5 ਗੈਰ ਕਾਨੂੰਨੀ ਅਸਲੇ, 10 ਮੈਗਜੀਨ ਤੇ ਖੋਹਸ਼ੁਦਾ ਕਾਰ ਬਰਾਮਦ | Khanna police
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਮਾਮਲੇ ’ਚ ਅੰਤਰਰਾਜੀ ਗਿਰੋਹ ਦੇ 5 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗਿ੍ਰਫ਼ਤਾਰ ਵਿਅਕਤੀਆਂ ਪਾਸੋਂ 5 ਅਸਲੇ ਤੇ 10 ਮੈਗਜੀਨ ਸਮੇਤ ਇੱਕ ਖੋਹਸ਼ੁਦਾ ਕਾਰ ਵੀ ਬਰਾਮਦ ਕੀਤੀ ਹੈ। (Khanna police)
ਜ਼ਿਲਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਮੰਤਵ ਨਾਲ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਿਸ ਤਹਿਤ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ 5 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਉਨਾਂ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀਆਈਏ ਖੰਨਾ ਦੀ ਅਗਵਾਈ ’ਚ ਪੁਲਿਸ ਨੇ 5 ਨੂੰ ਕਾਬੂ ਕਰਦਿਆਂ ਉਨਾਂ ਤੋਂ 5 ਅਸਲੇ ਅਤੇ 10 ਮੈਗਜੀਨ ਬਰਾਮਦ ਕੀਤੇ ਹਨ। ਉਨਾਂ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਪੁਲਿਸ ਵੱਲੋਂ 2 ਜੁਲਾਈ ਨੂੰ ਅਮਲੋਹ ਚੌਂਕ ’ਚ ਮੋਬਾਇਲ ਨਾਕਾਬੰਦੀ ਕੀਤੀ ਹੋਈ ਸੀ।
ਕੁਝ ਦਿਨ ਪਹਿਲਾਂ ਹੀ ਖੋਹ ਕੀਤੀ ਗਈ ਕਾਰ
ਇਤਲਾਹ ਮੁਤਾਬਕ ਗੌਤਮ ਸ਼ਰਮਾ ਉਰਫ਼ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜ਼ਰ ਮਿਲਕੇ ਪੰਜਾਬ ਅਤੇ ਹੋਰ ਸਟੇਟਾਂ ਵਿੱਚ ਹਥਿਆਰਾਂ ਦੀ ਨੋਕ ’ਤੇ ਲੋਕਾਂ ਪਾਸੋਂ ਨਕਦੀ ਤੇ ਗੱਡੀਆਂ ਖੋਹ ਕਰਦੇ ਹਨ ਜੋ ਕੁਝ ਦਿਨ ਪਹਿਲਾਂ ਹੀ ਖੋਹ ਕੀਤੀ ਗਈ ਕਾਰ ’ਚ ਸਵਾਰ ਹੋ ਕੇ ਰਾਜਸਥਾਨ ਤੋਂ ਜਲੰਧਰ ਵੱਲ ਨੂੰ ਆ ਰਹੇ ਹਨ। ਉਨਾਂ ਪਾਸ ਗੈਰ ਕਾਨੂੰਨੀ ਅਸਲਾ ਵੀ ਮੌਜੂਦ ਹੈ। ਉਨਾਂ ਅੱਗੇ ਦੱਸਿਆ ਕਿ ਇਤਲਾਹ ਮੁਤਾਬਕ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰਕੇ ਸਰਵਿਸ ਰੋਡ ਨੇੜੇ ਫੋਕਲ ਪੁਆਇੰਟ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਕਾਰ ’ਚ ਸਵਾਰ ਚਾਰ ਨੂੰ ਗਿ੍ਰਫ਼ਤਾਰ ਕੀਤਾ।
ਜਿੰਨਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਹਿਚਾਣ ਸੁਰੇਸ਼ ਕੁਮਾਰ ਵਾਸੀ ਜੈਦਪੁਰਾ (ਰਾਜਸਥਾਨ), ਗੌਤਮ ਸ਼ਰਮਾ ਉਰਫ਼ ਗੋਰੂ ਵਾਸੀ ਇਲਲਾਮ ਗੰਜ ਜਲੰਧਰ, ਰਜਿੰਦਰ ਮੀਨਾ ਵਾਸੀ ਭਾਵਾ (ਰਾਜਸਥਾਨ) ਤੇ ਸਰਦਾਰ ਗੁੱਜਰ ਵਾਸੀ ਪਿੰਡ ਬੀਚੇਨ (ਰਾਜਸਥਾਨ) ਦੱਸੀ। ਪੁਲਿਸ ਨੂੰ ਤਲਾਸ਼ੀ ਦੌਰਾਨ ਉਕਤ ’ਚੋਂ ਸੁਰੇਸ਼ ਕੁਮਾਰ ਕੋਲੋਂ 1 ਮੈਗਜੀਨ .32 ਬੋਰ ਪਿਸਟਲ, ਗੌਤਮ ਕੁਮਾਰ ਪਾਸੋਂ 1 ਦੇਸੀ ਪਿਸਟਲ .32 ਬੋਰ ਤੇ 1 ਮੈਗਜੀਨ, ਸਰਦਾਰ ਗੁੱਜਰ ਕੋਲੋਂ 1 ਕਿਰਚ ਲੋਹਾ ਬਰਾਮਦ ਹੋਈ।
ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’
ਇਸ ਤੋਂ ਇਲਾਵਾ ਉਕਤਾਨ ਪਾਸੋਂ ਖੋਹਸ਼ੁਦਾ ਕਾਰ ਵੀ ਬਰਾਮਦ ਕੀਤੀ ਗਈ। ਜ਼ਿਲਾ ਪੁਲਿਸ ਮੁਖੀ ਮੁਤਾਬਕ ਉਕਤਾਨ ਨੇ ਮੰਨਿਆ ਕਿ ਉਹ ਮੱਧ ਪ੍ਰਦੇਸ਼ ਤੋਂ ਅਸਲਾ ਖ੍ਰੀਦ ਕਰਦੇ ਸਨ। ਗੌਤਮ ਸ਼ਰਮਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਅਸਲਾ ਉਹ ਤਕਦੀਰ ਸਿੰਘ ਵਾਸੀ ਪਿੰਡ ਸਿੰਘਨੂਰ (ਮੱਧ ਪ੍ਰਦੇਸ਼) ਪਾਸੋਂ ਹਾਸਲਾ ਕੀਤਾ। ਜਿਸ ਪਿੱਛੋਂ ਤਕਦੀਰ ਸਿੰਘ ਨੂੰ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ ਅਤੇ ਗੌਤਮ ਸ਼ਰਮਾ ਦੀ ਨਿਸ਼ਾਨਦੇਹੀ ’ਤੇ ਤਕਦੀਰ ਸਿੰਘ ਨੂੰ ਸਿੰਘਨੂਰ ਤੋਂ ਗਿ੍ਰਫਤਾਰ ਕਰਕੇ ਉਸ ਦੇ ਕਬਜ਼ੇ ’ਚੋਂ 4 ਪਿਸਟਲ .32 ਬੋਰ ਅਤੇ 8 ਮੈਗਜੀਨ ਬਰਾਮਦ ਕੀਤੇ ਗਏ।