ਸੁਰਖੀਆਂ ਬਟੋਰਨ ਲਈ ਖਹਿਰਾ ਹਮੇਸ਼ਾ ਝੂਠ ਬੋਲਦੈ : ਅਮਰਿੰਦਰ

Khaira will always lie for headlines: Amarinder

ਮੁੱਖ ਮੰਤਰੀ ਵੱਲੋਂ ਆਪ ਦੇ ਸਾਬਕਾ ਲੀਡਰ ਨੂੰ ਸਰਕਾਰ ਤੇ ਉਨਾਂ ਖਿਲਾਫ ਇਕ ਵੀ ਦੋਸ਼ ਸਿੱਧ ਕਰਨ ਦੀ ਚੁਣੌਤੀ

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ੍ਹਾਂ ਉਪਰ ਕੇਂਦਰ ਸਰਕਾਰ ਦੀ ਲੀਹ ‘ਤੇ ਚੱਲਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਲੀਡਰ ਅਜਿਹੇ ਝੂਠੇ ਇਲਜ਼ਾਮ ਘੜ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨ ਲਈ  ਤੜਫ਼ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂਂ ਬੇਇੱਜ਼ਤ ਕਰਕੇ ਕੱਢੇ ਜਾਣ ਤੋਂ ਬਾਅਦ ਖਹਿਰਾ ਹੁਣ ਜਨਤਕ ਤੌਰ ‘ਤੇ ਸ਼ੋਹਰਤ ਖੱਟਣ ਲਈ ਹਰੇਕ ਤਰ੍ਹਾਂ ਦੀ ਚਾਲ ਚੱਲ ਰਿਹਾ ਹੈ। ਉਨ੍ਹਾਂ ਨੇ ਖਹਿਰਾ ਨੂੰ ਉਨ੍ਹਾਂ ਖਿਲਾਫ਼ ਜਾਤੀ ਤੌਰ ‘ਤੇ ਅਤੇ ਸੂਬਾ ਸਰਕਾਰ ਖਿਲਾਫ਼ ਲਾਏ ਦੋਸ਼ਾਂ ਵਿੱਚੋਂ ਇੱਕ ਨੂੰ ਵੀ ਸਿੱਧ ਕਰਕੇ ਦਿਖਾਉਣ ਜਾਂ ਫਿਰ ਸਿਆਸਤ ਤੋਂ ਕਿਨਾਰਾ ਕਰ ਲੈਣ ਦੀ ਚੁਣੌਤੀ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਬਾਰੇ ਖਹਿਰਾ ਦੇ ਬਿਆਨ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਜੋ ਉਹ ਉਭਾਰ ਰਿਹਾ ਹੈ, ਉਸ ਤੋਂ ਉਲਟ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਵਾਧੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਸੂਬਾ ਸਰਕਾਰ ਨੇ ਸੂਬੇ ਦੇ ਨਵੇਂ ਪੁਲੀਸ ਮੁਖੀ ਲਈ ਆਪਣਾ ਪੈਨਲ ਭੇਜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਇਸ਼ਾਰੇ ‘ਤੇ ਸ੍ਰੀ ਅਰੋੜਾ ਨੂੰ ਵਾਧਾ ਦਿੱਤੇ ਜਾਣ ਦਾ ਸਵਾਲ ਕਿੱਥੋਂ ਪੈਦਾ ਹੋ ਗਿਆ।
ਖਹਿਰਾ ਵੱਲੋਂ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀਆਂ (ਜੋ ਕੇਂਦਰ ਵਿੱਚ ਭਾਜਪਾ ਦੇ ਭਾਈਵਾਲ ਹਨ) ਦੇ ਆਪਸ ਵਿੱਚ ਰਲੇ ਹੋਣ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਵਿੱਚ ਉਸ ਵੇਲੇ ਖਹਿਰਾ ਵੀ ਸ਼ਾਮਲ ਹੁੰਦਾ ਸੀ, ਨੇ ਸਾਲ 2017 ਦੀਆਂ ਵਿਧਾਨ ਸਭਾ ਦੀ ਚੋਣ ਮੁਹਿੰਮ ਦੌਰਾਨ ਵੀ ਅਜਿਹੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਮੂੰਹ ਦੀ ਖਾਣੀ ਪਈ ਸੀ। ਉਨਾਂ ਕਿਹਾ ਕਿ ਉਸ ਵੇਲੇ ਅਜਿਹੇ ਹੱਥਕੰਡੇ ਅਪਨਾਉਣ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪਿਆ ਸੀ ਅਤੇ ਹੁਣ ਖਹਿਰਾ ਦੀ ਪਾਰਟੀ ਵੀ ਭੁਗਤੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here