ਕੇਜਰੀਵਾਲ ਤੇ ਮਾਨ ਨੇ ਪੰਜਾਬੀਆਂ ਲਈ ਕਰਤੇ ਵੱਡੇ ਐਲਾਨ

Bhagwant Mann

ਕੇਜਰੀਵਾਲ ਤੇ ਮਾਨ ਨੇ ਸਨਅੱਤਕਾਰਾਂ ਨੂੰ ਬਿਨਾਂ ਕਿਸੇ ਭੈਅ ਦੇ ਕੰਮ ਕਰਨ ਦਾ ਦਿੱਤਾ ਸੱਦਾ

  • ਮਾਨ ਸਰਕਾਰ ਨੇ ਸੂਬੇ ਤੋਂ ਉਦਯੋਗ ਦੇ ਹਿਜਰਤ ਕਰਨ ਦੇ ਰੁਝਾਨ ਨੂੰ ਪੁੱਠਾ ਮੋੜ ਦਿੱਤਾ : ਕੇਜਰੀਵਾਲ

(ਸੱਚ ਕਹੂੰ ਨਿਊਜ) ਲੁਧਿਆਣਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਇੱਥੇ ‘ਸਰਕਾਰ-ਸਨਅਤਕਾਰ ਮਿਲਣੀ’ ਕੀਤੀ। ਇਸ ਦੌਰਾਨ ਜਿੱਥੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਲਾਹਿਆ ਉਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਨਅਤਕਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨਾਂ ਕਿਸੇ ਭੈਅ ਦੇ ਕੰਮ ਕਰਨ ਸਰਕਾਰ ਜਾਂ ਕੋਈ ਲੀਡਰ-ਅਫ਼ਸਰ ਉਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ।

ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾ ਸਦਕਾ ਹੁਣ ਪੰਜਾਬ ਵਿੱਚੋਂ ਦੂਜੇ ਸੂਬਿਆਂ ’ਚ ਇੰਡਸਟਰੀ ਦੇ ਹਿਜਰਤ ਕਰਨ ਦੇ ਰੁਝਾਨ ਨੇ ਪੁੱਠਾ ਮੋੜ ਲੈਣਾ ਸ਼ੁਰੂ ਕਰ ਦਿੱਤਾ ਹੈ। ਉਦਯੋਗਿਕ ਯੂਨਿਟ ਸੂਬੇ ਵਿੱਚ ਸ਼ਿਫਟ ਹੋਣ ਲੱਗੇ ਹਨ। ਜਿਸ ਦੇ ਤਹਿਤ ਪਿਛਲੇ ਕੁਝ ਮਹੀਨਿਆਂ ’ਚ ਹੀ 450 ਉਦਯੋਗ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਸ਼ਿਫਟ ਹੋ ਚੁੱਕੇ ਹਨ ਜੋ ਮੁੱਖ ਮੰਤਰੀ ਮਾਨ ਦੀ ਸਖਤ ਮਿਹਨਤ ਦਾ ਨਤੀਜਾ ਹੈ ਜੋ ਹਰੇਕ ਖੇਤਰ ਵਿੱਚ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਮਾਨ ਸਰਕਾਰ ਨੂੰ ਸੱਤਾ ’ਚ ਆਉਣ ’ਤੇ ਉਦਯੋਗਿਕ ਖੇਤਰ ’ਚ ਅਜਿਹਾ ਮਾਹੌਲ ਮਿਲਿਆ ਸੀ ਜਿੱਥੇ ਉਦਯੋਗ ਦੂਜੇ ਸੂਬਿਆਂ ਵਿੱਚ ਸ਼ਿਫਟ ਹੋ ਰਿਹਾ ਹੈ।

ਸੂਬੇ ਵਿਚ ਰੋਜ਼ਗਾਰ ਦੇ 2.25 ਲੱਖ ਮੌਕੇ ਪੈਦਾ ਹੋਣਗੇ

ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਹਕੂਮਤ ਦੌਰਾਨ ਉਦਯੋਗਪਤੀ ਫਿਰੌਤੀ ਮੰਗਣ ਦੇ ਸਿਸਟਮ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਸਨ। ਉਨਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਨਅਤੀ ਖੇਤਰ ਵਿੱਚ ਦੇਸ਼ ਭਰ ਵਿੱਚੋਂ ਸਿਰਫ ਪੰਜਾਬੀ ਹੀ ਚੀਨ ਦੀ ਇਜਾਰੇਦਾਰੀ ਤੋੜ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬੀ ਸਨਅਤਕਾਰਾਂ ਦਾ ਕਿਸੇ ਹੋਰ ਸੂਬਾ ਨਾਲ ਕੋਈ ਮੁਕਾਬਲਾ ਨਹੀਂ ਸਗੋਂ ਉਨਾਂ ਨੂੰ ਉਦਯੋਗਿਕ ਤਰੱਕੀ ’ਚ ਚੀਨ ਨੂੰ ਪਛਾੜਣ ਲਈ ਯਤਨ ਕਰਨੇ ਚਾਹੀਦੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਸੰਜੀਦਾ ਯਤਨਾਂ ਸਦਕਾ ਪੰਜਾਬ ’ਚ 50840 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਸਰਕਾਰ ਦੇ ਇਸ ਉਪਰਾਲੇ ਨਾਲ ਸੂਬੇ ਵਿਚ ਰੋਜ਼ਗਾਰ ਦੇ 2.25 ਲੱਖ ਮੌਕੇ ਪੈਦਾ ਹੋਣਗੇ। ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਹੁਣ ਤੱਕ ਦੇ ਸਭ ਤੋਂ ਕਾਬਲ ਤੇ ਬਿਹਤਰ ਮੁੱਖ ਮੰਤਰੀ ਹਨ ਕਿਉਂ ਜੋ ਸੂਬਾ ਹਰੇਕ ਸੈਕਟਰ ਵਿੱਚ ਤਰੱਕੀ ਕਰ ਰਿਹਾ ਹੈ।

ਸਰਕਾਰ ਨੇ ਨੀਤੀ ਬਣਾ ਦਿੱਤੀ ਹੈ, ਇਸਤੇਮਾਲ ਕਰੋ, ਲੋੜ ਪਈ ਤਾਂ ਬਦਲਾਅ ਫ਼ਿਰ ਵੀ ਕਰ ਲਵਾਂਗੇ : ਮਾਨ (Bhagwant Mann)

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਕਿਹਾ ਕਿ ਸਰਕਾਰ ਵੱਲੋਂ ਜੋ ਪਾਲਿਸੀ ਲਿਆਂਦੀ ਗਈ ਹੈ ਇਹ ਕੋਈ ਪੱਥਰ ’ਤੇ ਲੀਕ ਨਹੀਂ। ਸ਼ਨਅੱਤਕਾਰਾਂ ਵੱਲੋਂ ਬਾਅਦ ’ਚ ਦਿੱਤੇ ਗਏ ਚੰਗੇ ਤੇ ਵਾਜਬ ਸੁਝਾਅ ਮੁਤਾਬਿਕ ਇਸ ’ਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਸਰਕਾਰ ਦੀ ਭਾਵਨਾ ਸ਼ਨਅੱਤਕਾਰਾਂ ਪ੍ਰਤੀ ਕੋਈ ਮਾੜੀ ਨਹੀਂ। ਉਨਾਂ ਕਿਹਾ ਕਿ ਸੂਬੇ ਭਰ ਦੇ ਫੋਕਲ ਪੁਆਇੰਟਾਂ ਅਤੇ ਸਮੁੱਚੇ ਇੰਡਸਟਰੀਅਲ ਸੈਕਟਰ ਦੀਆਂ ਸੜਕਾਂ ਅਜਿਹੀਆਂ ਬਣਾ ਦਿੱਤੀਆਂ ਜਾਣਗੀਆਂ ਤਾਂ ਜੋ ਅਗਲੇ 15 ਸਾਲ ਉਨਾਂ ਨੂੰ ਬਣਾਉਣ ਦੀ ਲੋੜ ਨਹੀਂ ਪਵੇਗੀ। ਉਨਾਂ ਸ਼ਨਅੱਤਕਾਰਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਨਅੱਤੀ ਖੇਤਰ ਅੰਦਰ ਪੁਲਿਸ ਚੌਕੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਲੁਧਿਆਣਾ ਨੂੰ 6 ਪੁਲਿਸ ਚੌਕੀਆਂ ਦਿੱਤੀਆਂ ਗਈਆਂ ਹਨ। ਜਿਸ ਦਾ ਨੋਟੀਫਿਕੇਸ਼ਨ ਹਫ਼ਤੇ ਭਰ ’ਚ ਹੀ ਹੋ ਜਾਵੇਗਾ।

ਇਹ ਵੀ ਪੜ੍ਹੋ : ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪੰਜ ਤੱਤਾਂ ‘ਚ ਵਿਲੀਨ, ਪੁੱਤ ਨੇ ਫੌਜ ਦੀ ਵਰਦੀ ਪਾ ਕੇ ਦਿੱਤੀ ਪਿਤਾ ਨੂੰ ਵਿਦਾਈ

ਉਨਾਂ ਕਿਹਾ ਕਿ ਸਰਕਾਰ ਵੱਲੋਂ ਲੇਬਰ ਵਾਸਤੇ ਅਣਅਧਿਕਾਰਤ ਕਲੋਨੀ ’ਚ ਵੀ ਬਿਜਲੀ ਦੇ ਮੀਟਰ ਤੇ ਸੀਵਰੇਜ ਦੇ ਕੁਨੈਕਸ਼ਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕਿਉਂਕਿ ਸਰਕਾਰ ਦੀ ਮਨਸ਼ਾ ਹਰ ਘਰ, ਹਰ ਵਿਅਕਤੀ ਨੂੰ ਹਰ ਸਹੂਲਤ ਦੇਣ ਦੀ ਹੈ। ਇਸ ਦੇ ਨਾਲ ਹੀ ਸ਼ਨਅੱਤਕਾਰਾਂ ਨੂੰ ਬੇਸਮੈਂਟ ਆਦਿ ਬਣਾਉਣ ਲਈ ਵੀ ਸਮੁੱਚੀਆਂ ਅੜਚਣਾ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਹੁਣ ਤੁਹਾਡੇ ਵੱਲੋਂ ਦਿੱਤੀ ਗਈ ਅਪਲਾਈ ਕਰਨ ਤੋਂ ਬਾਅਦ ਮੰਨ ਲਿਆ ਜਾਵੇਗਾ ਕਿ ਤੁਹਾਨੂੰ ਬੇਸਮੈਂਟ ਬਣਾਉਣ ਦੀ ਆਗਿਆ ਲਈ ਹੋਈ ਹੈ। ਉਨਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਇੰਡਸਟਰੀ ਨੂੰ ਇੰਡਸਰਟਰੀ ਹੀ ਚਲਾਏ। ਨਾ ਕਿ ਲੀਡਰ ਜਾਂ ਅਫ਼ਸਰਸ਼ਾਹੀ। ਜਿਹੜੇ ਦੋਵੇਂ ਹੀ ਨੋਟਿਸ ਕੱਢ ਕੱਢ ਕੇ ਇੰਡਸਟਰੀ ਨੂੰ ਚੂਸਦੇ ਹਨ।