ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਕਰਮ ਕਮਾਉਣ ਵਾਲ...

    ਕਰਮ ਕਮਾਉਣ ਵਾਲੇ ਬਨਾਮ ਟਰਕਾਉਣ ਵਾਲੇ

    Work from Heart

    ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ। ਸਰੀਰ ਦੇ ਅੰਗਾਤਮਕ ਪੱਖ ਨੂੰ ਸਨਮੁੱਖ ਰੱਖ ਕੇ ਦਾਨਸ਼ਮੰਦਾਂ ਵੱਲੋਂ ਦਿੱਤੀ ਗਈ ਇਹ ਦਲੀਲ ਕੇਵਲ ਉਂਗਲਾਂ ਤੱਕ ਹੀ ਸੀਮਤ ਨਹੀਂ ਸਗੋਂ ਇਹ ਮਾਨਵੀ ਵਿਹਾਰ ਵਿਚਲੀ ਅਬਰਾਬਰਤਾ ਵੱਲ ਵੀ ਇਸ਼ਾਰਾ ਕਰਦੀ ਹੈ।

    ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ਬਣਾਵਟ ਅਤੇ ਸੁਭਾਅ ਇੱਕ-ਦੂਸਰੇ ਨਾਲ ਮੇਲ ਨਹੀਂ ਖਾਂਦੇ ਉਸੇ ਤਰ੍ਹਾਂ ਹੀ ਉਸ ਦੁਆਰਾ ਕੀਤਾ ਜਾਂਦਾ ਵਿਹਾਰ ਵੀ ਭਿੰਨਤਾ ਭਰਪੂਰ ਹੁੰਦਾ ਹੈ। ਕਿਸੇ ਵਿਅਕਤੀ ਦਾ ਵਿਹਾਰ ਹਾਂ-ਪੱਖੀ ਤੇ ਸੁਖਾਵਾਂ ਅਤੇ ਕਿਸੇ ਦਾ ਨਾਂਹ-ਪੱਖੀ ਅਤੇ ਦੁਖਾਵਾਂ ਹੁੰਦਾ ਹੈ। ਇਸ ਤਰ੍ਹਾਂ ਦੇ ਹੀ ਦੋ ਵੱਖ-ਵੱਖ (ਇੱਕ ਨਾਂਹ-ਪੱਖੀ ਅਤੇ ਦੂਸਰਾ ਹਾਂ-ਪੱਖੀ) ਵਿਹਾਰ ਮੈਨੂੰ ਬੀਤੇ ਦਿਨੀਂ ਸਰਕਾਰ ਦੇ ਦਫ਼ਤਰਾਂ ਵਿਚ ਦੇਖਣ ਨੂੰ ਮਿਲੇ। ਇਨ੍ਹਾਂ ਵਿਚੋਂ ਇੱਕ ਅਤਿ ਰੱੁਖਾ ਅਤੇ ਦੂਜਾ ਅਤਿ ਮਿੱਠਾ ਰਿਹਾ।

    ਇਨ੍ਹਾਂ ਦੋਵਾਂ ਵਿਚੋਂ ਨਾਂਹ-ਪੱਖੀ ਵਿਹਾਰ ਦਾ ਪ੍ਰਸੰਗ ਇਸ ਤਰ੍ਹਾਂ ਹੈ:-

    ਇਸ ਵਾਰ ਦਾ ਮੇਰਾ ਬਿਜਲੀ ਦਾ ਬਿੱਲ (ਘਰੇਲੂ) ਖ਼ਪਤ ਨਾਲੋਂ ਕੁਝ ਵਧੇਰੇ ਆ ਗਿਆ ਜਿਸ ਨੂੰ ਪੜ੍ਹ ਕੇ ਮਨ ਚਿੰਤਤ ਹੋ ਗਿਆ। ਸਿਆਣੇ ਕਹਿੰਦੇ ਨੇ ਚਿੰਤਾ ਚਿਖਾ ਸਮਾਨ ਹੁੰਦੀ ਹੈ। ਸੋ ਜਿਉਂਦੇ ਜੀ ਚਿਖਾ ਵਿਚ ਪੈਣ ਨਾਲੋਂ ਚੰਗਾ ਸੀ ਕਿ ਇਸ ਚਿੰਤਾ ਨੂੰ ਮਿਟਾਇਆ ਜਾਂ ਕੁੱਝ ਘਟਾਇਆ ਜਾ ਸਕੇ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਮੈਂ ਬਿਜਲੀ ਬੋਰਡ ਦੇ ਵੱਡੇ ਦਫ਼ਤਰ ਵਿਚ ਚਲਾ ਗਿਆ। ਸਮਾਂ ਸਵਾ ਕੁ ਤਿੰਨ ਵਜੇ ਦਾ ਸੀ। ਜਦੋਂ ਮੈਂ ਸਬੰਧਤ ਕਰਮਚਾਰੀ ਕੋਲ ਪਹੁੰਚ ਕੇ ਫ਼ਰਿਆਦੀ ਹੋਇਆ ਤਾਂ ਉਸ ਨੇ ਬਿਨਾ ਪੂਰੀ ਗੱਲ ਸੁਣਿਆਂ ਹੀ ਕੱਲ੍ਹ ਨੂੰ ਆਉਣ ਲਈ ਕਹਿ ਦਿੱਤਾ।

    ‘‘ਕਿਉਂ! ਕੀ ਗੱਲ ਜੀ, ਦਫ਼ਤਰ ਦਾ ਟਾਈਮ 5 ਵਜੇ ਤੱਕ ਦਾ ਨਹੀਂ ਹੁੰਦਾ?’’

    ‘‘ਟਾਈਮ ਤਾਂ ਪੰਜ ਵਜੇ ਦਾ ਹੀ ਹੈ ਪਰ ਪਬਲਿਕ ਡੀਲਿੰਗ ਸਿਰਫ਼ ਤਿੰਨ ਵਜੇ ਤੱਕ ਹੀ ਕੀਤੀ ਜਾਂਦੀ ਹੈ।’’
    ‘‘ਪਰ ਮੈਂ ਤਾਂ ਕਿਸੇ ਦੇ ਅਧੀਨ ਕੰਮ ਕਰਦਾ ਹਾਂ, ਬੜੀ ਮੁਸ਼ਕਲ ਨਾਲ ਅੱਜ ਵਾਸਤੇ ਅੱਧੇ ਕੁ ਘੰਟੇ ਦੀ ਛੁੱਟੀ ਲਈ ਹੈ।’’ ਆਪਣੀ ਮਜ਼ਬੂਰੀ ਬਿਆਨਦਿਆਂ ਮੈਂ ਇੱਕ ਤਰਲਾ ਜਿਹਾ ਲਿਆ। ‘‘ਪਰ ਹੁਣ ਤਾਂ ਸਭ ਕੁੱਝ ਕਲੋਜ਼ ਹੋ ਚੁੱਕਾ ਹੈ, ਕੱਲ੍ਹ ਹੀ ਆਉਣਾ ਪਵੇਗਾ।’’ ਕਲਰਕ ਸਾਹਿਬ ਆਕੜ ਗਿਆ। ਕੋਈ ਪੇਸ਼ ਨਾ ਜਾਂਦੀ ਦੇਖ ਕੇ ਮਨ ਵਿਚ ਆਇਆ ਕਿ ਚੱਲੋ ਕਿਸੇ ਵੱਡੇ ਅਫ਼ਸਰ ਨੂੰ ਬੇਨਤੀ ਕਰਕੇ ਦੇਖਦੇ ਹਾਂ ਸ਼ਾਇਦ ਉਸ ਦੇ ਹੀ ਮਨ ਮੇਹਰ ਪੈ ਜਾਵੇ ਅਤੇ ਮੈਂ ਐਸ.ਡੀ.ਓ. ਸਾਹਿਬ ਦੇ ਕਮਰੇ ਵਿਚ ਚਲਾ ਗਿਆ।

    ਉਮੀਦ ਦੀ ਤੰਦ ਵਿਚਾਲੇ (Work from Heart)

    ਜਦੋਂ ਸਾਹਿਬ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਆਪਣੇ ਤੇ ਕਲਰਕ ਵਿਚਲੀ ਸਾਰੀ ਗੱਲ ਕਹਿ ਸੁਣਾਈ। ਐਸ.ਡੀ.ਓ ਸਾਹਿਬ ਮੇਰੇ ਨਾਲੋਂ ਕਲਰਕ ਦੇ ਕਿਤੇ ਵੱਧ ਨੇੜੇ ਸੀ, ਇਸ ਲਈ ਉਸ ਨੇ ਆਪਣੇ ਮੁਲਾਜ਼ਮ ਦੀ ਹੀ ਪਿੱਠ ਥਾਪੜੀ ਅਤੇ ਮੈਨੂੰ ਕੱਲ੍ਹ ਨੂੰ ਆਉਣ ਲਈ ਕਹਿ ਕੇ ਆਪਣਾ ਪੱਲਾ ਛੁਡਾ ਲਿਆ। ਉਮੀਦ ਦੀ ਤੰਦ ਵਿਚਾਲੇ ਟੁੱਟ ਜਾਣ ਕਾਰਨ ਮੈਂ ਦਫ਼ਤਰ ਵਿਚੋਂ ਬਾਹਰ ਆ ਗਿਆ। ਵਾਪਸੀ ਦਾ ਸਫ਼ਰ ਤੈਅ ਕਰਦੇ ਸਮੇਂ ਮੈਂ ਅਮਰੀਕੀ ਬਾਪੂ (ਸਵਰਗਵਾਸੀ) ਲਿੰਕਨ ਨੂੰ ਉਲਾਂਭਾ ਦੇ ਰਿਹਾ ਸੀ- ਬਾਪੂ ਤੂੰ ਤਾਂ ਕਹਿ ਕਿ ਗਿਆ ਸੀ ਲੋਕਤੰਤਰ ਵਿਚ ਲੋਕਾਈ ਦਾ ਬੋਲਬਾਲਾ ਹੋਵੇਗਾ ਭਾਵ ਲੋਕਾਂ ਦੀ ਸਰਕਾਰ ਲੋਕਾਂ ਲਈ ਹੋਵੇਗੀ ਪਰ ਇੱਥੇ ਤਾਂ ਨੌਕਰਸ਼ਾਹੀ ਹੀ ਪੈਰ ਨਹੀਂ ਲੱਗਣ ਦਿੰਦੀ।

    ਮੇਰਾ ਇਹ ਉਲਾਂਭਾ ਲਿੰਕਨ ਤੱਕ ਪਹੁੰਚਿਆ ਜਾਂ ਨਹੀਂ ਇਸ ਬਾਰੇ ਤਾਂ ਦਾਅਵੇ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਕੁੱਝ ਦਿਨ ਬਾਅਦ ਇੱਕ ਹੋਰ ਸਰਕਾਰੀ ਮੁਲਾਜ਼ਮ ਨਾਲ ਵਾਹ ਪੈ ਗਿਆ ਜਿਸ ਦਾ ਪ੍ਰਭਾਵ ਬਹੁਤ ਹੀ ਮਿੱਠਾ ਤੇ ਸੁਖਦਾਈ ਹੋਣ ਦੇ ਨਾਲ-ਨਾਲ ਚਿਰਸਥਾਈ ਵੀ ਰਹੇਗਾ।

    ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਦੁਪਹਿਰ ਤੋਂ ਬਾਅਦ ਮੈਨੂੰ ਕਿਸੇ ਜ਼ਰੂਰੀ ਕੰਮ ਦੇ ਸਿਲਸਿਲੇ ਵਿਚ ਮਹਾਂਨਗਰ ਦੀ ਪੁਲਿਸ ਲਈਨ ਵਿਚ ਜਾਣਾ ਪੈ ਗਿਆ। ਜਦੋਂ ਮੈਂ ਆਪਣੇ ਵਿਸ਼ੇ ਨਾਲ ਸਬੰਧਤ ਅਧਿਕਾਰੀ ਨੂੰ ਮਿਲਿਆ ਤਾਂ ਉਸ ਨੇ ਮੈਨੂੰ ਲਿਖਤੀ ਰੂਪ ਵਿਚ ਬੇਨਤੀ ਕਰਨ ਨੂੰ ਕਿਹਾ। ਆਪਣੀ ਬੇਨਤੀ ਨੂੰ ਲਿਖਤੀ ਰੂਪ ਦੇ ਕੇ ਜਦੋਂ ਉਸ ਦੇ ਹੱਕ ਵਿਚ ਮੈਂ ਦਸਤਾਵੇਜ਼ ਨੱਥਣ ਲੱਗਾ ਤਾਂ ਉਨ੍ਹਾਂ ਵਿਚੋਂ ਇੱਕ ਦੀ ਨਕਲ ਘਟ ਗਈ। ਫੋਟੋ ਕਾਪੀ ਕਰਨ ਵਾਲੀ ਦੁਕਾਨ ਇਸ ਲਾਈਨ ਤੋਂ ਕਾਫੀ ਦੂਰ ਸੀ ਤੇ ਦਫ਼ਤਰ ਦਾ ਛੁੱਟੀ ਦਾ ਸਮਾਂ ਵੀ ਨੇੜੇ ਲੱਗਣ ਵਾਲਾ ਸੀ।

    ਇਸ ਘਾਟ ਦੀ ਪੂਰਤੀ ਲਈ ਮੈਂ ਦਫ਼ਤਰ ਦੇ ਨਾਲ ਵਾਲੇ ਕਮਰੇ ਵਿਚ ਬੈਠੇ ਇੱਕ ਪੁਲਿਸ ਮੁੁੁੁੁੁੁਲਾਜ਼ਮ ਕੋਲ ਇਹ ਸੋਚ ਕੇ ਚਲਾ ਗਿਆ ਕਿ ਸ਼ਾਇਦ ਇਸ ਕੋਲ ਫੋਟੋ-ਸਟੇਟ ਕਰਨ ਵਾਲੀ ਸਰਕਾਰੀ ਮਸ਼ੀਨ ਹੀ ਹੋਵੇ। ਉਸ ਵਕਤ ਉਹ ਆਪਣੇ ਕਮਰੇ ਵਿਚ ਇਕੱਲਾ ਹੀ ਬੈਠਾ ਹੋਇਆ ਸੀ। ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਕਿਹਾ- ‘‘ਭਾਜੀ! ਫ਼ੋਟੋ ਕਾਪੀ ਵਾਲੀ ਮਸ਼ੀਨ ਹੈਗੀ ਭਲਾ?’’ ‘‘ਨਹੀਂ ਮਸ਼ੀਨ ਤਾਂ ਨਹੀਂ ਹੈ।’’
    ਉਸ ਦਾ ਨਾਂਹਵਾਚਕ ਜੁਆਬ ਸੁਣ ਕੇ ਜਦੋਂ ਮੈਂ ਬਾਹਰ ਨੂੰ ਮੁੜਨ ਲੱਗਾ ਤਾਂ ਉਸ ਨੇ ਕਿਹਾ-

    ‘‘ਕਿੰਨੀਆਂ ਕੁ ਕਾਪੀਆਂ ਨੇ?’’

    ‘‘ਇੱਕੋ ਹੀ।’’ ਮੈਂ ਸੰਖੇਪ ਵਿਚ ਕਿਹਾ।
    ‘‘ਲਿਆ ਫੜਾਓ ਫਿਰ!’’ ਇਹ ਗੱਲ ਕਹਿ ਕਿ ਉਸ ਭਲੇ ਪੁਰਸ਼ ਨੇ ਉਹ ਕਾਗਜ਼ ਮੇਰੇ ਕੋਲੋਂ ਲੈ ਲਿਆ। ਉਸ ਦੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੋਣ ਲੱਗੀ ਕਿਉਂਕਿ ਇਸ ਤੋਂ ਪਹਿਲਾਂ ਉਹ ਜਵਾਬ ਦੇ ਚੁੱਕਾ ਸੀ ਅਤੇ ਉਸ ਦੇ ਕਮਰੇ ਵਿਚ ਫੋਟੋ ਸਟੇਟ ਮਸ਼ੀਨ ਨਜ਼ਰ ਵੀ ਨਹੀਂ ਆ ਰਹੀ ਸੀ।

    ਕਾਗਜ਼ ਦੀ ਮੋਬਾਇਲ ਫ਼ੋਨ ਨਾਲ ਫ਼ੋਟੋ ਖਿੱਚੀ

    ਮਨ ਵਿਚ ਪਈ ਮਿਹਰ ਸਦਕਾ ਉਸ ਨੇਕ ਦਿਲ ਮੁਲਾਜ਼ਮ ਨੇ ਆਪਣੀ ਅਕਲ ਅਤੇ ਤਕਨੀਕੀ ਜੁਗਤ ਤੋਂ ਕੰਮ ਲਿਆ। ਪਹਿਲਾਂ ਤਾਂ ਉਸ ਨੇ ਮੇਰੇ ਕਾਗਜ਼ ਦੀ ਮੋਬਾਇਲ ਫ਼ੋਨ ਨਾਲ ਫ਼ੋਟੋ ਖਿੱਚੀ ਅਤੇ ਬਾਅਦ ਵਿਚ ਉਸ ਨੂੰ ਕੰਪਿਊਟਰ ਵਿਚਲੀ ਈਮੇਲ ’ਤੇ ਪਾ ਦਿੱਤਾ। ਈਮੇਲ ’ਤੇ ਪਾਉਣ ਤੋਂ ਬਾਅਦ ਉਸ ਨੇ ਕੰਪਿਊਟਰ ਨਾਲ ਜੁੜੇ ਹੋਏ ਛਾਪਕ ਦੀ ਸਹਾਇਤਾ ਨਾਲ ਇੱਕ ਪਿ੍ਰੰਟ ਕੱਢ ਕੇ ਮੇਰੇ ਹਵਾਲੇ ਕਰ ਦਿੱਤਾ। ਉਸ ਦੀ ਇਸ ਜੁਗਤੀ/ਮਿਹਰਬਾਨੀ ਨਾਲ ਜਿੱਥੇ ਮੇਰਾ ਰੋਮ-ਰੋਮ ਉਸ ਮੁਲਾਜ਼ਮ ਵੀਰ ਦਾ ਧੰਨਵਾਦੀ ਹੋ ਗਿਆ, ਉੱਥੇ ਇਸ ਗੱਲ ਨਾਲ ਵੀ ਸਹਿਮਤ ਹੋਣੋ ਨਾ ਰਹਿ ਸਕਿਆ ਕਿ ‘ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ’ ਅਜੇ ਵੀ ਕੁੱਝ ਕਰਮਚਾਰੀ ਹਨ ਜਿਹੜੇ ਦਫ਼ਤਰਾਂ ਵਿਚ ਬਹਿ ਕਰਮ ਕਮਾ ਰਹੇ ਹਨ ਅਤੇ ਦੂਸਰੇ ਪਾਸੇ ਟਰਕਾਉਣ ਵਾਲਿਆਂ ਦੀ ਕੋਈ ਘਾਟ ਨਹੀਂ।

    ਰਮੇਸ਼ ਬੱਗਾ ਚੋਹਲਾ
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here