ਮਾਂ ਦੇ ਕਤਲ ’ਚ ਪੁੱਤਰ ਅਤੇ ਨੂੰਹ ਕਾਬੂ, ਪੁਲਿਸ ਨੇ 1 ਸਤੰਬਰ ਤੱਕ ਦਾ ਲਿਆ ਰਿਮਾਂਡ
(ਅਨਿਲ ਲੁਟਾਵਾ) ਅਮਲੋਹ। ਬੀਤੇ 28 ਅਗਸਤ ਦੀ ਰਾਤ ਨੂੰ ਅਮਲੋਹ ਦੇ ਵਾਰਡ ਨੰਬਰ 13 ਵਿਖੇ ਭੇਦਭਰੀ ਹਾਲਤ ਵਿਚ ਹੋਏ ਇੱਕ 54 ਸਾਲਾਂ ਔਰਤ ਭੋਲੀ ਗੋਇਲ ਦੇ ਕਤਲ (Murder) ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਅੱਜ ਮ੍ਰਿਤਕ ਔਰਤ ਦੇ ਪੁੱਤਰ ਹਨੀ ਗੋਇਲ ਅਤੇ ਨੂੰਹ ਆਰਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਕੀ ਹੈ ਮਾਮਲਾ : (Murder)
28 ਅਗਸਤ ਦੀ ਰਾਤ ਤਕਰੀਬਨ 7:30 ਵਜੇ ਅਮਲੋਹ ਸ਼ਹਿਰ ਦੇ ਵਾਰਡ ਨੰ 13 ਦੀ ਰਹਿਣ ਵਾਲੀ ਭੋਲੀ ਗੋਇਲ ਉਮਰ ਤਕਰੀਬਨ 54 ਸਾਲ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਕਤਲ (Murder) ਕਰ ਦਿੱਤਾ ਗਿਆ ਸੀ।
ਜਿਸ ਦੀ ਸਿਕਾਇਤ ਮ੍ਰਿਤਕ ਔਰਤ ਭੋਲੀ ਗੋਇਲ ਦੇ ਪਤੀ ਨੇ ਥਾਣੇ ’ਚ ਦਿੱਤੀ ਸੀ, ਜਿਸ ਦੇ ਬਿਆਨਾਂ ਅਨੁਸਾਰ ਰਾਤ 7:30 ਵਜੇ ਦੇ ਕਰੀਬ 4 ਅਣਪਛਾਤੇ ਵਿਅਕਤੀ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਉਨ੍ਹਾ ਦੇ ਘਰ ਆਏ ਤੇ ਮ੍ਰਿਤਕ ਤੇ ਚਾਕੂਆਂ ਨਾਲ ਵਾਰ ਸ਼ੁਰੂ ਕਰ ਦਿੱਤੇ ਤੇ ਮ੍ਰਿਤਕ ਭੋਲੀ ਗੋਇਲ ਦੀ ਰੋਣ ਦੀ ਅਵਾਜ਼ ਸੁਣ ਕੇ ਮਕਾਨ ਦੀ ਪਹਿਲੀ ਮੰਜਿਲ ’ਤੇ ਰਹਿੰਦੇ ਉਸ ਦੇ ਛੋਟੇ ਲੜਕੇ ਨੇ ਜਦੋਂ ਥੱਲੇ ਆ ਕੇ ਦੇਖਿਆ ਤਾਂ ਕਿ ਮ੍ਰਿਤਕ ਔਰਤ ਖੂਨ ਨਾਲ ਲੱਥਪੱਥ ਸੀ ਤੇ ਉਕਤ ਅਣਪਛਾਤੇ ਵਿਅਕਤੀ ਲੜਕੇ ਦੀ ਬਾਂਹ ’ਤੇ ਚਾਕੂ ਨਾਲ ਹਮਲਾ ਕਰਕੇ ਭੱਜ ਗਏ ਸਨ। ਜਿਸ ਤਹਿਤ ਥਾਣਾ ਮੁਖੀ ਵਿਨੋਦ ਕੁਮਾਰ ਨੇ ਬਿਆਨਾਂ ਦੇ ਅਧਾਰ ’ਤੇ 4 ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਕੀ ਕਹਿਣਾ ਹੈ ਥਾਣਾ ਮੁਖੀ ਵਿਨੋਦ ਕੁਮਾਰ ਦਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਥਾਣਾ ਅਮਲੋਹ ਵੱਲੋਂ ਮ੍ਰਿਤਕ ਔਰਤ ਦੇ ਪਤੀ ਧਰਮਵੀਰ ਗੋਇਲ ਪੁੱਤਰ ਹੇਮ ਰਾਜ ਵਾਸੀ ਵਾਰਡ ਨੰਬਰ 13 ਅਮਲੋਹ ਦੇ ਬਿਆਨਾਂ ਦੇ ਆਧਾਰ ’ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302, 34 ਆਈ.ਪੀ.ਸੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੇ ਕਿਹਾ ਕਿ ਉਸ ਦੀ ਪਤਨੀ ਭੋਲੀ ਗੋਇਲ ਦਾ ਕਤਲ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪੁੱਤਰ ਨੇ ਝੂਠੀ ਕਹਾਣੀ ਬਣਾਈ ਸੀ ਕਿ 4 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਮਾਂ ਦਾ ਕਤਲ ਕੀਤਾ ਗਿਆ ਹੈ ਅਤੇ ਬਚਾਓ ਕਰਦੇ ਸਮੇਂ ਉਸ ਨੂੰ ਵੀ ਜਖ਼ਮੀ ਕੀਤਾ ਗਿਆ।
ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਮ੍ਰਿਤਕ ਔਰਤ ਦੇ ਪੁੱਤਰ ਹਨੀ ਗੋਇਲ ਅਤੇ ਨੂੰਹ ਆਰਤੀ ਵੱਲੋਂ ਹੀ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੇ ਆਪਣਾ ਜ਼ੁਰਮ ਵੀ ਕਬੂਲ ਲਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਦੌਰਾਨ ਵਰਤਿਆਂ ਚਾਕੂ ਵੀ ਬਰਾਮਦ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਅਮਲੋਹ ਵਿਖੇ ਅੱਜ ਪੇਸ਼ ਕਰਕੇ 1 ਸਤੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ