Kargil Vijay Diwas: ਮਾਲਵਾ ਪੱਟੀ ਨਾਲ ਸਬੰਧਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

Kargil Vijay Diwas
ਬਠਿੰਡਾ: ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ, ਏਡੀਸੀ ਲਤੀਫ ਅਹਿਮਦ ਅਤੇ ਹੋਰ।

ਬਠਿੰਡਾ ਤੋਂ ਇਲਾਵਾ 9 ਜ਼ਿਲ੍ਹਿਆਂ ’ਚੋਂ ਪੁੱਜੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ

(ਸੁਖਜੀਤ ਮਾਨ) ਬਠਿੰਡਾ। ਸਾਲ 1999 ’ਚ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਾਰਗਿਲ ’ਚ ਹੋਈ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਜ ਇੱਥੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਜੋਨ ਪੱਧਰ ’ਤੇ ਮਨਾਏ ਗਏ ਵਿਜੈ ਦਿਵਸ ਦੀ ਸਿਲਵਰ ਜੁਬਲੀ ਦੇ ਸਮਾਰੋਹ ’ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਠਿੰਡਾ ਤੋਂ ਇਲਾਵਾ ਪਟਿਆਲਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਮਾਨਸਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰ, ਨਕਾਰਾ ਹੋਏ ਸੈਨਿਕਾਂ ਅਤੇ ਪੁਰਸਕਾਰ ਵਿਜੇਤਾਵਾਂ ਨੇ ਸ਼ਿਰਕਤ ਕੀਤੀ। (Kargil Vijay Diwas)

ਇਹ ਵੀ ਪੜ੍ਹੋ: ਕਾਰਗਿਲ ਦਿਵਸ ’ਤੇ ਵਿਸ਼ੇਸ਼: ‘ਮਰ ਤਾਂ ਇੱਥੇ ਵੀ ਜਾਣਾ ਸੀ, ਉਹ ਦੇਸ਼ ਲਈ ਸ਼ਹੀਦ ਹੋਇਆ ਹੈ’

ਇਸ ਮੌਕੇ ਸੰਬੋਧਨ ਕਰਦਿਆਂ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਸ਼ਹੀਦਾਂ ਵੱਲੋਂ ਦੇਸ਼ ਲਈ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੇ ਦੁਸ਼ਮਣ ਨੇ ਸਾਡੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ ਕੀਤੀ ਹੈ ਤਾਂ ਸਾਡੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਅਸੀਂ ਅੱਜ ਕਾਰਗਲ ਜੰਗ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਨਾਲ ਹੀ ਜਿਹੜੀਆਂ ਫੌਜਾਂ ਇਸ ਸਮੇਂ ਉਥੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ, ਉਨ੍ਹਾਂ ਦਾ ਵੀ ਅਸੀਂ ਹੌਸਲਾ ਵਧਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ, ਪੂਰਾ ਹਿੰਦੋਸਤਾਨ ਤੁਹਾਡੇ ਨਾਲ ਹੈ ਅਤੇ ਆਪ ਦੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਵਿਧਾਇਕ ਸ. ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਤੀਫ਼ ਅਹਿਮਦ, ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵੱਲੋਂ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ, ਨਕਾਰਾ ਹੋਏ ਸੈਨਿਕਾਂ ਤੇ ਪੁਰਸਕਾਰ ਵਿਜੇਤਾਵਾਂ ਨੂੰ 5100 ਰੁਪਏ ਦੇ ਚੈੱਕ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੈਨਿਕ ਇੰਸਟੀਚਿਊਟ ਆਫ਼ ਮੈਨੇਜੇਮੈਂਟ ਅਤੇ ਟੈਕਨਾਲੋਜੀ ਦੀਆਂ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਦੇ ਨਗਮੇ ਗਾਏ ਗਏ ਅਤੇ ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਨੂੰ ਸਮਾਪਤੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਐਡਵੋਕੇਟ ਸੁਖਦੀਪ ਸਿੰਘ (ਕੌਂਸਲਰ) ਅਤੇ ਸਮਾਜ ਸੇਵੀ ਜਗਦੀਸ਼ ਸਿੰਘ (ਜਰਨਲ ਸੈਕਟਰੀ) ਅਤੇ ਸਮੂਹ ਸਟਾਫ ਹਾਜ਼ਰ ਸੀ। Kargil Vijay Diwas