾ ਦੇ ਅਰਸ਼ਦੀਪ ਨੇ ਪਹਿਲਾ, ਲੁਧਿਆਣਾ ਦੇ ਦਲਜੀਤ ਸਿੰਘ ਨੇ ਦੂਜਾ ਅਤੇ ਖੰਨਾ ਦੇ ਜਗਦੇਵ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। (Fort Raipur Sports)

ਉੱਚੀ ਛਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਦੀ ਜੋਤੀ ਪਹਿਲੇ ਨੰਬਰ ’ਤੇ

ਕਬੱਡੀ 70 ਕਿੱਲੋ ਫਾਈਨਲ ਮੁਕਾਲਬੇ ਵਿੱਚ ਪਿੰਡ ਹਮੀਦ ਦੀ ਟੀਮ ਨੇ ਚੰਦਨਵਾਲ ਨੂੰ 26 ਦੇ ਮੁਕਾਬਲੇ 20 ਅੰਕਾਂ ਨਾਲ ਹਰਾ ਦਿੱਤਾ। ਉੱਚੀ ਛਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਦੀ ਜੋਤੀ ਨੇ ਪਹਿਲਾ, ਪਟਿਆਲਾ ਦੀ ਰਿੱਤੂ ਨੇ ਦੂਜਾ ਤੇ ਖੁਸ਼ਬੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉੱਚੀ ਛਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਦੇ ਲਵਪ੍ਰੀਤ ਸਿੰਘ ਨੇ ਪਹਿਲਾ, ਸੰਗਰੂਰ ਦੇ ਰਣਜੀਤ ਸਿੰਘ ਨੇ ਦੂਜਾ ਤੇ ਲੁਧਿਆਣਾ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਸਾਈਕਲ ਦੌੜ ਦੇ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਦੇ ਸਾਹਿਲ ਪਹਿਲੇ ਨੰਬਰ ’ਤੇ

ਟਰੈਕਟਰ ਟਰਾਲੀ ਲੋਡਿੰਗ-ਅਨਲਡਿੰਗ ਮੁਕਾਬਲੇ ਵਿਚ ਸੰਗਰੂਰ ਨੇ ਪਹਿਲਾਂ ਅਤੇ ਮਸ਼ਤੂਆਣਾ ਸਾਹਿਬ ਪੱਲੇਦਾਰ ਯੂਨੀਅਨ ਨੇ ਦੂਜਾ ਸਥਾਨ ਹਾਸਲ ਕੀਤਾ। ਅੱਠ ਕਿਲੋਮੀਟਰ ਸਾਈਕਲ ਦੌੜ ਦੇ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਦੇ ਸਾਹਿਲ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਤੇ ਹਰਸਿਮਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਦੇ ਫਾਈਨਲ ਮੁਕਾਬਲੇ ਵਿਚ ਹਾਂਸਕਲਾ ਦੀ ਟੀਮ ਨੇ ਜਰਖੜ ਇਲੇਵਨ ਨੇ 6 ਦੇ ਮੁਕਾਬਲੇ 5 ਅੰਕ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਅੱਜ ਹਾਕੀ ਦੇ ਸੈਮੀਫਾਈਲ ਮੁਕਾਬਲੇ ਵਿੱਚ ਹਾਂਸਕਲਾ ਨੇ ਐਸਜੀਪੀਸੀ ਬਟਾਲਾ ਨੂੰ 3 ਦੇ ਮੁਕਾਬਲੇ ਵਿਚ 1 ਅੰਕ ਨਾਲ ਅਤੇ ਜਰਖੜ ਇਲੈਵਨ ਨੇ ਗਰੇਵਾਲ ਐਕਡਮੀ ਨੂੰ 18 ਦੇ ਮੁਕਾਬਲੇ 17 ਅੰਕ ਨਾਲ ਹਰਾਇਆ ਸੀ। ਰੱਸਾ ਕਸ਼ੀ ਦੇ ਫਾਈਨਲ ਮੁਕਾਬਲੇ ਵਿਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤਾਂ ਦੀ ਟੀਮ ਨੇ ਨਵਾਂ ਸ਼ਹਿਰ ਦੇ ਪਿੰਡ ਸ਼ੰਕਰ ਨੂੰ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ।

ਘੋੜਿਆਂ ਦੀ ਦੌੜ ਵਿਚ ਬੱਸੀ ਗੁੱਜਰਾਂ ਦੇ ਹਰਮਨ ਸਿੰਘ ਪਹਿਲੇ ਨੰਬਰ ’ਤੇ

ਕੈਟਾਗਿਰੀ ਓਪਨ ਮੁਕਾਬਲੇ ਵਿਚ ਬੁਰਜ ਦੂਨਾ ਨੇ ਪਹਿਲਾਂ ਅਤੇ ਚਹੇੜੂ ਨੇ ਦੂਜਾ ਸਥਾਨ ਹਾਸਲ ਕੀਤਾ। ਘੋੜਿਆਂ ਦੀ ਦੌੜ ਵਿਚ ਬੱਸੀ ਗੁੱਜਰਾਂ ਦੇ ਹਰਮਨ ਸਿੰਘ ਨੇ ਪਹਿਲਾਂ, ਕਕਰਾਲੀ ਦੇ ਬਲਵੀਰ ਸਿੰਘ ਨੇ ਦੂਜਾ, ਕਰਰਾਲਾ ਦੇ ਜੁਝਾਰ ਸਿੰਘ ਨੇ ਤੀਜਾ ਅਤੇ ਸਰਾਓਂ ਦੇ ਸੁਖਜੀਵਨ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਘੋੜ ਗੱਡੀਆਂ ਦੇ ਫਾਈਨਲ ਮੁਕਾਬਲੇ ਵਿਚ ਲੋਹਟਬੱਦੀ ਦੇ ਰਾਜ ਖਾਨ ਨੇ ਪਹਿਲਾ, ਜੰਡ ਦੇ ਹਰਵਿੰਦਰ ਸਿੰਘ ਨੇ ਦੂਜਾ, ਕੰਗਨਵਾਲ ਦੇ ਨਵਾਬ ਨੇ ਤੀਜਾ ਅਤੇ ਫੱਗੂ ਮਾਜਾਰਾ ਦੇ ਏਕਮਜੋਤ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੱਚਰ ਦੌੜ ਦੇ ਫਾਈਨਲ ਮੁਕਾਬਲੇ ਵਿਚ ਜੋਧਾਂ ਦੇ ਜਿੰਦਰ ਨੇ ਪਹਿਲਾ, ਭਗੌੜ ਦੇ ਧਰਮ ਸਿੰਘ ਨੇ ਦੂਜਾ, ਬੱਲੋਵਾਲ ਦੇ ਬੰਤ ਸਿੰਘ ਨੇ ਤੀਜਾ ਅਤੇ ਦਲੀਜ਼ ਦੇ ਸਰਫੂ ਨੇ ਚੌਥਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ ਦੰਦਾਂ ਨਾਲ ਦੋ ਹਲ ਜੋੜ ਕੇ ਚੁੱਕਣ, 65 ਸਾਲਾ ਵਿਅਕਤੀ ਵੱਲੋਂ ਢਾਈ ਕੁਵਿੰਟਲ ਦੀ ਬੋਰੀ ਚੁੱਕਣਾ, ਜਗਾੜੂ ਮਸ਼ੀਨ ਨਾਲ ਪੈਰਾ ਗਲਾਈਡਿੰਗ ਕਰਕੇ ਅਸਮਾਨ ਵਿੱਚ ਉੱਡਣਾ, ਅੰਗਹੀਣ ਵਿਅਕਤੀ ਵੱਲੋਂ ਇਕੱਲੀਆਂ ਬਾਹਵਾਂ ਦੇ ਸਹਾਰੇ ਡੰਡ ਕੱਢਣੇ, 14 ਇੰਚੀ ਲੋਹੇ ਦੇ ਰਿੰਗ ਵਿੱਚੋਂ 3 ਜਣਿਆ ਦਾ ਗੁਜ਼ਰਨ ਸਮੇਤ 80 ਸਾਲ ਤੋਂ ਉੱਪਰ ਦੇ ਬਜੁਰਗਾਂ ਦੀ ਦੌੜ ਵਰਗੀਆਂ ਪੇਂਡੂ ਖੇਡਾਂ ਦਾ ਵੀ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ