ਸਿਮਰਜੀਤ ਸਿੰਘ ਬੈਂਸ ਕਰ ਸਕਦੇ ਹਨ ਆਤਮ ਸਮਰਪਣ
(ਰਘਬੀਰ ਸਿੰਘ) ਲੁਧਿਆਣਾ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਭਗੌੜੇ ਹਲਕਾ ਆਤਮਨਗਰ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ (Karamjit Remanded) ਨੂੰ ਕੋਰਟ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਿਮਰਜੀਤ ਸਿੰਘ ਬੈਂਸ ਕੱਲ੍ਹ ਆਤਮ ਸਮਰਪਣ ਕਰ ਸਕਦਾ ਹੈ। ਅੱਜ ਬੈਂਸ ਦੇ ਭਰਾ ਨੂੰ ਡਿਊਟੀ ਮੈਜਿਸਟਰੇਟ ਸਿਵਾਂਗੀ ਸੰਗਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਸਿਕਾਇਤਕਰਤਾ ਔਰਤ ਦੇ ਵਕੀਲ ਪਰਮਿੰਦਰ ਸਿੰਘ ਲਾਡੀ ਤੇ ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਪਵਨ ਗੇਈ ਨੇ ਲੰਮੀ ਬਹਿਸ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਬੈਂਸ ਕੱਲ੍ਹ ਯਾਨੀ ਸੋਮਵਾਰ ਨੂੰ ਆਤਮ-ਸਮਰਪਣ ਕਰ ਸਕਦੇ ਹਨ। ਕਰੀਬ ਅੱਧੇ ਘੰਟੇ ਤਕ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਕਰਮਜੀਤ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸਿਕਾਇਤਕਰਤਾ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਮੁਲਜ਼ਮ ਦਾ ਪੁਲਿਸ ਰਿਮਾਂਡ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਮੋਬਾਈਲ ਬਰਾਮਦ ਕਰਨਾ ਬਹੁਤ ਜ਼ਰੂਰੀ ਹੈ। ਮੋਬਾਈਲ ਤੋਂ ਔਰਤ ਨੂੰ ਅਸਲੀਲ ਐਸਐਮਐਸ ਭੇਜੇ ਗਏ ਸਨ। ਇਸ ਤੋਂ ਇਲਾਵਾ ਅਜੇ ਤੱਕ ਕੋਈ ਹੋਰ ਦੋਸ਼ੀ ਨਹੀਂ ਫੜਿਆ ਗਿਆ ਹੈ ਜਿਸ ਬਾਰੇ ਪੁੱਛਗਿੱਛ ਕੀਤੀ ਜਾਣੀ ਜ਼ਰੂਰੀ ਹੈ।
ਸਿਕਾਇਤਕਰਤਾ ਦੇ ਵਕੀਲ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ ਇਹ ਮੁਲਜ਼ਮ ਕਰਮਜੀਤ ਸਿੰਘ ਬੈਂਸ ਕਿੱਥੇ ਰੁਕਿਆ ਤੇ ਕਿਸ ਨੇ ਉਸਦੀ ਮੱਦਦ ਕੀਤੀ। ਜਦੋਂਕਿ ਅਦਾਲਤ ‘ਚ ਮੁਲਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਦਾਲਤ ‘ਚ ਚਾਰਜਸੀਟ ਦਾਇਰ ਹੋ ਚੁੱਕੀ ਹੈ, ਇਸ ਲਈ ਪੁਲਿਸ ਰਿਮਾਂਡ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਬਾਕੀ ਲੋਕਾਂ ਅੰਦਰ ਇਹ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਹੋ ਸਕਦਾ ਹੈ ਆਪਣੇ ਭਰਾ ਦੀ ਗਿਰਫਤਾਰੀ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੀ ਕਲ੍ਹ ਆਤਮ ਸਮਰਪਣ ਕਰ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ