Bengaluru: RCB ਭਗਦੜ ਮਾਮਲੇ ’ਚ ਕਰਨਾਟਕ ਸਰਕਾਰ ਦਾ ਵੱਡਾ ਫੈਸਲਾ

Bengaluru New Cricket Stadium
Bengaluru: RCB ਭਗਦੜ ਮਾਮਲੇ ’ਚ ਕਰਨਾਟਕ ਸਰਕਾਰ ਦਾ ਵੱਡਾ ਫੈਸਲਾ

ਸਪੋਰਟਸ ਡੈਸਕ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੰਗਲੁਰੂ ਨੇੜੇ ਇੱਕ ਨਵਾਂ ਕ੍ਰਿਕੇਟ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਟੇਡੀਅਮ ’ਚ ਇੱਕੋ ਸਮੇਂ 80 ਹਜ਼ਾਰ ਦਰਸ਼ਕ ਮੈਚ ਵੇਖ ਸਕਣਗੇ। ਦਰਸ਼ਕਾਂ ਦੀ ਸਮਰੱਥਾ ਦੇ ਲਿਹਾਜ਼ ਨਾਲ, ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਹੋਵੇਗਾ। ਸਿੱਧਰਮਈਆ ਨੇ ਸੂਰਿਆ ਸਿਟੀ, ਬੋਮਾਸੰਦਰਾ ’ਚ ਇੱਕ ਸਟੇਡੀਅਮ ਲਈ ਕਰਨਾਟਕ ਹਾਊਸਿੰਗ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 1650 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਇਹ ਖਬਰ ਵੀ ਪੜ੍ਹੋ : Punjab News: ਕੇਂਦਰੀ ਮਾਡਰਨ ਜ਼ੇਲ੍ਹ ਪ੍ਰਸ਼ਾਸਨ ਦਾ ਅਹਿਮ ਉਪਰਾਲਾ, ਪੜ੍ਹੋ ਤੇ ਜਾਣੋ

ਨਵਾਂ ਸਟੇਡੀਅਮ ਮੌਜ਼ੂਦਾ ਐਮ ਚਿੰਨਾਸਵਾਮੀ ਸਟੇਡੀਅਮ ਤੋਂ 22 ਕਿਲੋਮੀਟਰ ਦੂਰ ਹੈ। ਇਸ ਨੂੰ ਬਣਾਉਣ ਦਾ ਫੈਸਲਾ ਰਾਇਲ ਚੈਲੇਂਜਰਜ਼ ਬੰਗਲੌਰ ਦੇ ਜਿੱਤ ਦੇ ਜਸ਼ਨ ਦੌਰਾਨ ਹੋਈ ਭਗਦੜ ਤੋਂ ਬਾਅਦ ਲਿਆ ਗਿਆ ਹੈ। ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਟਰਾਫੀ ਜਿੱਤੀ। ਇਸ ਜਿੱਤ ਦਾ ਜਸ਼ਨ ਮਨਾਉਣ ਲਈ, 4 ਜੂਨ ਨੂੰ ਚਿੰਨਾਸਵਾਮੀ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ’ਚ ਭਗਦੜ ਮਚੀ ਅਤੇ 11 ਲੋਕਾਂ ਦੀ ਜਾਨ ਚਲੀ ਗਈ।

100 ਏਕੜ ’ਚ ਬਣਾਇਆ ਜਾਵੇਗਾ ਸਟੇਡੀਅਮ

1,650 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦੀ ਪੂਰੀ ਲਾਗਤ ਕਰਨਾਟਕ ਹਾਊਸਿੰਗ ਬੋਰਡ ਵੱਲੋਂ ਸਹਿਣ ਕੀਤੀ ਜਾਵੇਗੀ। ਇਸ ਵਿੱਚ ਨਾ ਸਿਰਫ਼ ਇੱਕ ਕ੍ਰਿਕੇਟ ਮੈਦਾਨ ਹੋਵੇਗਾ, ਸਗੋਂ ਅੱਠ ਇਨਡੋਰ ਤੇ ਅੱਠ ਆਊਟਡੋਰ ਖੇਡਾਂ, ਇੱਕ ਆਧੁਨਿਕ ਜਿਮ, ਸਿਖਲਾਈ ਕੇਂਦਰ, ਸਵੀਮਿੰਗ ਪੂਲ, ਗੈਸਟ ਹਾਊਸ, ਹੋਸਟਲ, ਹੋਟਲ ਤੇ ਅੰਤਰਰਾਸ਼ਟਰੀ ਸਮਾਗਮਾਂ ਲਈ ਇੱਕ ਕਨਵੈਨਸ਼ਨ ਹਾਲ ਵੀ ਹੋਵੇਗਾ। ਇਹ ਸਟੇਡੀਅਮ ਬੰਗਲੁਰੂ ’ਚ ਬੀਸੀਸੀਆਈ ਦੀ ਨਵੀਂ ਰਾਸ਼ਟਰੀ ਕ੍ਰਿਕੇਟ ਅਕੈਡਮੀ (ਐਨਸੀਏ) ਵਾਂਗ ਬਣਾਇਆ ਜਾ ਸਕਦਾ ਹੈ।

ਵੱਡੇ ਸਮਾਗਮਾਂ ਲਈ ਢੁਕਵਾਂ ਨਹੀਂ ਹੈ ਐਮ. ਚਿੰਨਾਸਵਾਮੀ

ਬੰਗਲੁਰੂ ਭਗਦੜ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਜੌਨ ਮਾਈਕਲ ਕੁਨਹਾ ਕਮਿਸ਼ਨ ਨੇ ਕਿਹਾ ਸੀ ਕਿ ਐਮ. ਚਿੰਨਾਸਵਾਮੀ ਸਟੇਡੀਅਮ, ਜਿਸ ’ਚ 32,000 ਦਰਸ਼ਕਾਂ ਦੀ ਸਮਰੱਥਾ ਹੈ ਤੇ ਸਿਰਫ 17 ਏਕੜ ਵਿੱਚ ਫੈਲਿਆ ਹੋਇਆ ਹੈ, ਵੱਡੇ ਸਮਾਗਮਾਂ ਲਈ ਢੁਕਵਾਂ ਨਹੀਂ ਹੈ। ਕਮਿਸ਼ਨ ਨੇ ਸਲਾਹ ਦਿੱਤੀ ਸੀ ਕਿ ਅਜਿਹੇ ਮੈਚ ਵਧੇਰੇ ਜਗ੍ਹਾ ਤੇ ਬਿਹਤਰ ਸਹੂਲਤਾਂ ਅਤੇ ਪਾਰਕਿੰਗ ਵਾਲੀਆਂ ਥਾਵਾਂ ’ਤੇ ਕਰਵਾਏ ਜਾਣੇ ਚਾਹੀਦੇ ਹਨ।

ਬੰਗਲੁਰੂ ’ਚ ਭਗਦੜ ’ਚ 11 ਲੋਕਾਂ ਦੀ ਹੋਈ ਸੀ ਮੌਤ

ਜੂਨ ’ਚ ਚਿੰਨਾਸਵਾਮੀ ਸਟੇਡੀਅਮ ’ਚ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਦੀ ਆਈਪੀਐਲ ਜਿੱਤ ਦੇ ਜਸ਼ਨ ਦੌਰਾਨ ਸਟੇਡੀਅਮ ਦੇ ਆਲੇ-ਦੁਆਲੇ ਭਗਦੜ ਨੇ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।