ਬਜਟ ਸੈਸ਼ਨ ਦੇ ਆਖਿਰੀ ਦਿਨ ਮੇਜ ਉੱਪਰ ਰੱਖੇ ਜਾਣ ‘ਤੇ ਕੀਤੀ ਨਿੰਦਾ
- ਹਾਈ ਕੋਰਟ ਤੋਂ ਕੀਤੀ ਜਾਏਗੀ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ
ਚੰਡੀਗੜ (ਅਸ਼ਵਨੀ ਚਾਵਲਾ)। ਵਿਰੋਧੀ ਧਿਰ ਦੇ ਲੀਡਰ ਖਹਿਰਾ ਨੇ ਜਸਟਿਸ (Justice Narang) ਨਾਰੰਗ ਦੀ ਰਿਪੋਰਟ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਸਟਿਸ ਨਾਰੰਗ ਦੀ ਰਿਪੋਰਟ ਰੱਦ ਕਰਨ ਅਤੇ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਲਈ ਸੁਖਪਾਲ ਖਹਿਰਾ ਜਲਦ ਹੀ ਪਟੀਸ਼ਨ ਦਾਇਰ ਕਰਨ ਜਾ ਰਹੇ ਹਨ। ਖਹਿਰਾ ਨੇ ਬਜਟ ਸੈਸ਼ਨ ਦੇ ਆਖਿਰੀ ਦਿਨ ਜਸਟਿਸ ਨਾਰੰਗ ਦੀ ਰਿਪੋਰਟ ਮੇਜ ਉੱਪਰ ਰੱਖੇ ਜਾਣ ਦੀ ਵੀ ਨਿੰਦਾ ਕੀਤੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਆਖ਼ਰੀ ਦਿਨ ਰਿਪੋਰਟ ਪੇਸ਼ ਕਰਨ ਤੋਂ ਸਿਰਫ ਇਹ ਹੀ ਸਾਬਿਤ ਹੋਇਆ ਹੈ ਕਿ ਆਲ੍ਹਾ ਕੁਰਸੀਆਂ ਉੱਪਰ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜਨ ਦੀ ਅਮਰਿੰਦਰ ਸਿੰਘ ਦੀ ਇੱਛਾ ਸ਼ਕਤੀ ਪੂਰੀ ਤਰਾਂ ਖਤਮ ਹੋ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਜਸਟਿਸ (Justice Narang) ਨਾਰੰਗ ਨੇ ਆਪਣੀ ਰਿਪੋਰਟ 10 ਅਗਸਤ 2017 ਨੂੰ ਸਰਕਾਰ ਨੂੰ ਸੌਪ ਦਿੱਤੀ ਸੀ। ਜਿਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਨੂੰ 2 ਹਫਤਿਆਂ ਵਿੱਚ ਐਕਸ਼ਨ ਲੈਣ ਲਈ ਨਿਰਦੇਸ਼ ਤੱਕ ਦਿੱਤੇ ਸਨ ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਰਿਪੋਰਟ ਉੱਪਰ ਕਾਰਵਾਈ ਕਰਨ ਦੀ ਬਜਾਏ ਸਿਆਸੀ ਦਬਾਅ ਹੇਠ ਚੀਫ ਸੈਕਟਰੀ ਨੇ ਲਗਭਗ 8 ਮਹੀਨੇ ਰਿਪੋਰਟ ਨੂੰ ਦਬਾਈ ਰੱਖਿਆ।
ਇਹ ਵੀ ਪੜ੍ਹੋ : ਬਨਵਾਰੀ ਲਾਲ ਪੁੁਰੋਹਿਤ ਦੇ ਪਲਟਵਾਰ ’ਤੇ ਹਰਪਾਲ ਚੀਮਾ ਨੇ ਦਿੱਤਾ ਜੁਆਬ
ਸੁਖਪਾਲ ਖਹਿਰਾ ਨੇ ਕਿਹਾ ਕਿ ਉਨਾਂ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਉਣ ਤੇ ਬਾਅਦ ਹੀ ਮੁੱਖ ਮੰਤਰੀ ਸਦਨ ਵਿੱਚ ਰਿਪੋਰਟ ਮੇਜ ਉੱਪਰ ਰੱਖਣ ਲਈ ਮਜਬੂਰ ਹੋ ਗਏ ਪਰ ਇਹ ਸੱਭ ਚਰਚਾ ਤੋਂ ਬਚਣ ਲਈ ਸ਼ਰਾਰਤਪੁਣੇ ਨਾਲ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਨਾਰੰਗ ਕਮਿਸ਼ਨ ਮੁੱਖ ਤੌਰ ਉੱਤੇ ਦਾਗੀ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਲਈ ਗਠਿਤ ਕੀਤਾ ਗਿਆ ਸੀ, ਕਿਉਂਕਿ ਪਿਛਲੇ ਅਨੇਕਾਂ ਸਾਲਾਂ ਤੋਂ ਰਾਣਾ ਗੁਰਜੀਤ ਕੈਪਟਨ ਅਮਰਿੰਦਰ ਸਿੰਘ ਦੀ ਆਰਥਿਕ ਫੰਡਿੰਗ ਦਾ ਮੁੱਖ ਸਰੋਤ ਰਿਹਾ ਹੈ।ਖਹਿਰਾ ਨੇ ਕਿਹਾ ਕਿ ਅਸੀ 2017 ਵਿੱਚ ਤੁਰੰਤ ਜਸਟਿਸ ਨਾਰੰਗ ਦੇ ਪੁੱਤਰ ਦੇ ਰਾਣਾ ਗੁਰਜੀਤ ਦੇ ਪਰਿਵਾਰ ਦਾ ਹਾਈ ਕੋਰਟ ਵਿੱਚ ਵਕੀਲ ਰਹਿਣ ਦਾ ਖੁਲਾਸਾ ਕੀਤਾ ਸੀ।
ਖਹਿਰਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਸੋਚ ਸਮਝ ਕੇ ਅਤੇ ਜਸਟਿਸ ਨਾਰੰਗ ਵੱਲੋਂ ਦਾਗੀ ਮੰਤਰੀ ਦੇ ਪੱਖ ਵਿੱਚ ਜਾਂਚ ਨੂੰ ਘੁਮਾਏ ਜਾਣ ਦੇ ਬਾਵਜੂਦ ਉਹ ਭ੍ਰਿਸ਼ਟ ਅਨਸਰਾਂ ਅਤੇ ਦਾਗੀ ਮੰਤਰੀ ਰਾਣਾ ਗੁਰਜੀਤ ਦੇ ਅਹਿਮ ਲਿੰਕਾਂ ਦਾ ਖੁਲਾਸਾ ਕਰ ਗਏ। ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ ਦੀ ਰਿਪੋਰਟ ਅਨੁਸਾਰ ਸਿੰਚਾਈ ਵਿਭਾਗ ਦੇ ਸਕੈਮਸਟਰ ਠੱਗ ਠੇਕੇਦਾਰ ਗੁਰਿੰਦਰ ਸਿੰਘ ਨੇ ਰਾਣਾ ਗੁਰਜੀਤ ਦੇ ਚਾਰਟਰਡ ਅਕਾਊਂਟੈਟ ਕਮ ਭਾਈਵਾਲ ਤ੍ਰਿਲੋਕੀ ਨਾਥ ਸਿੰਗਲਾ ਦੇ ਭਾਣਜੇ ਜਤਿਨ ਗਰਗ ਰਾਹੀ ਮੈਸਰਜ਼ ਰਾਜਬੀਰ ਇੰਟਰਪ੍ਰਾਈਸਸ ਦੇ ਖਾਤੇ ਵਿੱਚ 5 ਕਰੋੜ ਰੁਪਏ ਪਾਏ ਸਨ।ਖਹਿਰਾ ਨੇ ਕਿਹਾ ਕਿ ਸਿੱਧੇ ਸ਼ਬਦਾਂ ਵਿੱਚ ਉਸ ਵੇਲੇ ਦੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਨੇ ਰਿਸ਼ਵਤ ਵਜੋਂ 5 ਕਰੋੜ ਰੁਪਏ ਦੇਣ ਲਈ ਸਕੈਮਸਟਰ ਠੇਕੇਦਾਰ ਗੁਰਿੰਦਰ ਸਿੰਘ ਦੀਆਂ ਬਾਹਾਂ ਮਰੋੜੀਆਂ।